ਅਧਿਆਪਕਾਂ ’ਤੇ ਅੱਥਰੂ ਗੈਸ ਤੇ ਲਾਠੀਚਾਰਜ ਕਰਨ ’ਤੇ ਰੋਸ ਪ੍ਰਗਟਾਇਆ
ਅਧਿਆਪਕ ਜਥੇਬੰਦੀਆਂ ਨੇ ਮੁਲਾਜ਼ਮਾਂ ਤੇ ਅਥਰੂ ਗੈਸ ਤੇ ਲਾਠੀਚਾਰਜ ਕਰਨ ਤੇ ਰੋਸ ਪ੍ਰਗਟਾਇਆ
Publish Date: Sun, 08 Mar 2026 09:17 PM (IST)
Updated Date: Sun, 08 Mar 2026 09:21 PM (IST)

ਪੰਜਾਬ ਸਰਕਾਰ ਦੇ ਪਤਨ ਤੱਕ ਚੁੱਪ ਨਹੀਂ ਬੈਠਾਗੇ : ਬੱਧਣ/ਕੋਹਲੀ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਬਜਟ ਵਿਚ ਮੁਲਾਜ਼ਮ ਵਰਗ ਨੂੰ ਕੁਝ ਵੀ ਨਾ ਦੇਣ ਦੇ ਵਿਰੋਧ ਵਿਚ ਚੰਡੀਗੜ੍ਹ ਵਿਖੇ ਵਿਧਾਨ ਸਭਾ ਦਾ ਘਿਰਾਓ ਕਰਨ ਜਾਂਦੇ ਤੇ ਪੰਜਾਬ ਸਰਕਾਰ ਦੇ ਵਿਰੁੱਧ ਨਾਅਰੇਬਾਜ਼ੀ ਕਰਦੇ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ’ਤੇ ਪੰਜਾਬ ਪੁਲਿਸ ਨੇ ਜਲ ਤੋਪਾਂ ਤੇ ਲਾਠੀਆਂ ਵਰ੍ਹਾਈਆਂ। ਇਸ ਦੇ ਖਿਲਾਫ ਜੀਟੀਯੂ ਦੇ ਜ਼ਿਲ੍ਹਾ ਪ੍ਰਧਾਨ ਸੁਖਚੈਨ ਸਿੰਘ ਬੱਧਣ, ਤਰਮਿੰਦਰ ਸਿੰਘ ਮੱਲੀ, ਮਾਸਟਰ ਕੇਡਰ ਯੂਨੀਅਨ ਦੇ ਬਲਾਕ ਪ੍ਰਧਾਨ ਮਾਸਟਰ ਨਰੇਸ਼ ਕੋਹਲੀ ਨੇ ਤਿੱਖੇ ਸ਼ਬਦਾਂ ਵਿਚ ਨਿੰਦਾ ਕਰਦਿਆਂ ਇਸ ਨੂੰ ਪੰਜਾਬ ਸਰਕਾਰ ਦੀ ਇਕ ਬੇਹੱਦ ਤਾਨਾਸ਼ਾਹੀ ਤੇ ਲੋਕਤੰਤਰ ਦੇ ਵਿਰੁੱਧ ਕਾਰਵਾਈ ਦੱਸਦਿਆਂ ਰੋਸ ਪ੍ਰਗਟ ਕੀਤਾ। ਮਾਸਟਰ ਨਰੇਸ਼ ਕੋਹਲੀ ਨੇ ਕਿਹਾ ਕਿ 2022 ਵਿਚ ਲਾਰੇ ਲਗਾ ਕੇ ਆਮ ਆਦਮੀ ਪਾਰਟੀ ਸੱਤਾ ਵਿਚ ਆਈ ਸੀ ਤੇ ਅੱਜ ਉਨ੍ਹਾਂ ਵਾਅਦਿਆਂ ਨੂੰ ਪੈਰਾਂ ਥੱਲੇ ਰੌਂਦ ਕੇ ਮੁਲਾਜ਼ਮਾਂ ’ਤੇ ਤਸ਼ੱਦਦ ਕੀਤਾ ਗਿਆ ਹੈ, ਜੋ ਕਿ ਸੂਬਾ ਸਰਕਾਰ ਦੇ ਪਤਨ ਦੀ ਕਹਾਣੀ ਹੈ ਜਿਸ ਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ। ਅਧਿਆਪਕ ਆਗੂਆਂ ਨੇ ਕਿਹਾ ਕਿ 2022 ਵਿਚ ਅਕਾਲੀ ਦਲ ਤੇ ਕਾਂਗਰਸ ਸਰਕਾਰ ਤੋਂ ਦੁਖੀ ਹੋ ਕੇ ਸਰਕਾਰ ਨੂੰ ਬਹੁਤ ਉਮੀਦਾਂ ਨਾਲ ਲਿਆਂਦਾ ਸੀ ਕਿ ਇਹ ਸਰਕਾਰ ਮੁਲਾਜ਼ਮ ਵਰਗ ਦੀ ਸੁਣੇਗੀ ਤੇ ਉਨ੍ਹਾਂ ਦੀਆਂ ਚਿਰਾਂ ਤੋਂ ਚੱਲੀਆਂ ਆ ਰਹੀਆਂ ਮੰਗਾਂ ਨੂੰ ਪੂਰਾ ਕਰੇਗੀ। ਉਨ੍ਹਾਂ ਕਿਹਾ ਕਿ ਇਸ ਸਰਕਾਰ ਨੇ ਤਾਂ ਪਹਿਲਾਂ ਵਾਲੀਆਂ ਸਰਕਾਰਾਂ ਨੂੰ ਵੀ ਪਿੱਛੇ ਛੱਡ ਦਿੱਤਾ ਹੈ, ਜਿਸ ਕਾਰਨ ਸੂਬੇ ਦਾ ਹਰ ਮੁਲਾਜ਼ਮ ਬਹੁਤ ਹੀ ਤੰਗ ਤੇ ਦੁਖੀ ਹੈ। ਜੀਟੀਯੂ ਦੇ ਜ਼ਿਲ੍ਹਾ ਪ੍ਰਧਾਨ ਸੁਖਚੈਨ ਸਿੰਘ ਬੱਧਣ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਖਿਲਾਫ ਮੰਗਾਂ ਨੂੰ ਮੰਨਣ ਲਈ ਰੋਸ ਰੈਲੀ ਵਿਚ ਜਾਂਦੇ ਗੌਰਮਿੰਟ ਟੀਚਰ ਯੂਨੀਅਨ (ਜੀਟੀਯੂ) ਦੇ ਸੁਬਾਈ ਆਗੂ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਦੀ ਪੱਗ ਉਤਾਰਨ ਤੇ ਜਲ ਤੋਪਾਂ ਨਾਲ ਕੀਤੇ ਹਮਲੇ ਨੂੰ ਪੰਜਾਬ ਸਰਕਾਰ ਦੀ ਬੇਹੱਦ ਕਾਇਰਤਾ ਵਾਲੀ ਕਾਰਵਾਈ ਦੱਸਿਆ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ’ਤੇ ਅਥਰੂ ਗੈਸ ਦੇ ਗੋਲੇ ਵੀ ਛੱਡੇ ਗਏ, ਜਿਸ ਦੌਰਾਨ ਕਈ ਮਹਿਲਾਵਾਂ ਜ਼ਖਮੀ ਵੀ ਹੋ ਗਈਆਂ। ਕਈ ਮੁਲਾਜ਼ਮ ਚੱਕਰ ਖਾ ਕੇ ਡਿੱਗ ਪਏ ਤੇ ਉਨ੍ਹਾਂ ਨੂੰ ਹਸਪਤਾਲ ਵੀ ਲੈ ਕੇ ਜਾਣਾ ਪਿਆ। ਉਨ੍ਹਾਂ ਕਿਹਾ ਕਿ ਮੁਲਾਜ਼ਮ ਵਰਗ ਨੂੰ ਪੂਰਾ ਭਰੋਸਾ ਸੀ ਕਿ ਪੰਜਾਬ ਸਰਕਾਰ ਆਪਣੇ ਆਖਰੀ ਬਜਟ ਵਿਚ ਮੁਲਾਜ਼ਮ ਵਰਗ ਲਈ ਕੁਝ ਜ਼ਰੂਰ ਸੋਚੇਗੀ ਪ੍ਰੰਤੂ ਇਸ ਸਰਕਾਰ ਨੇ ਤਾਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ ਤੇ ਅੱਜ ਮਹਿਲਾ ਦਿਵਸ ’ਤੇ ਆਸ਼ਾ ਵਰਕਰ, ਮਿਡ ਡੇ ਮੀਲ ਵਰਕਰ ਤੇ ਹੋਰ ਮਹਿਲਾਵਾਂ ’ਤੇ ਜ਼ੁਲਮ ਕੀਤੇ। ਉਨ੍ਹਾਂ ਕਿਹਾ ਕਿ ਇਸ ਸਰਕਾਰ ਨੇ ਸਾਬਤ ਕਰ ਦਿੱਤਾ ਹੈ ਕਿ ਇਹ ਆਮ ਲੋਕਾਂ ਦੀ ਸਰਕਾਰ ਨਹੀਂ ਤੇ ਇਹ ਦਿੱਲੀ ਦੇ ਕਾਰਪੋਰੇਟ ਘਰਾਣਿਆਂ ਦੀ ਸਰਕਾਰ ਹੈ। ਉਨ੍ਹਾਂ ਕਿਹਾ ਕਿ ਇਸ ਸਰਕਾਰ ਨੇ ਸਾਬਤ ਕਰ ਦਿੱਤਾ ਹੈ ਕਿ ਇਹ ਸਰਕਾਰ ਸਭ ਤੋਂ ਵੱਧ ਮੁਲਾਜ਼ਮ ਵਿਰੋਧੀ ਸਰਕਾਰ ਹੈ। ਇਸ ਮੌਕੇ ਸੁਖਚੈਨ ਸਿੰਘ ਬੱਧਣ ਜ਼ਿਲ੍ਹਾ ਪ੍ਰਧਾਨ ਜੀਟੀਯੂ, ਨਰੇਸ਼ ਕੋਹਲੀ ਮਾਸਟਰ ਕੇਡਰ ਯੂਨੀਅਨ, ਜੀਵਨਜੋਤ ਮੱਲੀ, ਜਗਮੋਹਨ ਸਿੰਘ ਜਾਂਗਲਾ, ਤਰਮਿੰਦਰ ਸਿੰਘ ਮੱਲੀ, ਸੁਖਦੇਵ ਸਿੰਘ, ਜਗਜੀਤ ਸਿੰਘ, ਪਰਮਜੀਤ ਲਾਲ, ਗੋਪਾਲ ਕ੍ਰਿਸ਼ਨ, ਮਨੋਜ ਕੁਮਾਰ, ਹਰੀਸ਼ ਕੁਮਾਰ, ਸੁਰਜੀਤ ਸਿੰਘ ਆਦਿ ਵੀ ਹਾਜ਼ਰ ਸਨ।