- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਿੱਖਿਆ ਤੋਂ ਇਲਾਵਾ ਡਿਊਟੀਆਂ ਕਾਰਨ ਅਧਿਆਪਕ ਵਰਗ ਪਰੇਸ਼ਾਨ

ਕੈਪਸ਼ਨ-23ਪੀਐਚਜੀ3 ਸਤਨਾਮ ਸਿੰਘ ਰੰਧਾਵਾ।
ਕੈਪਸ਼ਨ-23ਪੀਐਚਜੀ4 ਜਸਬੀਰ ਸਿੰਘ ਸੈਣੀ।
ਕੈਪਸ਼ਨ-23ਪੀਐਚਜੀ5 ਜਸਬੀਰ ਭੰਗੂ।
ਵਿਜੇ ਸੋਨੀ, ਪੰਜਾਬੀ ਜਾਗਰਣ
ਫਗਵਾੜਾ : ਸੂਬੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕਿਹਾ ਜਾ ਰਿਹਾ ਸੀ ਕਿ ਉਹ ਸਰਕਾਰੀ ਸਕੂਲਾਂ ਦੇ ਹਾਲਾਤ ਅਜਿਹੇ ਕਰ ਦੇਣਗੇ, ਜਿੱਥੇ ਪ੍ਰਾਈਵੇਟ ਸਕੂਲਾਂ ਨਾਲੋਂ ਵਧੀਆ ਸਹੂਲਤਾਂ ਪ੍ਰਾਪਤ ਹੋਣਗੀਆਂ। ਉਨ੍ਹਾਂ ਸਹੂਲਤਾਂ ਦਾ ਕੀ ਕਰਨਾ ਹੈ ਜਦੋਂ ਬੱਚਿਆਂ ਨੂੰ ਪੜ੍ਹਾਉਣ ਲਈ ਅਧਿਆਪਕ ਹੀ ਮੌਜੂਦ ਨਾ ਹੋਣ। ਹਾਲੇ ਤੱਕ ਫਗਵਾੜਾ ਸ਼ਹਿਰ ਦੇ ਕਈ ਸਕੂਲਾਂ ’ਚ ਇੱਕਾ-ਦੁੱਕਾ ਅਧਿਆਪਕ ਹੀ ਬੱਚਿਆਂ ਨੂੰ ਪੜ੍ਹਾਉਣ ਦਾ ਡੰਗ ਸਾਰ ਰਹੇ ਹਨ। ਜਦਕਿ ਜ਼ਿਆਦਾਤਰ ਅਧਿਆਪਕਾਂ ਦੀਆਂ ਡਿਊਟੀਆਂ ਤਾਂ ਸਰਕਾਰ ਦੀ ਜੀ ਹਜ਼ੂਰੀ ਕਰਨ, ਮਰਦਮ ਸ਼ੁਮਾਰੀ, ਵੋਟਾਂ ਆਦਿ ਗ਼ੈਰ ਵਿੱਦਿਅਕ ਕੰਮਾਂ ’ਚ ਲਗਾ ਦਿੱਤੀਆਂ ਜਾਂਦੀਆਂ ਹਨ, ਜਿਸ ਕਾਰਨ ਭਾਵੇਂ ਸਰਕਾਰੀ ਸਕੂਲਾਂ ਨੂੰ ਸੂਬਾ ਸਰਕਾਰ ਵੱਲੋਂ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਖੜ੍ਹਾ ਕੀਤਾ ਜਾ ਰਿਹਾ ਹੈ। ਉਹ ਵਧਾਈ ਦੇ ਪਾਤਰ ਹਨ ਪਰ ਜਦੋਂ ਉੱਥੇ ਅਧਿਆਪਕ ਹੀ ਨਹੀਂ ਹੋਣਗੇ ਤਾਂ ਬੱਚੇ ਸਕੂਲ ਦੀਆਂ ਕੰਧਾਂ ਤੋਂ ਤਾਂ ਪੜ੍ਹਾਈ ਹਾਸਲ ਨਹੀਂ ਕਰ ਸਕਦੇ। ਜਦੋਂ ਇਸ ਸਮੱਸਿਆ ਸਬੰਧੀ ਫਗਵਾੜਾ ਸ਼ਹਿਰ ਦੇ ਵੱਖ-ਵੱਖ ਅਧਿਆਪਕ ਆਗੂਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਆਪਣੇ ਵਿਚਾਰ ਪੇਸ਼ ਕੀਤੇ।
* ਪੰਜਾਬ ਭਰ ’ਚ ਅਧਿਆਪਕ ਵਰਗ ਇਸ ਸਮੇਂ ਗੰਭੀਰ ਪਰੇਸ਼ਾਨੀ ਦਾ ਸਾਹਮਣਾ ਕਰ ਰਿਹਾ ਹੈ, ਕਿਉਂਕਿ ਉਨ੍ਹਾਂ ਨੂੰ ਸਿੱਖਿਆ ਨਾਲ ਸਬੰਧਤ ਕੰਮਾਂ ਤੋਂ ਇਲਾਵਾ ਹੋਰ ਕਈ ਪ੍ਰਸ਼ਾਸਕੀ ਤੇ ਸਰਕਾਰੀ ਡਿਊਟੀਆਂ ’ਚ ਲਗਾਇਆ ਜਾ ਰਿਹਾ ਹੈ। ਇਸ ਕਾਰਨ ਸਕੂਲਾਂ ’ਚ ਪੜ੍ਹਾਈ ਦਾ ਮਾਹੌਲ ਪ੍ਰਭਾਵਿਤ ਹੋ ਰਿਹਾ ਹੈ ਅਤੇ ਵਿਦਿਆਰਥੀਆਂ ਦੀ ਸਿੱਖਿਆ ’ਤੇ ਵੀ ਅਸਰ ਪੈ ਰਿਹਾ ਹੈ। ਅਧਿਆਪਕਾਂ ਨੂੰ ਚੋਣ ਡਿਊਟੀ, ਸਰਵੇਖਣ, ਵੱਖ-ਵੱਖ ਸਰਕਾਰੀ ਯੋਜਨਾਵਾਂ ਦੀ ਜਾਂਚ ਤੇ ਹੋਰ ਦਫ਼ਤਰੀ ਕੰਮਾਂ ’ਚ ਲਗਾਇਆ ਜਾਂਦਾ ਹੈ, ਜਿਸ ਨਾਲ ਉਹ ਆਪਣਾ ਮੁੱਖ ਕੰਮ ਵਿਦਿਆਰਥੀਆਂ ਨੂੰ ਗੁਣਵੱਤਾ ਵਾਲੀ ਸਿੱਖਿਆ ਦੇਣਾ ਪੂਰੀ ਤਰ੍ਹਾਂ ਨਹੀਂ ਕਰ ਸਕਦੇ। ਇਸ ਸਥਿਤੀ ਕਾਰਨ ਸਕੂਲਾਂ ’ਚ ਕਲਾਸਾਂ ਅਕਸਰ ਖਾਲੀ ਰਹਿ ਜਾਂਦੀਆਂ ਹਨ ਜਾਂ ਫਿਰ ਪੜ੍ਹਾਈ ਵਿਚ ਰੁਕਾਵਟ ਆਉਂਦੀ ਹੈ। ਮਾਪਿਆਂ ਨੇ ਵੀ ਚਿੰਤਾ ਜ਼ਾਹਰ ਕੀਤੀ ਹੈ ਕਿ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ ਅਤੇ ਉਨ੍ਹਾਂ ਦਾ ਭਵਿੱਖ ਖਤਰੇ ’ਚ ਪੈ ਸਕਦਾ ਹੈ। ਸਰਕਾਰ ਤੋਂ ਮੰਗ ਹੈ ਕਿ ਅਧਿਆਪਕਾਂ ਨੂੰ ਗ਼ੈਰ-ਸਿੱਖਿਆਤਮਕ ਕੰਮਾਂ ਤੋਂ ਰਾਹਤ ਦਿੱਤੀ ਜਾਵੇ। ਮਸਲਾ ਛੇਤੀ ਹੱਲ ਨਾ ਕੀਤਾ ਗਿਆ ਤਾਂ ਅੰਦੋਲਨ ਲਈ ਮਜਬੂਰ ਹੋਣਾ ਪਵੇਗਾ। - ਸਤਨਾਮ ਸਿੰਘ ਰੰਧਾਵਾ, ਸੂਬਾ ਕਾਰਜਕਾਰੀ ਕਨਵੀਨਰ, ਅਧਿਆਪਕ ਦਲ ਪੰਜਾਬ।
* 90 ਫੀਸਦੀ ਅਧਿਆਪਕ ਸਰਕਾਰੀ ਡਿਊਟੀਆਂ ’ਚ ਰੁਝੇ ਹੋਏ ਹਨ ਤੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ। ਫਗਵਾੜਾ ਦੇ ਵੱਖ-ਵੱਖ ਇਲਾਕਿਆਂ ’ਚ ਚੱਲ ਰਹੀ ਜਨਗਣਨਾ (ਮਰਦਮਸ਼ੁਮਾਰੀ) ਮੁਹਿੰਮ ਅਧੀਨ ਅਧਿਆਪਕਾਂ ਦੀਆਂ ਵੱਡੀ ਗਿਣਤੀ ’ਚ ਡਿਊਟੀਆਂ ਲਗਾਈਆਂ ਜਾ ਰਹੀਆਂ ਹਨ, ਜਿਸ ਕਾਰਨ ਸਕੂਲਾਂ ’ਚ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ। ਜਾਣਕਾਰੀ ਅਨੁਸਾਰ ਲਗਪਗ 90 ਫੀਸਦੀ ਅਧਿਆਪਕ ਇਸ ਸਮੇਂ ਜਨਗਣਨਾ ਤੇ ਹੋਰ ਸਰਕਾਰੀ ਕੰਮਾਂ ’ਚ ਉਲਝੇ ਹੋਏ ਹਨ। ਸਕੂਲਾਂ ’ਚ ਅਧਿਆਪਕਾਂ ਦੀ ਘਾਟ ਕਾਰਨ ਕਲਾਸਾਂ ਨਿਯਮਿਤ ਤੌਰ ‘ਤੇ ਨਹੀਂ ਲੱਗ ਰਹੀਆਂ, ਜਿਸ ਨਾਲ ਵਿਦਿਆਰਥੀਆਂ ਦੀ ਪੜ੍ਹਾਈ ‘ਤੇ ਨਕਾਰਾਤਮਕ ਅਸਰ ਪੈ ਰਿਹਾ ਹੈ। ਅਧਿਆਪਕਾਂ ਦਾ ਕਹਿਣਾ ਹੈ ਕਿ ਉਹ ਆਪਣੀਆਂ ਮੁੱਖ ਜ਼ਿੰਮੇਵਾਰੀਆਂ ਤੋਂ ਇਲਾਵਾ ਹੋਰ ਡਿਊਟੀਆਂ ਨਿਭਾਉਣ ਲਈ ਮਜਬੂਰ ਹਨ, ਜਿਸ ਨਾਲ ਸਿੱਖਿਆ ਪ੍ਰਣਾਲੀ ’ਤੇ ਦਬਾਅ ਵੱਧ ਰਿਹਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਨਗਣਨਾ ਵਰਗੀਆਂ ਡਿਊਟੀਆਂ ਲਈ ਵੱਖਰਾ ਸਟਾਫ ਨਿਯੁਕਤ ਕੀਤਾ ਜਾਵੇ ਤਾਂ ਜੋ ਸਕੂਲਾਂ ਦੀ ਪੜ੍ਹਾਈ ਪ੍ਰਭਾਵਿਤ ਨਾ ਹੋਵੇ। - ਜਸਬੀਰ ਸਿੰਘ ਸੈਣੀ, ਸਟੇਟ ਪ੍ਰਧਾਨ, ਪ੍ਰਾਇਮਰੀ ਅਧਿਆਪਕ ਯੂਨੀਅਨ, ਪੰਜਾਬ।
