ਪੰਜਾਬ ਨੂੰ ਮੌਜੂਦਾ ਨਿਘਾਰ ’ਚੋਂ ਕੱਢਣ ਲਈ ਅਕਾਲੀ ਦਲ ਦਾ ਸਾਥ ਦਿਓ : ਵਾਲੀਆ
ਪੰਜਾਬ ਨੂੰ ਮੌਜੂਦਾ ਨਿਘਾਰ ਵਿਚੋਂ ਕੱਢਣ ਲਈ ਅਕਾਲੀ ਦਲ ਦਾ ਸਾਥ ਦਿਓ-ਐਚਐਸ ਵਾਲੀਆ
Publish Date: Sun, 07 Jun 2026 09:17 PM (IST)
Updated Date: Sun, 07 Jun 2026 09:20 PM (IST)

---ਬਹੁਜਨ ਸਮਾਜ ਪਾਰਟੀ ’ਚ ਕਈ ਵੱਡੇ ਅਹੁਦਿਆਂ ’ਤੇ ਕੰਮ ਕਰਨ ਵਾਲੇ ਜਸਵਿੰਦਰ ਬਿੱਟਾ ਆਪਣੇ ਅਨੇਕਾਂ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ’ਚ ਹੋਏ ਸ਼ਾਮਲ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ ਕਪੂਰਥਲਾ : ਸ਼੍ਰੋਮਣੀ ਅਕਾਲੀ ਦਲ ਨੂੰ ਕਪੂਰਥਲਾ ਹਲਕੇ ਵਿਚ ਉਸ ਸਮੇਂ ਭਾਰੀ ਬਲ ਮਿਲਿਆ ਜਦੋ ਸ਼੍ਰੋਮਣੀ ਅਕਾਲੀ ਦਲ ਐੱਸਸੀ ਵਿੰਗ ਦੇ ਸੀਨੀਅਰ ਸੂਬਾ ਮੀਤ ਪ੍ਰਧਾਨ ਜੀਆ ਲਾਲ ਨਾਹਰ ਦੇ ਯਤਨਾਂ ਸਦਕਾ ਬਹੁਜਨ ਸਮਾਜ ਪਾਰਟੀ ਵਿਚ ਕਈ ਵੱਡੇ ਅਹੁਦਿਆਂ ’ਤੇ ਕੰਮ ਕਰਨ ਵਾਲੇ ਜਸਵਿੰਦਰ ਬਿੱਟਾ ਆਪਣੇ ਅਨੇਕਾਂ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਦੀਆਂ ਪੰਜਾਬ ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਏ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਐੱਚਐੱਸ ਵਾਲੀਆ ਨੇ ਜਸਵਿੰਦਰ ਬਿੱਟਾ ਤੇ ਉਨ੍ਹਾਂ ਦੇ ਸਾਥੀਆਂ ਦਾ ਅਕਾਲੀ ਦਲ ਪਰਿਵਾਰ ਵਿਚ ਸ਼ਾਮਲ ਹੋਣ ’ਤੇ ਸਵਾਗਤ ਕਰਦਿਆਂ ਪਾਰਟੀ ਵਿਚ ਪੂਰਾ ਮਾਨ ਸਨਮਾਨ ਦੇਣ ਦਾ ਵਿਸ਼ਵਾਸ਼ ਦਿਵਾਇਆ। ਇਸ ਮੌਕੇ ਵਾਲੀਆ ਨੇ ਪੰਜਾਬ ਨੂੰ ਮੌਜੂਦਾ ਨਿਘਾਰ ਭਰੇ ਹਾਲਾਤਾਂ ’ਚੋਂ ਕੱਢਣ ਲਈ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸੂਬਾਈ ਚੋਣਾਂ ਵਿਚ ਹੁਣ ਸਿਰਫ਼ ਪੰਜ ਮਹੀਨੇ ਬਾਕੀ ਹਨ, ਇਸ ਲਈ ਪਾਰਟੀ ਅਹੁਦੇਦਾਰ ਤੇ ਵਰਕਰ ਪਾਰਟੀ ਦੀ ਮਜ਼ਬੂਤੀ ਲਈ ਅਕਾਲੀ ਦਲ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਦੇ ਲਈ ਡੱਟ ਕੇ ਕੰਮ ਕਰਨ। ਉਨ੍ਹਾਂ ਨੇ ਕਿਹਾ ਕਿ ਮੌਜੂਦਾ ਆਪ ਸਰਕਾਰ ਦੇ ਕਾਰਜਕਾਲ ਵਿਚ ਹੁਣ ਸਿਰਫ਼ ਪੰਜ ਮਹੀਨੇ ਬਚੇ ਹਨ। ਉਨ੍ਹਾਂ ਪਿਛਲੇ ਇਕ ਦਹਾਕੇ ਵਿਚ ਸੱਤਾ ’ਤੇ ਕਾਬਜ਼ ਰਹੀਆਂ ਕਾਂਗਰਸ ਤੇ ਆਪ ਦੀਆਂ ਸਰਕਾਰਾਂ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਇਸ ਵਕਫੇ ਦੌਰਾਨ ਪੰਜਾਬ ਦੇ ਹਾਲਾਤ ਲਗਾਤਾਰ ਮਾੜੇ ਹੋਏ ਹਨ। ਸੂਬੇ ਵਿਚ ਅਮਨ-ਕਾਨੂੰਨ ਦੀ ਸਥਿਤੀ, ਨਸ਼ੇ, ਗੁੰਡਾਗਰਦੀ ਤੇ ਗੈਂਗਸਟਰਵਾਦ ਕਾਰਨ ਡਰ ਤੇ ਖੌਫ਼ ਦਾ ਮਾਹੌਲ ਬਣਿਆ ਹੋਇਆ ਹੈ। ਕੌਮੀ ਪਾਰਟੀਆਂ ’ਤੇ ਵਰ੍ਹਦਿਆਂ ਵਾਲੀਆ ਨੇ ਕਿਹਾ ਕਿ ਇਨ੍ਹਾਂ ਪਾਰਟੀਆਂ ਦੀ ਸੋਚ ਪੰਜਾਬ ਪੱਖੀ ਨਹੀਂ ਹੈ, ਸਗੋਂ ਇਹ ਦਿੱਲੀ ਬੈਠੇ ਆਪਣੇ ਆਕਾਵਾਂ ਦੇ ਹੁਕਮ ਮੰਨਦੀਆਂ ਹਨ। ਅਕਾਲੀ ਦਲ ਦੇ ਇੰਚਾਰਜ ਨੇ ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਕਾਰਜਕਾਲ ਨੂੰ ਚੇਤੇ ਕਰਵਾਉਂਦਿਆਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਦੌਰਾਨ ਪੰਜਾਬ ਵਿਚ ਸ਼ਾਂਤੀ, ਭਾਈਚਾਰਕ ਸਾਂਝ ਤੇ ਵਿਕਾਸ ਦਾ ਦੌਰ ਰਿਹਾ। ਉਨ੍ਹਾਂ ਕਿਹਾ ਕਿ ਅੱਜ ਵੀ ਪੰਜਾਬ ਦੀਆਂ ਸੱਥਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪੁਰਾਣੇ ਰਾਜ ਦੇ ਕੀਤੇ ਕੰਮਾਂ ਦੀਆ ਗੱਲਾਂ ਚੱਲ ਰਹੀਆਂ ਹਨ। ਲੋਕ ਅਕਾਲੀ ਸਰਕਾਰ ਦੇ ਪੁਰਾਣੇ ਕੰਮਾਂ ਨੂੰ ਯਾਦ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਪੰਜਾਬ ਦੇ ਲੋਕ ਅਕਾਲੀ ਦਲ ਨੂੰ ਸੱਤਾ ਸੌਂਪਦੇ ਹਨ ਤਾਂ ਪੰਜਾਬ ਦੇ ਪੁਰਾਣੇ ਸੁਨਹਿਰੀ ਦਿਨ ਮੁੜ ਵਾਪਸ ਆਉਣਗੇ।