ਗੈਰ-ਵਿੱਦਿਅਕ ਡਿਊਟੀਆਂ ਖ਼ਿਲਾਫ਼ ਅਧਿਆਪਕਾਂ ਦਾ ਸਖ਼ਤ ਵਿਰੋਧ
ਗੈਰ-ਵਿੱਦਿਅਕ ਡਿਊਟੀਆਂ ਖ਼ਿਲਾਫ਼ ਸਖ਼ਤ ਵਿਰੋਧ, ਡੀਸੀ ਕਪੂਰਥਲਾ ਦੇ ਨਾਮ ਐਸਡੀਐਮ ਫਗਵਾੜਾ ਨੂੰ ਮੰਗ ਪੱਤਰ ਸੌਂਪਿਆ
Publish Date: Mon, 02 Feb 2026 10:40 PM (IST)
Updated Date: Mon, 02 Feb 2026 10:40 PM (IST)

ਡੀਸੀ ਕਪੂਰਥਲਾ ਦੇ ਨਾਮ ਐੱਸਡੀਐੱਮ ਫਗਵਾੜਾ ਨੂੰ ਮੰਗ ਪੱਤਰ ਸੌਂਪਿਆ ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਸਰਕਾਰ ਵੱਲੋਂ ਸਕੂਲਾਂ ਵਿਚ ਤਾਇਨਾਤ ਕੰਪਿਊਟਰ ਅਧਿਆਪਕਾਂ ਦੀਆਂ ‘ਮੁੱਖ ਮੰਤਰੀ ਸਿਹਤ ਬੀਮਾ ਕਾਰਡ’ ਬਣਾਉਣ ਸੰਬੰਧੀ ਲਗਾਈਆਂ ਗਈਆਂ ਗੈਰ-ਵਿੱਦਿਅਕ ਡਿਊਟੀਆਂ ਦੇ ਵਿਰੋਧ ਵਿਚ ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ ਤੇ ਕੰਪਿਊਟਰ ਅਧਿਆਪਕ ਯੂਨੀਅਨ ਵੱਲੋਂ ਸਾਂਝੇ ਤੌਰ ‘ਤੇ ਅੱਜ ਡਿਪਟੀ ਕਮਿਸ਼ਨਰ ਕਪੂਰਥਲਾ ਦੇ ਨਾਮ ਐੱਸਡੀਐੱਮ ਫਗਵਾੜਾ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਆਗੂਆਂ ਨੇ ਕਿਹਾ ਕਿ ਕੰਪਿਊਟਰ ਅਧਿਆਪਕਾਂ ਨੂੰ ਅਜੇ ਤੱਕ ਰੈਗੂਲਰ ਕਰਮਚਾਰੀਆਂ ਵਰਗੇ ਲਾਭ ਨਹੀਂ ਦਿੱਤੇ ਜਾ ਰਹੇ ਤੇ ਉਨ੍ਹਾਂ ਨੂੰ ਪਿਕਟਸ ਦੇ ਕਰਮਚਾਰੀ ਮੰਨਿਆ ਜਾਂਦਾ ਹੈ। ਇਸਦੇ ਨਾਲ ਹੀ ਕੰਪਿਊਟਰ ਅਧਿਆਪਕਾਂ ਉੱਤੇ ਸੀਐੱਸਆਰ ਨਿਯਮ ਵੀ ਲਾਗੂ ਨਹੀਂ ਕੀਤੇ ਗਏ ਹਨ, ਫਿਰ ਵੀ ਉਨ੍ਹਾਂ ਤੋਂ ਲਗਾਤਾਰ ਗੈਰ-ਵਿੱਦਿਅਕ ਕੰਮ ਕਰਵਾਏ ਜਾ ਰਹੇ ਹਨ। ਆਗੂਆਂ ਨੇ ਦੱਸਿਆ ਕਿ ਇਸ ਸਮੇਂ ਸਕੂਲਾਂ ਵਿਚ ਬੋਰਡ ਪ੍ਰੀਖਿਆਵਾਂ ਦੀ ਤਿਆਰੀ ਜੰਗੀ ਪੱਧਰ ‘ਤੇ ਚੱਲ ਰਹੀ ਹੈ ਤੇ ਨਾਲ ਹੀ ਕੰਪਿਊਟਰ ਵਿਸ਼ੇ ਦੀਆਂ ਪ੍ਰੈਕਟੀਕਲ ਪ੍ਰੀਖਿਆਵਾਂ ਵੀ ਜਾਰੀ ਹਨ। ਅਜਿਹੇ ਹਾਲਾਤਾਂ ਵਿਚ ਅਧਿਆਪਕਾਂ ਉੱਤੇ ਵਾਧੂ ਡਿਊਟੀਆਂ ਲਗਾਉਣਾ ਨਾ ਸਿਰਫ਼ ਅਧਿਆਪਕਾਂ ਨਾਲ ਅਨਿਆਂ ਹੈ, ਸਗੋਂ ਵਿਦਿਆਰਥੀਆਂ ਦੀ ਪੜ੍ਹਾਈ ‘ਤੇ ਵੀ ਮਾੜਾ ਅਸਰ ਪੈ ਰਿਹਾ ਹੈ। ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਕੰਪਿਊਟਰ ਅਧਿਆਪਕਾਂ ਉੱਤੇ ਲਗਾਈਆਂ ਗਈਆਂ ਇਹ ਗੈਰ-ਵਿੱਦਿਅਕ ਡਿਊਟੀਆਂ ਤੁਰੰਤ ਪੂਰੀ ਤਰ੍ਹਾਂ ਰੱਦ ਕੀਤੀਆਂ ਜਾਣ, ਤਾਂ ਜੋ ਅਧਿਆਪਕ ਆਪਣਾ ਮੁੱਖ ਕੰਮ ਵਿਦਿਆਰਥੀਆਂ ਦੀ ਸਿੱਖਿਆ ਠੀਕ ਢੰਗ ਨਾਲ ਨਿਭਾ ਸਕਣ। ਆਗੂਆਂ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਜਲਦੀ ਕੋਈ ਢੁਕਵਾਂ ਹੱਲ ਨਾ ਕੱਢਿਆ ਗਿਆ ਤਾਂ ਕੰਪਿਊਟਰ ਅਧਿਆਪਕ ਆਉਣ ਵਾਲੇ ਸਮੇਂ ਵਿਚ ਸੰਘਰਸ਼ ਦਾ ਰਾਹ ਅਪਣਾਉਣ ਲਈ ਮਜਬੂਰ ਹੋਣਗੇ, ਜਿਸਦੀ ਪੂਰੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਜਗਤਾਰ ਸਿੰਘ, ਪਰਦੀਪ ਸਿੰਘ, ਨਰੇਸ਼ ਕੁਮਾਰ, ਰਣਜੀਤ ਸਿੰਘ, ਵਿਪਨ, ਸਚਿਨ ਮੁੰਜਾਲ, ਗੁਰਮੀਤ ਰਾਮ, ਸੰਜੀਵ ਕੁਮਾਰ, ਸ਼ਰਨਜੀਤ, ਗੁਰਪਾਲ, ਪ੍ਰਦੀਪ ਹੀਰਾ, ਮੈਡਮ ਪਿੰਕੀ, ਗੁਰਪ੍ਰੀਤ ਸਿੰਘ, ਹਰਮਿੰਦਰ ਸਿੰਘ, ਇੰਦਰਜੀਤ ਸਿੰਘ, ਬਾਲਕ੍ਰਿਸ਼ਨ, ਪ੍ਰਾਇਮਰੀ ਕੇਡਰ ਯੂਨੀਅਨ ਵੱਲੋਂ ਸੂਬਾ ਪ੍ਰਧਾਨ ਜਸਵੀਰ ਸਿੰਘ ਸੈਣੀ, ਇੰਟਕ ਤੋਂ ਜਸਬੀਰ ਭੰਗੂ, ਐੱਸਸੀ/ਬੀਸੀ ਯੂਨੀਅਨ ਫੈੱਡਰੇਸ਼ਨ ਤੋਂ ਰਾਮਪਾਲ, ਬੀਐੱਡ ਅਧਿਆਪਕ ਫਰੰਟ ਵੱਲੋਂ ਗੌਰਵ ਰਾਠੌਰ, ਮਾਸਟਰ ਕੇਡਰ ਯੂਨੀਅਨ ਵੱਲੋਂ ਸਕੱਤਰ ਅਰਜਨਜੀਤ ਸਿੰਘ, ਬਲਾਕ ਫਗਵਾੜਾ ਪ੍ਰਧਾਨ ਜਸਵਿੰਦਰ ਸਿੰਘ, ਕੁਲਦੀਪ ਸਿੰਘ ਅਧਿਆਪਕ ਦਲ ਵੱਲੋਂ ਸਤਨਾਮ ਸਿੰਘ ਤੇ ਵਰਿੰਦਰ ਸਿੰਘ ਕੰਬੋਜ ਹਾਜ਼ਰ ਸਨ।