ਪੰਜਾਬ ਸਰਕਾਰ ਦਾ ਵਤੀਰਾ ਮਤਰੇਈ ਮਾਂ ਵਰਗਾ ਹੋ ਗਿਆ : ਪੈਨਸ਼ਨਰ ਆਗੂ
ਚੰਡੀਗੜ੍ਹ 'ਚ ਪ੍ਰਦਰਸ਼ਨਕਾਰੀਆਂ 'ਤੇ ਚਲਾਏ ਅੱਥਰੂ, ਕੀਤੇ ਗਏ ਲਾਠੀਚਾਰਜ ਦੀ ਕੀਤੀ ਤਿੱਖੀ ਨਿਖੇਧੀ: ਪੈਨਸ਼ਨਰ ਆਗੂ*
Publish Date: Mon, 09 Mar 2026 08:46 PM (IST)
Updated Date: Mon, 09 Mar 2026 08:48 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫ਼ਗਵਾੜਾ : ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ 8 ਮਾਰਚ ਨੂੰ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਦੀ ਪ੍ਰਾਪਤੀ ਲਈ ਕੀਤੇ ਗਏ ਰੋਸ ਪ੍ਰਦਰਸ਼ਨ ਸਮੇਂ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵੱਲੋਂ ਪ੍ਰਦਰਸ਼ਨਕਾਰੀਆਂ ਤੇ ਛੱਡੇ ਗਏ ਅੱਥਰੂ ਗੈਸ ਦੇ ਗੋਲਿਆਂ, ਪਾਣੀਆਂ ਦੀਆਂ ਬੁਛਾੜਾਂ ਤੇ ਕੀਤੇ ਗਏ ਲਾਠੀਚਾਰਜ ਦੀ ਤਿੱਖੀ ਨਿਖੇਧੀ ਕਰਦੇ ਹੋਏ ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਫ਼ਗਵਾੜਾ ਦੇ ਪ੍ਰਧਾਨ ਮੋਹਣ ਸਿੰਘ ਭੱਟੀ, ਜਨਰਲ ਸਕੱਤਰ ਕੁਲਦੀਪ ਸਿੰਘ ਕੌੜਾ, ਸੀਨੀਅਰ ਮੀਤ ਪ੍ਰਧਾਨ ਪ੍ਰਮੋਦ ਕੁਮਾਰ ਜੋਸ਼ੀ, ਵਿੱਤ ਸਕੱਤਰ ਗੁਰਨਾਮ ਸਿੰਘ ਸੈਣੀ, ਜੁਆਇੰਟ ਸਕੱਤਰ ਸਤਪਾਲ ਸਿੰਘ ਖੱਟਕੜ, ਪ੍ਰੈੱਸ ਸਕੱਤਰ ਸੀਤਲ ਰਾਮ ਬੰਗਾ, ਜਥੇਬੰਦਕ ਸਕੱਤਰ ਨਿਰਮੋਲਕ ਸਿੰਘ ਹੀਰਾ, ਪ੍ਰਧਾਨ ਬਲਵਿੰਦਰ ਕੁਮਾਰ, ਕੇਕੇ ਪਾਂਡੇ, ਬਲਬੀਰ ਸਿੰਘ ਕੂਨਰ, ਰਤਨ ਸਿੰਘ ਗੁਰਾਇਆ, ਮਾਸਟਰ ਜੋਗਿੰਦਰ ਸਿੰਘ, ਬਲਵੀਰ ਚੰਦ, ਹਰੀ ਰਾਮ ਚੋਟ ਆਦਿ ਨੇ ਕਿਹਾ ਕਿ ਆਪ ਦੀ ਸਰਕਾਰ ਨੇ ਮੁਲਾਜ਼ਮਾਂ ਤੇ ਹੋਰ ਕਿਰਤੀ ਲੋਕਾਂ ਨਾਲ 2022 ਸਮੇਂ ਵਾਅਦੇ ਹੀ ਨਹੀਂ ਕੀਤੇ ਸਨ ਸਗੋਂ ਗਰੰਟੀਆਂ ਦਿੱਤੀਆਂ ਸਨ, ਪਰ ਜਦੋਂ ਇਹ ਸਰਕਾਰ ਸੱਤਾ ਵਿਚ ਆਈ, ਉਸ ਤੋਂ ਬਾਅਦ ਹੀ ਇਸ ਦਾ ਵਤੀਰਾ ਵੀ ਦੂਸਰੀਆਂ ਸਰਕਾਰਾਂ ਵਾਂਗ ਆਮ ਲੋਕਾਂ ਪ੍ਰਤੀ ਖਾਸ ਕਰਕੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਪ੍ਰਤੀ ਮਤਰੇਈ ਮਾਂ ਵਾਲਾ ਹੀ ਹੋ ਗਿਆ। ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਦਾ ਨਿਪਟਾਰਾ ਕਰਨ ਦੇ ਮਸਲੇ ’ਤੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਸਭ ਤੋਂ ਨਿਕੰਮੀ ਸਰਕਾਰ ਸਾਬਿਤ ਹੋਈ ਹੈ। ਪੰਜਾਬ ਦੇ ਬਹੁਤੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਇਸ ਸਰਕਾਰ ਨੂੰ ਬਣਾਉਣ ਵਿਚ ਅਹਿਮ ਰੋਲ ਅਦਾ ਕੀਤਾ ਸੀ ਪਰ ਹੁਣ ਉਹ ਪਛਤਾ ਰਹੇ ਹਨ। ਉਕਤ ਆਗੂਆਂ ਨੇ ਕਿਹਾ ਕਿ ਜ਼ਬਰ ਜੁਲਮ ਦੀ ਨੀਤੀ ਨਾਲ ਲੋਕਾਂ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਬਜਟ ਸੈਸ਼ਨ ਦੌਰਾਨ 8 ਤੋਂ 11 ਮਾਰਚ ਤੱਕ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਦੀ ਪ੍ਰਾਪਤੀ ਲਈ ਲਗਾਤਾਰ ਸੰਘਰਸ਼ ਜਾਰੀ ਰੱਖਣ ਦਾ ਐਲਾਨ ਪਹਿਲਾਂ ਹੀ ਕੀਤਾ ਹੋਇਆ ਹੈ।