70 ਗ੍ਰਾਮ ਅਫੀਮ ਸਣੇ ਯੂਥ ਆਗੂ ਕਾਬੂ, ਮਾਮਲਾ ਦਰਜ
ਸੁਲਤਾਨਪੁਰ ਲੋਧੀ ਪੁਲਿਸ ਦੀ ਵੱਡੀ ਕਾਰਵਾਈ 841 ਗ੍ਰਾਮ ਅਫੀਮ ਬਰਾਮਦ
Publish Date: Sat, 06 Jun 2026 09:19 PM (IST)
Updated Date: Sat, 06 Jun 2026 09:20 PM (IST)
-ਸੁਲਤਾਨਪੁਰ ਲੋਧੀ ’ਚ 841 ਗ੍ਰਾਮ ਅਫੀਮ ਬਰਾਮਦ
-ਤਿੰਨ ਦੇ ਖਿਲਾਫ ਮਾਮਲਾ ਦਰਜ, ਦੋ ਕਾਬੂ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਸੁਲਤਾਨਪੁਰ ਲੋਧੀ ਤੇ ਇਸ ਦੇ ਆਸਪਾਸ ਅਫੀਮ ਦੀ ਸਪਲਾਈ ਕਰਨ ਵਾਲੇ ਇਕ ਬਿਹਾਰ ਨਿਵਾਸੀ ਨੌਜਵਾਨ ਨੂੰ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ 823 ਗ੍ਰਾਮ ਅਫੀਮ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਏਐੱਸਪੀ ਧੀਰੇਂਦਰ ਵਰਮਾ ਨੇ ਦੱਸਿਆ ਕਿ ਪੁਲਸ ਪਾਰਟੀ ਘੱਲੂਘਾਰਾ ਹਫ਼ਤੇ ਦੇ ਸਬੰਧ ਵਿਚ ਚੈਕਿੰਗ ਕਰ ਰਹੀ ਸੀ। ਏਐੱਸਆਈ ਸੁਰਜੀਤ ਸਿੰਘ, ਏਐੱਸਆਈ ਬਲਦੇਵ ਸਿੰਘ, ਸੀਨੀਅਰ ਸਿਪਾਹੀ ਸਰਬਜੀਤ ਸਿੰਘ ਤੇ ਸੀਨੀਅਰ ਸਿਪਾਹੀ ਤਰਸੇਮ ਸਿੰਘ ਸਮੇਤ ਪੁਲਿਸ ਟੀਮ ਹੋਟਲ ਦੇ ਮੈਨੇਜਰ ਰਵੀ ਅਰੋੜਾ ਵਾਸੀ ਹਕੀਕਤ ਨਗਰ, ਸਹਾਰਨਪੁਰ, ਉੱਤਰ ਪ੍ਰਦੇਸ਼ ਨੂੰ ਨਾਲ ਲੈ ਕੇ ਕਮਰਿਆਂ ਦੀ ਚੈਕਿੰਗ ਕਰ ਰਹੀ ਸੀ। ਜਦੋਂ ਪੁਲਸ ਵੱਲੋਂ ਕਮਰਾ ਨੰਬਰ 609 ਦਾ ਦਰਵਾਜ਼ਾ ਖੜਕਾਇਆ ਗਿਆ ਤਾਂ ਇਕ ਵਿਅਕਤੀ ਨੇ ਦਰਵਾਜ਼ਾ ਖੋਲ੍ਹਿਆ, ਜੋ ਪੁਲਸ ਨੂੰ ਦੇਖ ਕੇ ਘਬਰਾ ਗਿਆ ਤੇ ਇਕ ਨੀਲੇ ਰੰਗ ਦਾ ਕਿੱਟ ਬੈਗ ਚੁੱਕ ਕੇ ਬਿਸਤਰੇ ਹੇਠ ਲੁਕਾਉਣ ਲੱਗਾ। ਪੁਲਸ ਨੇ ਸ਼ੱਕ ਦੇ ਅਧਾਰ 'ਤੇ ਉਸ ਨੂੰ ਕਾਬੂ ਕਰਕੇ ਦੱਸਿਆ ਕਿ ਪੁਲਿਸ ਧਾਰਾ 18, 29, 61, 85 ਐੱਨਡੀਪੀਐੱਸ ਐਕਟ ਤਹਿਤ ਤਿੰਨ ਵਿਅਕਤੀਆਂ ਗੁਡਨ ਕੁਮਾਰ ਪੁੱਤਰ ਹਰੀਹਰ ਯਾਦਵ ਨਿਵਾਸੀ ਪਕਰੀ ਸੋਹਾਨਾ (ਥਾਣਾ ਇਮਾਮਗੰਜ, ਜ਼ਿਲਾ ਗਯਾ, ਬਿਹਾਰ), ਵਿਨੋਦ ਕੁਮਾਰ ਵਾਸੀ ਛੱਪਰਾ (ਬਿਹਾਰ) ਤੇ ਸੁਲਤਾਨਪੁਰ ਲੋਧੀ ਦੇ ਆਗੂ ਗੋਲਡੀ ਧੰਜੂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਦੋਂ ਗੁਡਨ ਕੁਮਾਰ ਤੋਂ ਪੁਛਗਿੱਛ ਕੀਤੀ ਤਾਂ ਉਸ ਨੇ ਸਥਾਨਕ ਯੂਥ ਆਗੂ ਦਾ ਨਾਂ ਲਿਆ। ਫ਼ੋਨ ਡਿਟੇਲ ਦੀ ਘੋਖ ਕਰਨ ਤੋਂ ਬਾਅਦ ਜਦੋਂ ਯੂਥ ਆਗੂ ਗੋਲਡੀ ਧੰਜੂ ਨੂੰ ਬੁਲਾਇਆ ਗਿਆ ਤਾਂ ਉਸ ਨੇ ਮੰਨਿਆ ਉਹ ਅਫੀਮ ਖਾਣ ਦਾ ਸ਼ੌਕੀਨ ਹੈ। ਘਰ ਦੀ ਤਲਾਸ਼ੀ ਲੈਣ ’ਤੇ ਉਸ ਕੋਲੋਂ 70 ਗ੍ਰਾਮ ਅਫੀਮ ਸਮੇਤ ਡੱਬੀ ਬਰਾਮਦ ਕੀਤੀ। ਉਨ੍ਹਾਂ ਦੱਸਿਆ ਕਿ ਇਸ ਕੇਸ ਦੀ ਜਾਂਚ ਪੂਰੀ ਬਾਰੀਕੀ ਨਾਲ ਕੀਤੀ ਜਾ ਰਹੀ ਹੈ ਤੇ ਨਸ਼ਾ ਸਮੱਗਲਿੰਗ ਦੇ ਇਸ ਨੈੱਟਵਰਕ ਵਿਚ ਸ਼ਾਮਲ ਹਰ ਦੋਸ਼ੀ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉੱਧਰ ਪੁਲਿਸ ਵੱਲੋਂ ਉਕਤ ਨੌਜਵਾਨਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਸ ਤੋਂ ਬਾਅਦ ਅਦਾਲਤ ਨੇ ਇਕ ਦਿਨ ਦਾ ਰਿਮਾਂਡ ਦਿੱਤਾ।