ਸੁਲਤਾਨਪੁਰ ਲੋਧੀ ਨੂੰ ਮਿਲੇਗੀ ਟੁੱਟੀਆਂ ਸੜਕਾਂ ਤੋਂ ਪੂਰੀ ਤਰ੍ਹਾਂ ਨਿਜ਼ਾਤ
ਸੁਲਤਾਨਪੁਰ ਲੋਧੀ ਨੂੰ ਮਿਲੇਗੀ ਟੁੱਟੀਆਂ ਸੜਕਾਂ ਤੋਂ ਪੂਰੀ ਤਰ੍ਹਾਂ ਨਿਜਾਤ
Publish Date: Wed, 28 Jan 2026 08:01 PM (IST)
Updated Date: Thu, 29 Jan 2026 04:13 AM (IST)

13.5 ਕਰੋੜ ਰੁਪਏ ਦੀ ਲਾਗਤ ਨਾਲ ਸ਼ਹਿਰ ’ਚ ਇਤਿਹਾਸਕ ਪੱਧਰ ’ਤੇ ਹੋਵੇਗੀ ਸੜਕਾਂ ਦੀ ਮੁੜ ਉਸਾਰੀ, ਕੁਆਲਿਟੀ ਨਾਲ ਕੋਈ ਸਮਝੌਤਾ ਨਹੀਂ: ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ, ਸੁਲਤਾਨਪੁਰ ਲੋਧੀ : ਸ਼ਹਿਰ ਦੇ ਲੋਕਾਂ ਲਈ ਲੰਮੇ ਸਮੇਂ ਤੋਂ ਸਿਰਦਰਦ ਬਣੀਆਂ ਟੁੱਟੀਆਂ, ਖੱਡਿਆਂ ਨਾਲ ਭਰੀਆਂ ਸੜਕਾਂ ਤੋਂ ਜਲਦ ਹੀ ਨਿਜ਼ਾਤ ਮਿਲੇਗੀ। ਸੁਲਤਾਨਪੁਰ ਲੋਧੀ ਦੇ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਨੇ ਮੀਡੀਆ ਨਾਲ ਰੂਬਰੂ ਹੋ ਕੇ ਐਲਾਨ ਕੀਤਾ ਕਿ ਸ਼ਹਿਰ ਵਿੱਚ 13.5 ਕਰੋੜ ਰੁਪਏ ਦੀ ਲਾਗਤ ਨਾਲ ਸੜਕਾਂ ਦੀ ਮੁੜ ਉਸਾਰੀ ਦਾ ਕੰਮ ਜਲਦ ਸ਼ੁਰੂ ਕੀਤਾ ਜਾਵੇਗਾ, ਜਿਸ ਨਾਲ ਸ਼ਹਿਰ ਦੇ ਬੁਨਿਆਦੀ ਢਾਂਚੇ ਵਿੱਚ ਵੱਡਾ ਬਦਲਾਅ ਆਵੇਗਾ ਅਤੇ ਲੋਕਾਂ ਨੂੰ ਸੁਰੱਖਿਅਤ ਤੇ ਟਿਕਾਊ ਆਵਾਜਾਈ ਦੀ ਸਹੂਲਤ ਮਿਲੇਗੀ। ਵਿਧਾਇਕ ਰਾਣਾ ਨੇ ਸਪੱਸ਼ਟ ਕੀਤਾ ਕਿ ਇਸ ਵੱਡੇ ਪ੍ਰੋਜੈਕਟ ਤਹਿਤ 7.5 ਕਰੋੜ ਰੁਪਏ ਨਾਲ ਕੰਕਰੀਟ ਵਾਲੀਆਂ ਸੜਕਾਂ ਅਤੇ 6 ਕਰੋੜ ਰੁਪਏ ਨਾਲ ਲੁੱਕ (ਲਿੰਕ) ਸੜਕਾਂ ਤਿਆਰ ਕੀਤੀਆਂ ਜਾਣਗੀਆਂ। ਇਸ ਸਬੰਧੀ ਸਾਰੇ ਟੈਂਡਰ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ ਅਤੇ ਬਹੁਤ ਜਲਦ ਜਮੀਨੀ ਪੱਧਰ ’ਤੇ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਮੀਡੀਆ ਨਾਲ ਗੱਲਬਾਤ ਦੌਰਾਨ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਨੇ ਦੋ ਟੁਕ ਸ਼ਬਦਾਂ ਵਿੱਚ ਕਿਹਾ ਕਿ ਸੜਕਾਂ ਦੀ ਉਸਾਰੀ ਦੌਰਾਨ ਪੈਚ ਵਰਕ ਦੀ ਕਿਸੇ ਵੀ ਸੂਰਤ ਵਿੱਚ ਇਜਾਜ਼ਤ ਨਹੀਂ ਹੋਵੇਗੀ। ਹਰ ਸੜਕ ਨੂੰ ਪੂਰੀ ਤਰ੍ਹਾਂ ਪੁਟਾ ਕੇ ਨਵੇਂ ਸਿਰੇ ਤੋਂ ਤਿਆਰ ਕੀਤਾ ਜਾਵੇਗਾ, ਤਾਂ ਜੋ ਕੰਮ ਦੀ ਮੁਨਿਆਦ ਲੰਮੀ ਹੋਵੇ ਅਤੇ ਵਾਰ-ਵਾਰ ਮੁਰੰਮਤ ਦੀ ਲੋੜ ਨਾ ਪਵੇ।