ਮਿਲਾਪੜੇ ਸੁਭਾਅ ਦੇ ਮਾਲਕ ਸਨ ਤਰਵਿੰਦਰ ਮੋਹਨ ਸਿੰਘ ਭਾਟੀਆ
ਮਿਹਨਤੀ, ਆਸ਼ਾਵਾਦੀ, ਕਰਮਸ਼ੀਲ ਅਤੇ ਮਿਲਾਪੜੇ ਸੁਭਾਅ ਦੇ ਮਾਲਕ ਸਨ ਤਰਵਿੰਦਰ ਮੋਹਨ ਸਿੰਘ ਭਾਟੀਆ
Publish Date: Fri, 20 Mar 2026 10:02 PM (IST)
Updated Date: Fri, 20 Mar 2026 10:04 PM (IST)

ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਭਾਰਤੀ ਜੀਵਨ ਬੀਮਾ ਨਿਗਮ ਵਿਖੇ ਬਤੌਰ ਬੀਮਾ ਸਲਾਹਕਾਰ ਉਪਰੰਤ ਡਿਵੀਜ਼ਨਲ ਕਲੱਬ ਮੈਂਬਰ ਵਜੋਂ ਪਦਉਨਤ ਹੋਏ ਤਰਵਿੰਦਰ ਮੋਹਨ ਸਿੰਘ ਭਾਟੀਆ ਇਕ ਕਰਮਸ਼ੀਲ, ਧਾਰਮਿਕ ਤੇ ਮਿਲਣਸਾਰ ਸੁਭਾਅ ਦੇ ਮਾਲਕ ਸਨ। ਉਹ ਹਮੇਸ਼ਾ ਲੋੜਵੰਦਾਂ ਦੀ ਮਦਦ ਤੇ ਧਾਰਮਿਕ ਕਾਰਜਾਂ ਪ੍ਰਤੀ ਤਤਪਰ ਰਹਿੰਦੇ ਸਨ। ਆਪ ਸੰਘਰਸ਼ਮਈ ਜੀਵਨ ਜਿਉਂਦਿਆਂ ਉਨ੍ਹਾਂ ਆਪਣੇ ਛੋਟੇ ਭਰਾਵਾਂ ਨੂੰ ਚੰਗੀ ਤਾਲੀਮ ਦਿਵਾ ਕੇ ਵਿਦੇਸ਼ ਵਿਚ ਚੰਗੇਰੀ ਨੌਕਰੀਆਂ ਦੇ ਕਾਬਲ ਬਣਾਇਆ। ਪਰਿਵਾਰਕ ਜ਼ਿੰਮੇਵਾਰੀਆਂ ਨਿਭਾਉਂਦਿਆਂ ਆਪਣੇ ਪੁੱਤਰ ਸੁਖਵਿੰਦਰ ਮੋਹਨ ਸਿੰਘ ਭਾਟੀਆ ਨੂੰ ਵੀ ਭਾਰਤੀ ਜੀਵਨ ਬੀਮਾ ਨਿਗਮ ਵਿਖੇ ਬਤੌਰ ਚੀਫ਼ ਆਰਗੇਨਾਈਜ਼ਰ, ਆਪਣੀ ਨੂੰਹ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ, ਕਪੂਰਥਲਾ ਵਿਖੇ ਕੰਪਿਊਟਰ ਟੀਚਰ ਦੀਆ ਸੇਵਾਵਾਂ ਨਿਭਾਉਣ ਪ੍ਰਤੀ ਪੂਰਨ ਸਹਿਯੋਗ ਦਿੱਤਾ ਤੇ ਤਿੰਨ ਬੇਟੀਆਂ ਨੂੰ ਵੀ ਚੰਗੇਰੀ ਵਿੱਦਿਆ ਮੁਹੱਈਆ ਕਰਵਾਈ। ਆਪਣੀ ਸੁਚੱਜੀ ਕਿਰਤ ਕਰਦਿਆਂ ਭਾਰਤੀ ਜੀਵਨ ਬੀਮਾ ਨਿਗਮ ਵੱਲੋਂ ਉਨ੍ਹਾਂ ਨੂੰ ਕਈ ਵਾਰ ਸਨਮਾਨਿਤ ਕੀਤਾ ਜਾ ਚੁੱਕਾ ਹੈ, ਉਥੇ ਉਨ੍ਹਾਂ ਨੇ ਬੱਚਿਆਂ ਦੇ ਧਾਰਮਿਕ ਮੁਕਾਬਲਿਆਂ, ਬਾਲ ਕੀਰਤਨ ਦਰਬਾਰ ਤੇ ਸਮਾਜਿਕ ਕਾਰਜਾਂ ਵਿਚ ਸ਼ਮੂਲੀਅਤ ਕਰਦਿਆਂ ਵੱਖ-ਵੱਖ ਸੰਸਥਾਵਾਂ ਤੋਂ ਸਨਮਾਨ ਵੀ ਪ੍ਰਾਪਤ ਕੀਤੇ ਸਨ। ਜ਼ਿੰਦਗੀ ਦੇ ਹਰੇਕ ਦੁਨੀਆਵੀ ਰਿਸ਼ਤਿਆਂ ਪਤੀ-ਪਤਨੀ, ਪਿਉ-ਪੁੱਤਰ, ਪਿਉ-ਧੀ ਜਾਂ ਭਰਾਵਾਂ ਤੇ ਸਮਾਜਿਕ ਰਿਸ਼ਤਿਆਂ ਦੀ ਤੰਦ ਹੋਵੇ, ਉਨ੍ਹਾਂ ਹਮੇਸ਼ਾ ਮਿਠਾਸ ਤੇ ਸੰਜ਼ੀਦਗੀ ਨੂੰ ਪਹਿਲ ਦਿੱਤੀ। ਅੱਜ ਗੁਰਦੁਆਰਾ ਸਾਹਿਬ ਭੁਪਾਲ ਜਠੇਰੇ, ਪੀਰ ਚੌਧਰੀ ਰੋਡ ਕਪੂਰਥਲਾ ਵਿਖੇ ਉਨ੍ਹਾਂ ਨਮਿਤ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਕੀਰਤਨ ਤੇ ਅੰਤਿਮ ਅਰਦਾਸ ਦੁਪਹਿਰ 1 ਵਜੇ ਤੋਂ 2 ਵਜੇ ਤੱਕ ਗੁਰਦੁਆਰਾ ਸਾਹਿਬ ਭੁਪਾਲ ਜਠੇਰੇ ਪੀਰ ਚੌਧਰੀ ਰੋਡ ਕਪੂਰਥਲਾ ਵਿਖੇ ਹੋਵੇਗੀ, ਇਸ ਮੌਕੇ ਵੱਖ-ਵੱਖ ਰਾਜਸੀ, ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਸ਼ਰਧਾ ਦੇ ਫੁੱਲ ਭੇਟ ਕਰਨਗੀਆਂ।