ਸਬਜ਼ੀਆਂ ਦੇ ਗੜ੍ਹ ਸੁਲਤਾਨਪੁਰ ਲੋਧੀ ਦੇ ਕਿਸਾਨ ਪਰੇਸ਼ਾਨ
ਸੁਲਤਾਨਪੁਰ ਲੋਧੀ—ਸਬਜ਼ੀਆਂ ਦਾ ਗੜ੍ਹ, ਪਰ ਕਿਸਾਨਾਂ ਦੀ ਮਿਹਨਤ ਅੱਜ ਮਿੱਟੀ ’ਚ ਮਿੱਟੀ
Publish Date: Fri, 09 Jan 2026 06:44 PM (IST)
Updated Date: Fri, 09 Jan 2026 06:48 PM (IST)
ਡਡਵਿੰਡੀ : ਕਦੇ ਸਬਜ਼ੀਆਂ ਦੇ ਗੜ੍ਹ ਵਜੋਂ ਮਸ਼ਹੂਰ ਰਹੇ ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ’ਚ ਅੱਜ ਕਿਸਾਨਾਂ ਦੀ ਹਾਲਤ ਦਿਲ ਦਹਿਲਾ ਦੇਣ ਵਾਲੀ ਬਣੀ ਹੋਈ ਹੈ। ਕਿਸਾਨਾਂ ਵੱਲੋਂ ਖੇਤਾਂ ਵਿਚ ਪਸੀਨਾ ਵਹਾ ਕੇ ਉਗਾਈਆਂ ਗਈਆਂ ਸਬਜ਼ੀਆਂ ਮੰਡੀ ਤੱਕ ਤਾਂ ਪਹੁੰਚਦੀਆਂ ਹਨ, ਪਰ ਗਾਹਕ ਨਾ ਮਿਲਣ ਕਰਕੇ ਕਿਸਾਨਾਂ ਨੂੰ ਆਪਣੀ ਮਿਹਨਤ ਦੀ ਕਦਰ ਅਤੇ ਕੀਮਤ ਨਹੀਂ ਮਿਲ ਰਹੀ ਹੈ। ਕਈ ਕਿਸਾਨਾਂ ਵੱਲੋਂ ਕਈ ਥਾਵਾਂ ‘ਤੇ ਸਬਜ਼ੀਆਂ ਵੇਚਣ ਦੀ ਥਾਂ ਖੇਤਾਂ ‘ਚ ਹੀ ਸੁੱਟਣੀਆਂ ਪੈ ਰਹੀਆਂ ਹਨ, ਜਿਸ ਨਾਲ ਕਿਸਾਨ ਆਰਥਿਕ ਤੌਰ ‘ਤੇ ਤਬਾਹੀ ਦੇ ਕਿਨਾਰੇ ਖੜ੍ਹਾ ਨਜ਼ਰ ਆ ਰਿਹਾ ਹੈ।
ਕਿਸਾਨਾਂ ਦਾ ਕਹਿਣਾ ਹੈ ਕਿ ਬੀਜ, ਖਾਦ, ਕੀਟਨਾਸ਼ਕ, ਸਿੰਚਾਈ ਅਤੇ ਮਜ਼ਦੂਰੀ ਦੀ ਲਾਗਤ ਦਿਨੋਂ-ਦਿਨ ਵਧ ਰਹੀ ਹੈ ਪਰ ਸ਼ਹਿਰਾਂ ਵਿਚ ਮੰਡੀ ‘ਚ ਸਬਜ਼ੀਆਂ ਦੇ ਭਾਅ ਇੰਨੇ ਘੱਟ ਹਨ ਕਿ ਖਰਚ ਵੀ ਨਹੀਂ ਨਿਕਲਦਾ ਹੈ। ਦਲਾਲੀ ਪ੍ਰਣਾਲੀ, ਸਟੋਰੇਜ ਦੀ ਘਾਟ ਅਤੇ ਮਾਰਕੀਟਿੰਗ ਸਹੂਲਤਾਂ ਨਾ ਹੋਣ ਕਾਰਨ ਕਿਸਾਨਾਂ ਦੀ ਮਜਬੂਰੀ ਹੋਰ ਵੀ ਵਧ ਗਈ ਹੈ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਸਿਆਸੀ ਪਾਰਟੀਆਂ ਵੱਲੋਂ ਕਿਸਾਨਾਂ ਲਈ ਵੱਡੇ-ਵੱਡੇ ਵਾਅਦੇ ਤੇ ਮੈਨੂਫੈਸਟੋ ਸਾਹਮਣੇ ਲਿਆਂਦੇ ਜਾਂਦੇ ਹਨ, ਪਰ ਚੋਣਾਂ ਮਗਰੋਂ ਸਰਕਾਰ ਦੀ ਚੁੱਪ ਕਿਸਾਨਾਂ ਨੂੰ ਸੋਚਣ ‘ਤੇ ਮਜਬੂਰ ਕਰ ਰਹੀ ਹੈ। ਨਾ ਤਾਂ ਸਬਜ਼ੀਆਂ ਲਈ ਨਿਊਨਤਮ ਸਮਰਥਨ ਮੁੱਲ (ਐੱਮਐੱਸਪੀ) ਦੀ ਕੋਈ ਠੋਸ ਨੀਤੀ ਹੈ ਅਤੇ ਨਾ ਹੀ ਨੁਕਸਾਨ ਦੀ ਭਰਪਾਈ ਲਈ ਤੁਰੰਤ ਰਾਹਤ।
ਕਿਸਾਨਾਂ ਦਾ ਸਵਾਲ ਹੈ ਕਿ ਜਦੋਂ ਦੇਸ਼ ਦੀ ਅਰਥਵਿਵਸਥਾ ਦੀ ਰੀੜ੍ਹ ਕਹੇ ਜਾਂਦੇ ਕਿਸਾਨ ਨੂੰ ਹੀ ਆਪਣੀ ਫਸਲ ਵੇਚਣ ਲਈ ਤਰਸਣਾ ਪਵੇ, ਤਾਂ ਅਖ਼ੀਰ ਉਸ ਦੀ ਬਾਂਹ ਕੌਣ ਫੜੇਗਾ? ਜੇਕਰ ਸਰਕਾਰ ਨੇ ਜਲਦੀ ਹੀ ਕੋਈ ਢੁੱਕਵੇਂ ਕਦਮ ਨਾ ਚੁੱਕੇ, ਤਾਂ ਸਬਜ਼ੀਆਂ ਦਾ ਇਹ ਗੜ੍ਹ ਸੁਲਤਾਨਪੁਰ ਲੋਧੀ ਕਿਸਾਨੀ ਸੰਕਟ ਦੀ ਵੱਡੀ ਮਿਸਾਲ ਬਣ ਸਕਦਾ ਹੈ।