ਪੰਜ ਸਾਲਾਂ ਤੋਂ ਘੜੀਆਂ ਦੀ ਉਡੀਕ ’ਚ ਸੁਲਤਾਨਪੁਰ ਲੋਧੀ ਦਾ ਘੰਟਾ ਘਰ
ਪੰਜ ਸਾਲਾਂ ਤੋਂ ਘੜੀਆਂ ਦੀ ਉਡੀਕ ’ਚ ਸੁਲਤਾਨਪੁਰ ਲੋਧੀ ਦਾ ਘੰਟਾ ਘਰ ਟਾਵਰ
Publish Date: Fri, 13 Feb 2026 09:26 PM (IST)
Updated Date: Fri, 13 Feb 2026 09:30 PM (IST)
ਤਲਵੰਡੀ ਚੌਂਕ ਨੇੜੇ ਕਾਲੀ ਵੇਈਂ ਦੇ ਪੁਲ ਉੱਤੇ ਬਣਿਆ ਹੈ ਟਾਵਰ
ਅਧੂਰੇ ਕੰਮ ਦੀ ਸ਼ਾਨਦਾਰ ਮਿਸਾਲ ਹੈ ਘੰਟਾ ਘਰ
ਪਰਮਜੀਤ ਸਿੰਘ ਪੰਜਾਬੀ ਜਾਗਰਣ
ਡਡਵਿੰਡੀ : ਇਤਿਹਾਸਕ ਤੇ ਧਾਰਮਿਕ ਮਹੱਤਤਾ ਵਾਲੇ ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਦੀ ਸੁੰਦਰਤਾ ਨੂੰ ਨਿਖਾਰਨ ਲਈ ਤਲਵੰਡੀ ਚੌਂਕ ਨੇੜੇ ਕਾਲੀ ਵੇਈਂ ਦੇ ਪੁਲ ਉੱਤੇ ਬਣਾਇਆ ਗਿਆ ਘੰਟਾ ਘਰ ਪੰਜ ਸਾਲਾਂ ਤੋਂ ਘੜੀਆਂ ਦੀ ਉਡੀਕ ਕਰ ਰਿਹਾ ਹੈ। ਸ਼ਹਿਰ ਵਿਚ ਦਾਖ਼ਲ ਹੋਣ ਵਾਲੇ ਯਾਤਰੀਆਂ ਤੇ ਸਥਾਨਕ ਵਸਨੀਕਾਂ ਲਈ ਇਹ ਟਾਵਰ ਸਮਾਂ ਵੇਖਣ ਦੇ ਨਾਲ-ਨਾਲ ਇਕ ਆਕਰਸ਼ਣ ਦਾ ਕੇਂਦਰ ਬਣ ਸਕਦਾ ਸੀ, ਪਰ ਅਧੂਰੇ ਕੰਮ ਕਾਰਨ ਇਹ ਆਪਣੀ ਪੂਰੀ ਸ਼ਾਨ ਨਹੀਂ ਦਿਖਾ ਪਾ ਰਿਹਾ ਹੈ। ਜਾਣਕਾਰੀ ਮੁਤਾਬਕ ਇਸ ਟਾਵਰ ਲਈ ਸਰਕਾਰ ਵੱਲੋਂ ਘੜੀਆਂ ਖਰੀਦ ਕੇ ਨਗਰ ਕੌਂਸਲ ਨੂੰ ਮੁਹੱਈਆ ਕਰਵਾ ਦਿੱਤੀਆਂ ਗਈਆਂ ਸਨ, ਪਰ ਹੈਰਾਨੀ ਇਸ ਗੱਲ ਦੀ ਹੈ ਕਿ ਉਹ ਘੜੀਆਂ ਅਜੇ ਤੱਕ ਟਾਵਰ ‘ਤੇ ਲਗਾਈਆਂ ਹੀ ਨਹੀਂ ਗਈਆਂ ਹਨ। ਪੰਜ ਸਾਲ ਬੀਤ ਜਾਣ ਦੇ ਬਾਵਜੂਦ ਵੀ ਨਗਰ ਕੌਂਸਲ ਸੁਲਤਾਨਪੁਰ ਲੋਧੀ ਵੱਲੋਂ ਇਸ ਅਧੂਰੇ ਕੰਮ ਨੂੰ ਪੂਰਾ ਕਰਨ ਵੱਲ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ।
ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਇਹ ਟਾਵਰ ਸ਼ਹਿਰ ਦੀ ਪਹਿਚਾਣ ਬਣ ਸਕਦਾ ਹੈ ਤੇ ਆਉਣ ਵਾਲੇ ਸੈਲਾਨੀਆਂ ਲਈ ਵੀ ਆਕਰਸ਼ਣ ਦਾ ਕੇਂਦਰ ਹੋ ਸਕਦਾ ਹੈ, ਪਰ ਬਿਨਾਂ ਘੜੀਆਂ ਦੇ ਇਹ ਅਧੂਰਾ ਤੇ ਬੇਰੂਹ ਦਿਖਾਈ ਦਿੰਦਾ ਹੈ। ਲੋਕਾਂ ਨੇ ਨਗਰ ਕੌਂਸਲ ਤੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਘੜੀਆਂ ਲਗਾ ਕੇ ਟਾਵਰ ਨੂੰ ਪੂਰਾ ਕੀਤਾ ਜਾਵੇ, ਤਾਂ ਜੋ ਸ਼ਹਿਰ ਦੀ ਸੁੰਦਰਤਾ ਵਿਚ ਹੋਰ ਵਾਧਾ ਹੋ ਸਕੇ।
ਤਕਨੀਕੀ ਤੇ ਪ੍ਰਸ਼ਾਸਕੀ ਕਾਰਨਾਂ ਕਰਕੇ ਹੋ ਰਹੀ ਦੇਰ : ਧੀਰ
ਨਗਰ ਕੌਂਸਲ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਸ਼੍ਰੀ ਦੀਪਕ ਧੀਰ ਨੇ ਪੰਜਾਬੀ ਜਾਗਰਣ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਘੰਟਾ ਘਰ ਟਾਵਰ ਲਈ ਘੜੀਆਂ ਸਰਕਾਰ ਵੱਲੋਂ ਮੁਹੱਈਆ ਕਰਵਾਈਆਂ ਗਈਆਂ ਸਨ, ਪਰ ਕੁਝ ਤਕਨੀਕੀ ਤੇ ਪ੍ਰਸ਼ਾਸਕੀ ਕਾਰਨਾਂ ਕਰਕੇ ਇਹ ਲਗਾਉਣ ਵਿਚ ਦੇਰੀ ਹੋਈ ਹੈ। ਉਨ੍ਹਾਂ ਕਿਹਾ ਕਿ ਟੈਂਡਰ ਪਾਸ ਹੋ ਚੁੱਕਾ ਹੈ ਤੇ ਸਰਕਾਰੀ ਮਨਜ਼ੂਰੀ ਮਿਲ ਚੁੱਕੀ ਹੈ ਤੇ ਜਲਦ ਹੀ ਤਕਨੀਕੀ ਟੀਮ ਦੀ ਸਹਾਇਤਾ ਨਾਲ ਘੜੀਆਂ ਸਥਾਪਿਤ ਕਰਕੇ ਟਾਵਰ ਨੂੰ ਪੂਰੀ ਤਰ੍ਹਾਂ ਕਾਰਗਰ ਬਣਾਇਆ ਜਾਵੇਗਾ।