ਤਰੱਕੀਆਂ ਤੇ ਲਗਾਈ ਟੈਸਟ ਦੀ ਸ਼ਰਤ ਦਾ ਅਧਿਆਪਕਾਂ ਵੱਲੋਂ ਡਟਵਾਂ ਵਿਰੋਧ
ਤਰੱਕੀਆਂ ਤੇ ਲਗਾਈ ਟੈਸਟ ਦੀ ਸ਼ਰਤ ਦਾ ਅਧਿਆਪਕਾਂ ਵੱਲੋਂ ਡਟਵਾਂ ਵਿਰੋਧ
Publish Date: Mon, 09 Feb 2026 07:40 PM (IST)
Updated Date: Mon, 09 Feb 2026 07:41 PM (IST)

ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਫਗਵਾੜਾ ਦੇ ਸਥਾਨਕ ਬਲਾਕ ਪ੍ਰਾਇਮਰੀ ਸਿੱਖਿਆ ਦਫਤਰ ਦੇ ਮੂਹਰੇ ਬਲਾਕ ਦੇ ਅਧਿਆਪਕਾਂ ਨੇ ਸਥਾਨਕ ਆਗੂਆਂ ਗੁਰਮੁਖ ਲੋਕਪ੍ਰੇਮੀ, ਗਣੇਸ਼ ਭਗਤ, ਜਤਿੰਦਰ ਕੁਮਾਰ, ਮੀਨਾ ਪ੍ਰਭਾਕਰ, ਸੁਰਿੰਦਰ ਰਾਮ, ਰਛਪਾਲ ਸਿੰਘ ਤੇ ਪਰਮਿੰਦਰ ਪਾਲ ਸਿੰਘ ਆਦਿ ਦੀ ਅਗਵਾਈ ਵਿਚ ਪਿਛਲੇ ਦਿਨੀਂ ਜਾਰੀ ਹੋਏ ਟੀਈਟੀ ਟੈਸਟ ਸਬੰਧੀ ਸਰਕਾਰੀ ਪੱਤਰਾਂ ਦੀਆਂ ਕਾਪੀਆਂ ਫੂਕੀਆਂ। ਅਧਿਆਪਕਾਂ ਦੇ ਭਰਵੇਂ ਇਕੱਠ ਨੇ ਕੇਂਦਰ ਤੇ ਪੰਜਾਬ ਸਰਕਾਰ ਵਿਰੁੱਧ ਜ਼ਬਰਦਸਤ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸਥਾਨਕ ਆਗੂਆਂ ਨੇ ਦੱਸਿਆ ਇਸ ਮਾਰੂ ਪੱਤਰ ਅਨੁਸਾਰ ਹੁਣ ਅਧਿਆਪਕਾਂ ਨੂੰ ਕਿਸੇ ਵੀ ਪ੍ਰਕਾਰ ਦੀ ਤਰੱਕੀ ਲੈਣ ਲਈ ਟੀਚਰ ਐਲੀਜੀਬਿਲਟੀ ਟੈਸਟ (ਟੈਟ) ਪਾਸ ਕਰਨਾ ਜ਼ਰੂਰੀ ਹੋਵੇਗਾ ਜਦਕਿ ਭਰਤੀ ਸਮੇਂ ਹਰ ਅਧਿਆਪਕ ਨਿਯਮਾਂ ਤੇ ਸ਼ਰਤਾਂ ਅਨੁਸਾਰ ਹੀ ਭਰਤੀ ਹੁੰਦਾ ਹੈ, ਫਿਰ ਉਸ ਉੱਪਰ ਹੋਰ ਕਿਸੇ ਤਰ੍ਹਾਂ ਦਾ ਕੋਈ ਟੈਸਟ ਲਾਗੂ ਨਹੀਂ ਹੁੰਦਾ ਜਦਕਿ ਤਰੱਕੀ ਦੀ ਪ੍ਰਕਿਰਿਆ ਉਸਦੀ ਯੋਗਤਾ ਤੇ ਸੀਨੀਆਰਤਾ ’ਤੇ ਅਧਾਰਿਤ ਹੁੰਦੀ ਹੈ। ਇਹ ਟੈਸਟ ਸਰਕਾਰ ਜਾਣਬੁੱਝ ਕੇ ਅਧਿਆਪਕਾਂ ਨੂੰ ਉਲਝਾਉਣ, ਤੰਗ-ਪਰੇਸ਼ਾਨ ਕਰਨ, ਪੁਰਾਣੇ-ਨਵੇਂ ਦੀਆਂ ਵੰਡੀਆਂ ਪਾਉਣ ਤੇ ਫਾਲਤੂ ਦੇ ਬੋਝ ਹੇਠਾਂ ਦੱਬਣ ਦੀ ਕੋਝੀ ਸਾਜਿਸ਼ ਤਹਿਤ ਲਾਗੂ ਕਰ ਰਹੀ ਹੈ। ਅਧਿਆਪਕ ਜਥੇਬੰਦੀਆਂ ਇਸ ਬੇਲੋੜੀ ਸ਼ਰਤ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਨਗੀਆਂ ਤੇ ਇਸ ਦਾ ਡਟਵਾਂ ਵਿਰੋਧ ਕੀਤਾ ਜਾਏਗਾ। ਆਗੂਆਂ ਨੇ ਦੱਸਿਆ ਕਿ ਸਰਕਾਰ ਪਿਛਲੀਆਂ ਮੰਗਾਂ ਜਿਵੇਂ ਕਿ ਪੁਰਾਣੀ ਪੈਨਸ਼ਨ ਲਾਗੂ ਕਰਨ, ਦੱਬਿਆ ਹੋਇਆ ਡੀਏ ਜਾਰੀ ਕਰਨ, ਖੋਹੇ ਹੋਏ ਭੱਤੇ ਬਹਾਲ ਕਰਨ ਤੇ ਕੇਂਦਰ ਦੇ ਸਕੇਲ ਹਟਾਉਣ ਦੀਆਂ ਚਿਰੋਕਣੀਆਂ ਮੰਗਾਂ ਤੋਂ ਭੱਜਦੀ ਹੋਈ ਮੰਗਾਂ-ਮਸਲੇ ਹੱਲ ਕਰਨ ਦੀ ਬਜਾਏ ਉੱਪਰੋਂ ਇਸ ਤਰ੍ਹਾਂ ਦੇ ਪੁੱਠੇ-ਸਿੱਧੇ ਫੁਰਮਾਨ ਜਾਰੀ ਕਰ ਰਹੀ ਹੈ। ਉਨ੍ਹਾਂ ਜਾਣਕਾਰੀ ਦਿੱਤੀ ਕਿ ਵਿੱਤੀ ਮੰਗਾਂ ਮਨਵਾਉਣ ਤੇ ਤਰੱਕੀ ਵਿਚ ਥੋਪੀਆਂ ਬੇਲੋੜੀਆਂ ਸ਼ਰਤਾਂ ਦਾ ਵਿਰੋਧ ਕਰਨ ਲਈ 15 ਫਰਵਰੀ ਨੂੰ ਸੰਗਰੂਰ ਤੇ 22 ਫਰਵਰੀ ਨੂੰ ਸ੍ਰੀ ਅਨੰਦਪੁਰ ਸਾਹਿਬ ਵੱਡੇ ਇਕੱਠ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਅਧਿਆਪਕ ਲਹਿਰ ਨੂੰ ਤਨ ਮਨ ਧਨ ਨਾਲ ਸੰਘਰਸ਼ਾਂ ਵਿਚ ਜੁਟਣ ਦੀ ਅਪੀਲ ਕੀਤੀ। ਇਸ ਮੌਕੇ ਮਨਜੀਤ ਲਾਲ, ਬਿਕਰਮਜੀਤ ਸਿੰਘ, ਰਾਮਪਾਲ, ਪ੍ਰੀਤੀ ਕੌਸ਼ਲ, ਸੋਨੀਆ ਸੋਨੀ, ਕਮਲੇਸ਼ ਕੁਮਾਰੀ, ਲਖਵਿੰਦਰ ਸਿੰਘ, ਗੌਰਵ ਰਠੌਰ, ਗੁਰਮੀਤ ਸਿੰਘ, ਅਕਬਰ ਖਾਨ, ਸੁਰਿੰਦਰ ਕੁਮਾਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਅਧਿਆਪਕ ਸ਼ਾਮਲ ਸਨ।