* ਪੰਜਾਬ ਭਰ ’ਚ ਅਧਿਆਪਕ ਵਰਗ ਵੱਲੋਂ ਵੱਧ ਰਹੇ ਗੈਰ-ਸਿੱਖਿਅਕ ਕੰਮਾਂ ਖ਼ਿਲਾਫ਼ ਅਵਾਜ਼ ਉਠਾਈ ਜਾ ਰਹੀ ਹੈ। ਬੱਚਿਆਂ ਨੂੰ ਸਿੱਖਿਆ ਦੇਣ ਦੀ ਜ਼ਿੰਮੇਵਾਰੀ ਨਿਭਾਉਣ ਵਾਲੇ ਅਧਿਆਪਕ ਹੁਣ ਦੁਪਹਿਰ ਸਮੇਂ ਲੋਕਾਂ ਦੇ ਘਰਾਂ ਦੇ ਦਰਵਾਜ਼ੇ ਖੜਕਾ ਕੇ ਵੱਖ-ਵੱਖ ਸਰਵੇ ਤੇ ਸਰਕਾਰੀ ਯੋਜਨਾਵਾਂ ਨਾਲ ਸਬੰਧਤ ਕੰਮ ਕਰਦੇ ਨਜ਼ਰ ਆ ਰਹੇ ਹਨ। ਸਰਕਾਰ ਵੱਲੋਂ ਸਕੂਲਾਂ ’ਚ ਅਧਿਆਪਕਾਂ ਦੀ ਘਾਟ ਪੂਰੀ ਕਰਨ ਦੀ ਥਾਂ ਮੌਜੂਦਾ ਅਧਿਆਪਕਾਂ ’ਤੇ ਹੀ ਹੋਰ ਕੰਮਾਂ ਦਾ ਬੋਝ ਪਾਇਆ ਜਾ ਰਿਹਾ ਹੈ। ਇਸ ਕਾਰਨ ਪੜ੍ਹਾਈ ਦਾ ਮਾਹੌਲ ਪ੍ਰਭਾਵਿਤ ਹੋ ਰਿਹਾ ਹੈ ਤੇ ਵਿਦਿਆਰਥੀਆਂ ਦੀ ਸਿੱਖਿਆ ’ਤੇ ਅਸਰ ਪੈ ਰਿਹਾ ਹੈ। ਅਧਿਆਪਕਾਂ ’ਤੇ ਸਕੂਲੀ ਕੰਮ ਤੋਂ ਇਲਾਵਾ ਕਈ ਹੋਰ ਜ਼ਿੰਮੇਵਾਰੀਆਂ ਲਗਾਈਆਂ ਜਾਂਦੀਆਂ ਹਨ, ਜਿਵੇਂ ਘਰ-ਘਰ ਜਾ ਕੇ ਡਾਟਾ ਇਕੱਠਾ ਕਰਨਾ। ਇਸ ਨਾਲ ਅਧਿਆਪਕਾਂ ਦਾ ਧਿਆਨ ਬੱਚਿਆਂ ਦੀ ਪੜ੍ਹਾਈ ਤੋਂ ਹਟ ਜਾਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਸਕੂਲਾਂ ’ਚ ਖਾਲੀ ਅਸਾਮੀਆਂ ਨੂੰ ਤੁਰੰਤ ਭਰਿਆ ਜਾਵੇ ਅਤੇ ਅਧਿਆਪਕਾਂ ਨੂੰ ਸਿਰਫ਼ ਸਿੱਖਿਆ ਨਾਲ ਸਬੰਧਤ ਕੰਮਾਂ ਤੱਕ ਸੀਮਤ ਰੱਖਿਆ ਜਾਵੇ। - ਜਸਬੀਰ ਭੰਗੂ, ਮੀਤ ਪ੍ਰਧਾਨ, ਇੰਡੀਅਨ ਨੈਸ਼ਨਲ ਟਰੇਡ ਯੂਨੀਅਨ ਕਾਂਗਰਸ (ਇੰਟਕ)।