ਉਨ੍ਹਾਂ ਦੱਸਿਆ ਕਿ ਉਸਾਰੀ ਤੋਂ ਪਹਿਲਾਂ ਪ੍ਰੋਪਰ ਕੰਪੈਕਸ਼ਨ ਲਾਜ਼ਮੀ ਕਰਵਾਈ ਜਾਵੇਗੀ ਅਤੇ ਕੰਪੈਕਸ਼ਨ ਦਾ ਲੈਬ ਟੈਸਟ ਪਾਸ ਹੋਣ ਤੋਂ ਬਾਅਦ ਹੀ ਅਗਲਾ ਕੰਮ ਸ਼ੁਰੂ ਕੀਤਾ ਜਾਵੇਗਾ। ਵਿਧਾਇਕ ਨੇ ਚਿਤਾਵਨੀ ਭਰੇ ਅੰਦਾਜ਼ ਵਿੱਚ ਕਿਹਾ ਕਿ ਕੁਆਲਿਟੀ ਨਾਲ ਸਮਝੌਤਾ ਕਰਨ ਵਾਲੇ ਠੇਕੇਦਾਰਾਂ ਅਤੇ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸ਼ਹਿਰ ’ਚ ਚੱਲ ਰਹੇ ਸੀਵਰੇਜ ਅਤੇ ਵਾਟਰ ਸਪਲਾਈ ਦੇ ਮਹੱਤਵਪੂਰਨ ਪ੍ਰੋਜੈਕਟ ਮੁਕੰਮਲ ਹੋਣ ਦੇ ਨੇੜੇ ਹਨ, ਜਿਨ੍ਹਾਂ ਨਾਲ ਲੋਕਾਂ ਨੂੰ ਸਾਫ਼ ਪੀਣ ਵਾਲਾ ਪਾਣੀ ਅਤੇ ਬਿਹਤਰ ਨਿਕਾਸੀ ਪ੍ਰਣਾਲੀ ਮਿਲੇਗੀ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਪੂਰੇ ਹੋਣ ਨਾਲ ਸ਼ਹਿਰ ਦੀ ਸਫ਼ਾਈ, ਸਿਹਤ ਤੇ ਜੀਵਨ ਪੱਧਰ ਵਿੱਚ ਕਾਬਿਲੇ-ਤਾਰੀਫ਼ ਸੁਧਾਰ ਆਵੇਗਾ।ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਮੁਹੱਲੇ ਜਾਂ ਇਲਾਕੇ ਵਿੱਚ ਅਜੇ ਵੀ ਵਾਟਰ ਸਪਲਾਈ ਜਾਂ ਸੀਵਰੇਜ ਦੀ ਸਹੂਲਤ ਨਹੀਂ ਪਹੁੰਚੀ, ਤਾਂ ਉਹ ਨਗਰ ਕੌਂਸਲ ਦੇ ਉਪ ਪ੍ਰਧਾਨ ਨਵਨੀਤ ਸਿੰਘ ਚੀਮਾ ਨਾਲ ਸੰਪਰਕ ਕਰਨ, ਤਾਂ ਜੋ ਬਾਕੀ ਰਹਿ ਗਈਆਂ ਲੋੜਾਂ ਨੂੰ ਵੀ ਤੁਰੰਤ ਪੂਰਾ ਕੀਤਾ ਜਾ ਸਕੇ। ਵਿਧਾਇਕ ਨੇ ਖਾਸ ਤੌਰ ’ਤੇ ਅਪੀਲ ਕੀਤੀ ਕਿ ਜਿੱਥੇ ਨਵੀਂ ਵਾਟਰ ਸਪਲਾਈ ਅਤੇ ਸੀਵਰੇਜ ਪਾਈਪਲਾਈਨ ਵਿਛਾਈ ਜਾ ਚੁੱਕੀ ਹੈ, ਉੱਥੇ ਲੋਕ ਆਪਣੇ ਨਵੇਂ ਕਨੈਕਸ਼ਨ ਜ਼ਰੂਰ ਲੈ ਲੈਣ, ਤਾਂ ਜੋ ਸੜਕਾਂ ਦੀ ਮੁੜ ਉਸਾਰੀ ਤੋਂ ਬਾਅਦ ਦੁਬਾਰਾ ਸੜਕਾਂ ਜਾਂ ਗਲੀਆਂ ਨੂੰ ਪੱਟਣਾ ਨਾ ਪਵੇ ਅਤੇ ਸਰਕਾਰੀ ਪੈਸੇ ਦੀ ਬਚਤ ਹੋ ਸਕੇ। ਸੜਕਾਂ ਦੀ ਉਸਾਰੀ ਸਿਰਫ਼ ਕਾਗਜ਼ਾਂ ਤੱਕ ਸੀਮਤ ਨਹੀਂ ਰਹੇਗੀ, ਸਗੋਂ ਉਹ ਖੁਦ ਮੌਕੇ ’ਤੇ ਖੜ੍ਹ ਕੇ ਹਰ ਪੜਾਅ ਦੀ ਨਿਗਰਾਨੀ ਕਰਨਗੇ। ਉਨ੍ਹਾਂ ਕਿਹਾ ਕਿ ਸੰਬੰਧਿਤ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਲਗਾਤਾਰ ਰਾਬਤਾ ਰੱਖਿਆ ਜਾਵੇਗਾ, ਤਾਂ ਜੋ ਸ਼ਹਿਰ ਨੂੰ ਲੰਮੇ ਸਮੇਂ ਲਈ ਮਜ਼ਬੂਤ ਅਤੇ ਉੱਚ ਗੁਣਵੱਤਾ ਵਾਲੀਆਂ ਸੜਕਾਂ ਮਿਲ ਸਕਣ। ਨਗਰ ਕੌਂਸਲ ਚੋਣਾਂ ’ਤੇ ਵੀ ਦਿੱਤਾ ਸਪੱਸ਼ਟ ਸੰਦੇਸ਼ ਨਗਰ ਕੌਂਸਲ ਚੋਣਾਂ ਸਬੰਧੀ ਗੱਲ ਕਰਦਿਆਂ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਕਿਹਾ ਕਿ ਚੋਣਾਂ ਨੂੰ ਲੈ ਕੇ ਪੂਰੀ ਤਿਆਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਵਾਰਡਬੰਦੀ ਨਾਲ ਲੋਕਾਂ ਦੀ ਸੋਚ ਨਹੀਂ ਬਦਲੀ ਜਾ ਸਕਦੀ। ਲੋਕ ਹੁਣ ਪੂਰੀ ਤਰ੍ਹਾਂ ਜਾਗਰੂਕ ਹੋ ਚੁੱਕੇ ਹਨ ਅਤੇ ਵਿਕਾਸ, ਕੰਮ ਅਤੇ ਨੀਅਤ ਦੇ ਆਧਾਰ ’ਤੇ ਹੀ ਆਪਣਾ ਫੈਸਲਾ ਕਰਨਗੇ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਦੀਪਕ ਧੀਰ ਰਾਜੂ ਨੇ ਕਿਹਾ ਕਿ ਸ਼ਹਿਰ ਦੇ ਵਿਕਾਸ ਲਈ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਹਮੇਸ਼ਾਂ ਯਤਨਸ਼ੀਲ ਤੇ ਤਤਪਰ ਰਹਿੰਦੇ ਹਨ ਅਤੇ ਜੋ ਰਾਸ਼ੀ ਵਿਕਾਸ ਕਾਰਜਾਂ ਲਈ ਮਨਜ਼ੂਰ ਕਰਵਾਈ ਹੈ ਉਸ ਲਈ ਅਸੀਂ ਸਾਰੇ ਰਾਣਾ ਇੰਦਰਪ੍ਰਤਾਪ ਦੇ ਬਹੁਤ ਸ਼ੁਕਰ ਗੁਜ਼ਾਰ ਹਾਂ। ਇਸ ਮੌਕੇ ਪ੍ਰਧਾਨ ਦੀਪਕ ਧੀਰ ਰਾਜੂ, ਚੇਅਰਮੈਨ ਤੇਜਵੰਤ ਸਿੰਘ, ਸਾਬਕਾ ਪ੍ਰਧਾਨ ਅਸ਼ੋਕ ਮੋਗਲਾ, ਮੀਤ ਪ੍ਰਧਾਨ ਨਵਨੀਤ ਚੀਮਾ, ਕੌਂਸਲਰ ਸੰਤਪ੍ਰੀਤ ਸਿੰਘ, ਕੌਂਸਲਰ ਪਵਨ ਕਨੋਜੀਆ, ਕੌਂਸਲਰ ਜੁਗਲ ਕਿਸ਼ੋਰ ਕੋਹਲੀ, ਕੌਂਸਲਰ ਸੰਜੀਵ ਮਰਵਾਹਾ, ਜੈਲਦਾਰ ਮਾਨਵ ਧੀਰ, ਰਵਿੰਦਰ ਰਵੀ ਪਿੱਥੋਰਾਹਲ, ਜ਼ਿਲ੍ਹਾ ਪਰਿਸ਼ਦ ਮੈਂਬਰ ਅਮਰਜੀਤ ਸਿੰਘ ਖਿੰਡਾ, ਕਰਨ ਚੌਹਾਨ, ਚਰਨ ਕਮਲ ਪਿੰਟਾ, ਰੰਮੀ ਗੁਪਤਾ, ਯਸ਼ ਸੇਠੀ, ਮੰਗਲ ਭੱਟੀ ਨੰਬਰਦਾਰ, ਡਿੱਪੀ ਭਾਗਰਥ, ਵਿਵੇਕ ਧੀਰ ਆਦਿ ਵੀ ਹਾਜ਼ਰ ਸਨ।