ਵਾਅਦਾ ਖਿਲਾਫੀ ਕਰਨ ’ਤੇ ਅਧਿਆਪਕਾਂ ਫੂਕਿਆ ਸਿੱਖਿਆ ਮੰਤਰੀ ਦਾ ਪੁਤਲਾ
ਸਿੱਖਿਆ ਮੰਤਰੀ ਵੱਲੋਂ ਮੀਟਿੰਗ ਦੇ ਕੇ ਮੁਕਰਨ ਖਿਲਾਫ ਅਧਿਆਪਕਾਂ ਵੱਲੋਂ ਸਿੱਖਿਆ ਮੰਤਰੀ ਦਾ ਪੁਤਲਾ ਫੂਕਿਆ
Publish Date: Mon, 02 Mar 2026 09:04 PM (IST)
Updated Date: Mon, 02 Mar 2026 09:04 PM (IST)

ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਲੰਬੇ ਸਮੇਂ ਤੋਂ ਸਰਕਾਰੀ ਸੇਵਾਵਾਂ ਨਿਭਾ ਰਹੇ ਪੱਕੇ ਅਧਿਆਪਕਾਂ ਉੱਪਰ ਟੈੱਟ ਦੀ ਬੇਲੋੜੀ ਸ਼ਰਤ ਜ਼ਬਰੀ ਥੋਪਣ ਖ਼ਿਲਾਫ਼ ਸੂਬਾ ਭਰ ਵਿਚ ਅਧਿਆਪਕਾਂ ਨੇ ਰੋਸ ਮੁਜ਼ਾਹਰੇ ਕੀਤੇ। ਅਧਿਆਪਕ ਆਗੂਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 22 ਫਰਵਰੀ ਦੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੂਬਾ ਪੱਧਰੀ ਮਹਾਂਰੈਲੀ ਦੇ ਦਬਾਅ ਸਦਕਾ ਜਥੇਬੰਦੀਆਂ ਨੂੰ ਮਿਲੇ ਮੀਟਿੰਗ ਦੇ ਭਰੋਸੇ ਤੋਂ ਸਿੱਖਿਆ ਮੰਤਰੀ ਦੇ ਮੁਕਰ ਜਾਣ ਕਾਰਨ ਸੂਬੇ ਦੇ ਹਜ਼ਾਰਾਂ ਅਧਿਆਪਕਾਂ ਅੰਦਰ ਗੁੱਸੇ ਦੀ ਲਹਿਰ ਹੈ। ਆਪਣੇ ਰੋਹ ਦੇ ਪ੍ਰਗਟਾਵੇ ਲਈ ਅੱਜ ਸ਼ਾਲਾਮਰ ਬਾਗ਼ ਵਿਖੇ ਅਧਿਆਪਕਾਂ ਦੇ ਭਰਵੇਂ ਮੁਜ਼ਾਹਰੇ ਵਿਚ ਇਕੱਠ ਨੂੰ ਸੰਬੋਧਨ ਕਰਦੇ ਹੋਏ ਡੈਮੋਕ੍ਰੇਟਿਕ ਟੀਚਰਸ ਫ਼ਰੰਟ ਦੇ ਜ਼ਿਲ੍ਹਾ ਪ੍ਰਧਾਨ ਚਰਨਜੀਤ ਸਿੰਘ ਤੇ ਸੀਨੀਅਰ ਮੀਤ ਪ੍ਰਧਾਨ ਜਯੋਤੀ ਮਹਿੰਦਰੂ ਨੇ ਕਿਹਾ ਕਿ ਸਰਕਾਰ ਦੀਆਂ ਸ਼ਰਤਾਂ ਤੇ ਨਿਯਮ ਪੂਰੇ ਕਰ ਕੇ ਭਰਤੀ ਹੋਏ ਤੇ 20-20 ਸਾਲ ਤੋਂ ਨੌਕਰੀ ਕਰ ਰਹੇ ਅਧਿਆਪਕਾਂ ਉੱਪਰ ਸੁਪਰੀਮ ਕੋਰਟ ਦਾ ਗ਼ੈਰ ਕੁਦਰਤੀ ਫ਼ੈਸਲਾ ਲਾਗੂ ਕਰ ਦੇਣਾ ਪੰਜਾਬ ਸਰਕਾਰੀ ਦੀ ਮੱਕਾਰੀ ਨੂੰ ਦਰਸਾਉਂਦਾ ਹੈ। ਵੱਡੀ ਗਿਣਤੀ ਵਿਚ ਅਧਿਆਪਕਾਂ ਨੇ ਰੋਹ ਭਰਪੂਰ ਮੁਜ਼ਾਹਰਾ ਕਰਨ ਉਪਰੰਤ ਸਿੱਖਿਆ ਮੰਤਰੀ ਦਾ ਪੁਤਲਾ ਫੂਕਿਆ। ਜੁਆਇੰਟ ਸਕੱਤਰ ਹਰਪ੍ਰੀਤਪਾਲ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੇ ਭਰਤੀ ਕੀਤੇ ਅਧਿਆਪਕਾਂ ਦੀਆਂ ਨੌਕਰੀਆਂ ਬਚਾਉਂਣ ਦੀ ਥਾਂ ਉਨ੍ਹਾਂ ਨੂੰ ਨੌਕਰੀਆਂ ਤੋਂ ਕੱਢਣ ਦੀ ਕਾਹਲੀ ਵਿਚ ਹੈ, ਜੋ ਕਿ ਅਧਿਆਪਕ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਆਗੂਆਂ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਇਸ ਗ਼ੈਰ ਕੁਦਰਤੀ ਫੈਸਲੇ ਨਾਲ ਦੇਸ਼ ਭਰ ਦੇ 25 ਲੱਖ ਸਰਕਾਰੀ ਅਧਿਆਪਕ ਪ੍ਰਭਾਵਿਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਅਧਿਆਪਕ ਕਿਸਾਨ ਅੰਦੋਲਨ ਤੋਂ ਪ੍ਰੇਰਨਾ ਲੈ ਕੇ ਇਸ ਮਸਲੇ ’ਤੇ ਦੇਸ਼ ਪੱਧਰੀ ਸੰਘਰਸ਼ ਲੜਨ ਦੀ ਤਿਆਰੀ ਵਿਚ ਹਨ। ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਫੈਸਲੇ ਨੂੰ ਲਾਗੂ ਕਰਨ ਵਿਚ ਕੀਤੀ ਜਾ ਰਹੀ ਕਾਹਲੀ ਇਹ ਦਰਸਾਉਂਦੀ ਹੈ ਕਿ ਸਰਕਾਰ ਅਧਿਆਪਕਾਂ ਨੂੰ ਇਸ ਬੇਲੋੜੇ ਮੁੱਦੇ ਵਿਚ ਉਲਝਾ ਕੇ ਪੁਰਾਣੀ ਪੈਨਸ਼ਨ ਲਾਗੂ ਨਾ ਕਰਨ, ਕੱਚੇ ਅਧਿਆਪਕਾਂ, ਕੰਪਿਊਟਰ ਅਧਿਆਪਕਾਂ, ਐੱਨਐੱਸਕਿਉ ਅਧਿਆਪਕਾਂ ਤੇ ਮੈਰੀਟੋਰੀਅਸ ਅਧਿਆਪਕਾਂ ਨੂੰ ਪੱਕੇ ਕਰਨ, 16% ਡੀਏ ਨਾ ਦੇਣ, ਪੰਜਾਬ ਦੇ ਪੁਰਾਣੇ ਸਕੇਲ ਲਾਗੂ ਨਾ ਕਰਨ, ਪੇਂਡੂ ਭੱਤਿਆਂ ਸਮੇਤ 37 ਤਰ੍ਹਾਂ ਦੇ ਭੱਤੇ ਬਹਾਲ ਨਾ ਕਰਨ ਤੋਂ ਭੱਜ ਰਹੀ ਹੈ। ਆਗੂਆਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ 2017 ਦਾ ਟੈੱਟ ਤੋਂ ਛੋਟ ਵਾਲਾ ਪੱਤਰ ਬਹਾਲ ਕਰੇ, ਸੁਪਰੀਮ ਕੋਰਟ ਵਿਚ ਤੁਰੰਤ ਰਿਵਿਊ ਪਟੀਸ਼ਨ ਦਾਖਲ ਕਰੇ, 8 ਮਾਰਚ ਤੇ 15 ਮਾਰਚ ਨੂੰ ਹੋਣ ਵਾਲੇ ਟੈੱਟ ਵਿਚੋਂ ਨੌਕਰੀ ਕਰ ਰਹੇ ਅਧਿਆਪਕਾਂ ਨੂੰ ਛੋਟ ਦੇਵੇ ਤੇ ਸਾਰੇ ਕਾਡਰਾਂ ਦੀਆਂ ਪੈਂਡਿੰਗ ਪਈਆਂ ਤਰੱਕੀਆਂ ਤੁਰੰਤ ਕਰੇ। ਇਸ ਮੌਕੇ ਅਪਿੰਦਰ ਸਿੰਘ ਸਤਵਿੰਦਰ ਸਿੰਘ, ਦਿਨੇਸ਼ ਕੁਮਾਰ, ਬਿਕਰਮਜੀਤ ਸਿੰਘ, ਮਨਪ੍ਰੀਤ ਸਿੰਘ, ਸਿਮਰਜੀਤ ਸਿੰਘ ਰੋਹਿਤ ਗੁਜਰਾਲ, ਸੁਨੀਲ ਕੁਮਾਰ, ਸੁਰਿੰਦਰ ਸਿੰਘ ਭੁੱਲਰ, ਹਰਜਿੰਦਰ ਸਿੰਘ, ਪਲਵਿੰਦਰ ਸਿੰਘ ਸਹੋਤਾ ਮਿੰਟਾ ਧੀਰ, ਅੰਮ੍ਰਿਤਪਾਲ ਸਿੰਘ, ਮਣੀ ਪਾਠਕ, ਤੇਜਿੰਦਰ ਸਿੰਘ, ਸਿਮਰਨਜੀਤ ਸਿੰਘ, ਰਾਜਿੰਦਰ ਬਿੱਟੂ ਸੈਣੀ, ਮਨਪ੍ਰੀਤ ਸਿੰਘ, ਕੁਲਵਿੰਦਰ ਸਿੰਘ ਕੈਰੋਂ, ਗੁਰਦਿਆਲ ਸਿੰਘ ਪੱਡਾ, ਹਰਸਿਮਰਤ ਸਿੰਘ ਗੁਲਸ਼ਨ ਕੁਮਾਰ, ਦਵਿੰਦਰ ਸਿੰਘ, ਨੇਹਾ ਮਹਿੰਦਰੂ, ਮੋਨਿਕਾ ਸੂਦ ਨਿਧੀ, ਕਰਮਜੀਤ, ਸ਼ਮਿੰਦਰ ਕੌਰ ਕੁਸਮ, ਅਸ਼ਮਿੰਦਰ ਕੌਰ, ਕੰਚਨ, ਅਰਵਿੰਦਰ ਕੌਰ, ਅਮਨ ਵਾਲੀਆ, ਰਮਨ ਵਾਲੀਆ, ਨਵਨੀਤ ਕੌਰ ਹਾਜ਼ਰ ਸਨ।