ਅਧਿਆਪਕ ਦਲ ਵਲੋਂ ਰੰਧਾਵਾ ਦੀ ਮੌਤ ’ਤੇ ਚਿੰਤਾ ਦਾ ਪ੍ਰਗਟਾਵਾ
ਅਧਿਆਪਕ ਦਲ ਪੰਜਾਬ ਵਲੋਂ ਗਗਨਦੀਪ ਸਿੰਘ ਰੰਧਾਵਾ ਦੀ ਮੌਤ ਤੇ ਚਿੰਤਾ ਦਾ ਪ੍ਰਗਟਾਵਾ
Publish Date: Sun, 22 Mar 2026 07:37 PM (IST)
Updated Date: Mon, 23 Mar 2026 04:14 AM (IST)

ਪੰਜਾਬੀ ਜਾਗਰਣ ਪ੍ਰਤੀਨਿਧ, ਫਗਵਾੜਾ : ਬੀਤੇ ਦਿਨ ਗਗਨਦੀਪ ਸਿੰਘ ਰੰਧਾਵਾ ਜ਼ਿਲ੍ਹਾ ਮੈਨੇਜਰ ਪੰਜਾਬ ਰਾਜ ਗੋਦਾਮ ਨਿਗਮ ਵਲੋਂ ਨਾਜਾਇਜ਼ ਰਾਜਨੀਤਿਕ ਦਖ਼ਲਅੰਦਾਜ਼ੀ ਕਾਰਨ ਖੁਦਕੁਸ਼ੀ ਕਰ ਕੇ ਆਪਣੀ ਜ਼ਿੰਦਗੀ ਖਤਮ ਕੀਤੇ ਜਾਣ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹੋਏ ਅਧਿਆਪਕ ਦਲ ਪੰਜਾਬ ਦੇ ਸੂਬਾ ਕਨਵੀਨਰ ਬਾਜ ਸਿੰਘ ਖਹਿਰਾ, ਜਸਵਿੰਦਰ ਸਿੰਘ ਔਲਖ, ਭੁਪਿੰਦਰ ਸਿੰਘ ਨਾਗਰਾ,ਸੂਬਾ ਕਾਰਜਕਾਰੀ ਕਨਵੀਨਰ ਰਵਿੰਦਰਜੀਤ ਸਿੰਘ ਪੰਨੂੰ, ਸਤਨਾਮ ਸਿੰਘ ਰੰਧਾਵਾ ਅਤੇ ਮੁੱਖ ਬੁਲਾਰਾ ਸੁਖਦਿਆਲ ਸਿੰਘ ਝੰਡ ਨੇ ਦੱਸਿਆ ਕਿ ਮੈਨੇਜਰ ਗਗਨਦੀਪ ਸਿੰਘ ਦੀ ਮੌਤ ਸੱਭਿਅਕ ਸਮਾਜ ਲਈ ਬੇਹੱਦ ਦੁਖਦਾਈ ਖ਼ਬਰ ਹੋਣ ਦੇ ਨਾਲ ਨਾਲ ਚਿੰਤਾ ਦਾ ਵਿਸ਼ਾ ਹੈ ਕਿਉਂਕ ਦਿਨ ਬ ਦਿਨ ਸਰਕਾਰੀ ਅਦਾਰਿਆਂ ਵਿੱਚ ਰਾਜਨੀਤਿਕ ਦਖ਼ਲ ਅੰਦਾਜ਼ੀ ਵੱਧ ਰਹੀ ਹੈ ਜਿਸ ਕਾਰਨ ਅਫਸਰਾਂ ਅਤੇ ਮੁਲਾਜ਼ਮਾਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਅਧਿਆਪਕ ਆਗੂਆਂ ਨੇ ਦੱਸਿਆ ਕਿ ਗਗਨਦੀਪ ਸਿੰਘ ਰੰਧਾਵਾ ਦੀ ਖੁਦਕੁਸ਼ੀ ਪੰਜਾਬ ਸਰਕਾਰ ਦੀ ਕਾਰਜ ਪ੍ਰਣਾਲੀ ਤੇ ਸਵਾਲੀਆ ਚਿੰਨ੍ਹ ਹੈ ਕਿਉਂਕ ਆਪ ਸਰਕਾਰ ਵੱਲੋਂ ਸਰਕਾਰੀ ਅਦਾਰਿਆਂ ਵਿੱਚ ਬੇਲੋੜੀ ਦਖਲ ਅੰਦਾਜ਼ੀ ਕਰ ਕੇ ਅਫਸਰਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਜਿਸ ਕਾਰਨ ਸਰਕਾਰੀ ਮੁਲਾਜ਼ਮ ਮਾਨਸਿਕ ਪ੍ਰੇਸ਼ਾਨੀ ਵਿੱਚ ਆਪਣੀ ਡਿਊਟੀ ਨਿਭਾ ਰਹੇ ਹਨ। ਅਧਿਆਪਕ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰੀ ਅਦਾਰਿਆਂ ਵਿੱਚ ਕੰਮ ਕਰ ਰਹੇ ਅਫ਼ਸਰਾਂ ਅਤੇ ਮੁਲਾਜ਼ਮਾਂ ਤੇ ਪਾਇਆ ਜਾ ਰਿਹਾ ਬੇਲੋੜਾ ਰਾਜਨੀਤਿਕ ਦਬਾਅ ਬੰਦ ਕੀਤਾ ਜਾਵੇ ਤਾਂ ਜੋ ਸਰਕਾਰੀ ਮੁਲਾਜ਼ਮ ਆਪਣੀਆਂ ਸੇਵਾਵਾਂ ਸਹੀ ਤਰੀਕੇ ਨਾਲ ਨਿਭਾ ਸਕਣ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਗਗਨਦੀਪ ਸਿੰਘ ਰੰਧਾਵਾ ਨੂੰ ਤੰਗ ਪ੍ਰੇਸ਼ਾਨ ਕਰਨ ਵਾਲੇ ਤੇ ਖੁਦਕੁਸ਼ੀ ਲਈ ਮਜਬੂਰ ਕਰਨ ਵਾਲੇ ਦੋਸ਼ੀਆਂ ਖਿਲਾਫ ਸਖਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।