- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੁਖਬੀਰ ਬਾਦਲ ਨੇ ਅਕਾਲੀ ਦਲ ਵਿੱਚ ਨਵਾਂ ਜੋਸ਼ ਭਰਿਆ-ਰੰਧਾਵਾ

ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ
ਕਪੂਰਥਲਾ : ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਇਕ ਮਹਾਨ ਸੰਸਥਾ ਹੈ, ਜਿਸਦਾ ਇਤਿਹਾਸ ਕੁਰਬਾਨੀ ਅਤੇ ਸੇਵਾ ਨਾਲ ਭਰਿਆ ਹੋਇਆ ਹੈ। ਇਹ ਗੱਲ ਸ਼ੁੱਕਰਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਤਨਵੀਰ ਸਿੰਘ ਰੰਧਾਵਾ ਨੇ ਕਹੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾ ਪੰਜਾਬ, ਪੰਜਾਬੀਆਂ ਅਤੇ ਸਿੱਖ ਭਾਈਚਾਰੇ ਦੇ ਹੱਕਾਂ ਲਈ ਲੜਾਈ ਲੜੀ ਹੈ, ਉਸ ਨੂੰ ਦੇਖਦੇ ਹੋਏ ਇਹ ਸਪੱਸ਼ਟ ਹੈ ਕਿ ਭਵਿੱਖ ਇਕ ਵਾਰ ਫਿਰ ਸ਼੍ਰੋਮਣੀ ਅਕਾਲੀ ਦਲ ਦਾ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਅੱਜ ਜਿੰਨਾ ਗੰਭੀਰ ਸੰਕਟਾਂ ਦਾ ਸਾਹਮਣਾ ਕਰ ਰਿਹਾ ਹੈ, ਉਨ੍ਹਾਂ ਨੂੰ ਹੱਲ ਕਰਨ ਲਈ ਸਿਰਫ਼ ਇਕ ਮਜ਼ਬੂਤ ਖੇਤਰੀ ਪਾਰਟੀ ਹੀ ਕੰਮ ਕਰ ਸਕਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਦਿੱਲੀ ਦੀਆਂ ਪਾਰਟੀਆਂ ਨੇ ਪਾਣੀ, ਪੂੰਜੀ ਅਤੇ ਭਾਸ਼ਾ ਦੇ ਮੁੱਦਿਆਂ ’ਤੇ ਹਮੇਸ਼ਾ ਸੂਬੇ ਨਾਲ ਵਿਤਕਰਾ ਕੀਤਾ ਹੈ। ਉਨ੍ਹਾਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਪੰਜਾਬ ਦੇ ਹੱਕਾਂ ਅਤੇ ਹਿੱਤਾਂ ਦੀ ਰਾਖੀ ਲਈ ਮਜ਼ਬੂਤੀ ਨਾਲ ਖੜ੍ਹਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਪੂਰਥਲਾ ਜ਼ਿਲ੍ਹੇ ਸਮੇਤ ਪੰਜਾਬ ਭਰ ਵਿਚ ਅਕਾਲੀ ਦਲ ਦੇ ਵਰਕਰ ਪਾਰਟੀ ਦੇ ਪਿੱਛੇ ਚੱਟਾਨ ਵਾਂਗ ਖੜ੍ਹੇ ਹਨ। ਜਲਦੀ ਹੀ ਕਪੂਰਥਲਾ ਹਲਕੇ ਦੇ ਹਰ ਪਿੰਡ ਅਤੇ ਵਾਰਡ ਵਿਚ ਮੀਟਿੰਗਾਂ ਦੀ ਇਕ ਲੜੀ ਆਯੋਜਿਤ ਕੀਤੀ ਜਾਵੇਗੀ। ਪਾਰਟੀ ਨਾਲ ਹਰ ਵਰਗ ਦੇ ਲੋਕਾਂ ਨੂੰ ਜੋੜਨ ਲਈ ਉਨ੍ਹਾਂ ਕਿਹਾ ਅਸੀਂ ਹਰ ਵਰਗ, ਚਾਹੇ ਕਿਸਾਨ, ਮਜ਼ਦੂਰ ਜਾਂ ਵਪਾਰੀ ਨੂੰ ਲਾਮਬੰਦ ਕਰਕੇ ਸ਼੍ਰੋਮਣੀ ਅਕਾਲੀ ਦਲ ਨਾਲ ਮੋਢੇ ਨਾਲ ਮੋਢਾ ਜੋੜ ਕੇ ਅੱਗੇ ਵਧਾਂਗੇ। ਰੰਧਾਵਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਵਿਚ ਨਵੀਂ ਜਾਨ ਫੂਕੀ ਹੈ। ਸਿੱਟੇ ਵਜੋਂ, ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਕਮੇਟੀ ਚੋਣਾਂ ਵਿਚ ਪਾਰਟੀ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਪੰਜਾਬੀਆਂ ਦੀ ਪਾਰਟੀ ਹੈ ਅਤੇ ਪੰਜਾਬ ਦੇ ਲੋਕ ਇਸ ਨੂੰ ਸਮਝ ਚੁੱਕੇ ਹਨ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਿਛਲੇ ਸਮੇਂ ਵਿਚ ਹੜ੍ਹਾਂ ਦੌਰਾਨ ਪੰਜਾਬੀਆਂ ਦਾ ਸਾਥ ਦਿੱਤਾ ਅਤੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਕਮੇਟੀ ਚੋਣਾਂ ਵਿਚ ਉਨ੍ਹਾਂ ਦੇ ਨਾਲ ਮਜ਼ਬੂਤੀ ਨਾਲ ਖੜ੍ਹੇ ਰਹੇ। ਇਸੇ ਕਰਕੇ ਸ਼੍ਰੋਮਣੀ ਅਕਾਲੀ ਦਲ ਇਕ ਵਾਰ ਫਿਰ ਪੰਜਾਬ ਵਿਚ ਨੰਬਰ ਇਕ ਪਾਰਟੀ ਵਜੋਂ ਉਭਰਿਆ ਹੈ। ਰੰਧਾਵਾ ਨੇ ਕਿਹਾ ਕਿ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸਿਰਫ਼ ਅਕਾਲੀ ਦਲ ਹੀ ਪੰਜਾਬੀਆਂ ਦੇ ਹਿੱਤਾਂ ਦੀ ਰਾਖੀ ਕਰ ਸਕਦਾ ਹੈ ਅਤੇ ਅੱਜ ਪੂਰਾ ਪੰਜਾਬ ਅਕਾਲੀ ਦਲ ਦੇ ਝੰਡੇ ਹੇਠ ਇੱਕਜੁੱਟ ਹੋ ਗਿਆ ਹੈ। ਉਨ੍ਹਾਂ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਤੱਕ ਅਕਾਲੀ ਦਲ ਦਾ ਗ੍ਰਾਫ ਆਪਣੇ ਸਿਖਰ 'ਤੇ ਹੋਵੇਗਾ ਤੇ ਇਹ ਸੂਬੇ ਦੀ ਸਭ ਤੋਂ ਵੱਡੀ ਪਾਰਟੀ ਹੋਵੇਗੀ। ਇਹ ਤੈਅ ਜਾਪਦਾ ਹੈ ਕਿ ਅਕਾਲੀ ਦਲ ਸਰਕਾਰ ਬਣਾਏਗਾ। ਉਨ੍ਹਾਂ ਅਪੀਲ ਕੀਤੀ ਕਿ ਪੰਜਾਬ ਦੇ ਉੱਜਵਲ ਭਵਿੱਖ ਲਈ ਸਾਰੇ ਪੰਥਕ ਅਤੇ ਪੰਜਾਬ ਦੇ ਸ਼ੁਭਚਿੰਤਕਾਂ ਨੂੰ ਇਕ ਪਲੇਟਫਾਰਮ 'ਤੇ ਇਕੱਠੇ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਨੂੰ ਮਜ਼ਬੂਤ ਕਰਨਾ ਸਮੇਂ ਦੀ ਮੁੱਖ ਲੋੜ ਹੈ ਤਾਂ ਜੋ ਪੰਜਾਬ ਨੂੰ ਮੁੜ ਵਿਕਾਸ ਦੇ ਰਾਹ 'ਤੇ ਲਿਆਂਦਾ ਜਾ ਸਕੇ।