ਪੱਤਰਕਾਰਾਂ ’ਤੇ ਝੂਠੇ ਕੇਸ ਪਾਉਣ ਦੀ ਆਗੂਆਂ ਵੱਲੋਂ ਨਿਖੇਧੀ
ਪੱਤਰਕਾਰਾਂ ਤੇ ਝੂਠੇ ਕੇਸ ਪਾ ਕੇ ਪਰਚੇ ਦਰਜ ਕਰਨ ਦੇ ਵਿਰੋਧ ਵਿੱਚ ਵੱਖ-ਵੱਖ ਆਗੂਆਂ ਵੱਲੋਂ ਜੋਰਦਾਰ ਨਿਖੇਧੀ
Publish Date: Mon, 05 Jan 2026 10:09 PM (IST)
Updated Date: Mon, 05 Jan 2026 10:11 PM (IST)

ਸੁਖਜਿੰਦਰ ਸਿੰਘ ਮੁਲਤਾਨੀ ਪੰਜਾਬੀ ਜਾਗਰਣ ਭੁਲੱਥ : ਬੀਤੇ ਦਿਨੀ ਮਾਲਵੇ ਅੰਦਰ ਪੱਤਰਕਾਰ ਮਨਿੰਦਰਜੀਤ ਸਿੰਘ ਸਿੱਧੂ, ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਤੇ ਆਰਟੀਆਈ ਕਾਰਕੁੰਨ ਮਾਣਿਕ ਗੋਇਲ ਸਮੇਤ ਦਸ ਜਣਿਆਂ ’ਤੇ ਝੂਠੇ ਕੇਸ ਪਾਉਣਾ ਲੋਕਤੰਤਰ ’ਤੇ ਸਿੱਧਾ ਹਮਲਾ ਹੈ। ਇਸ ਸਬੰਧੀ ਜ਼ੋਰਦਾਰ ਨਿਖੇਧੀ ਕਰਦਿਆਂ ਭਾਜਪਾ ਆਗੂ ਐੱਸਆਰ ਲੱਧੜ ਰਿਟਾਇਰਡ ਆਈਏਐੱਸ ਨੇ ਕਿਹਾ ਕਿ ਪੱਤਰਕਾਰਾਂ ’ਤੇ ਪਾਏ ਗਏ ਝੂਠੇ ਪਰਚੇ ਪਾ ਕੇ ਲੋਕ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ ਤੇ ਸਰਕਾਰ ਸੱਚ ਦੀ ਆਵਾਜ਼ ਉਠਾਉਣ ਵਾਲੇ ਲੋਕਾਂ ਨੂੰ ਦਬਾਉਣਾ ਚਾਹੁੰਦੀ ਹੈ, ਜੋ ਕਿ ਨਿੰਦਨਯੋਗ ਹੈ। ਭਾਜਪਾ ਪ੍ਰਧਾਨ ਰਮੇਸ਼ ਕੁਮਾਰ ਸ਼ਰਮਾ ਵੱਲੋਂ ਜ਼ੋਰਦਾਰ ਨਿਖੇਧੀ ਕਰਦਿਆਂ ਕਿਹਾ ਕਿ ਸੱਚਾਈ ਦਾ ਮੁੱਦਾ ਉਠਾਉਣ ਵਾਲੇ ਪੱਤਰਕਾਰਾਂ ਖਿਲਾਫ ਕੋਈ ਵੀ ਮਨਸੂਬਾ ਸਫਲ ਨਹੀਂ ਹੋਣ ਦਿੱਤਾ ਜਾਵੇਗਾ। ਭਾਜਪਾ ਆਗੂ ਹੀਰਕ ਜੋਸ਼ੀ ਨੇ ਕਿਹਾ ਕਿ ਪੱਤਰਕਾਰਤਾ ਲੋਕਤੰਤਰ ਦਾ ਚੌਥਾ ਥੰਮ ਹੈ, ਜਿਸ ਦੀ ਆਵਾਜ਼ ਨੂੰ ਕਦੇ ਵੀ ਦਬਾਇਆ ਨਹੀਂ ਜਾ ਸਕਦਾ। ਕੌਮੀ ਪ੍ਰਧਾਨ ਜੋਗਿੰਦਰ ਸਿੰਘ ਮਾਨ ਬੋਪਾਰਾਏ ਨੇ ਕਿਹਾ ਕਿ ਨਿਰਪੱਖ ਪੱਤਰਕਾਰ ਜੋ ਲੋਕਾਂ ਦੀ ਆਵਾਜ਼ ਨੂੰ ਉਠਾਉਂਦੇ ਹਨ ਤੇ ਸੱਚ ਲਿਖਦੇ ਹਨ ਅਸੀਂ ਉਨ੍ਹਾਂ ਦੇ ਹੱਕਾਂ ਲਈ ਸੰਘਰਸ਼ ਕਰਨ ਤੋਂ ਪਿੱਛੇ ਨਹੀਂ ਹਟਾਂਗੇ। ਰਿਟਾਇਰਡ ਮਾਸਟਰ ਰਾਜਪਾਲ ਨੇ ਕਿਹਾ ਕਿ ਸੱਚਾਈ ਲਿਖਣ ਵਾਲੇ ਪੱਤਰਕਾਰਾਂ ਦੀ ਕਲਮ ਨੂੰ ਦਬਾਇਆ ਨਹੀਂ ਜਾ ਸਕਦਾ, ਜਿਸ ਕਰਕੇ ਅਸੀਂ ਨਿਰਪੱਖ ਪੱਤਰਕਾਰਤਾ ਦੇ ਨਾਲ ਖੜਾਂਗੇ। ਐਡਵੋਕੇਟ ਕੁਲਵੰਤ ਸਿੰਘ ਸਹਿਗਲ ਪ੍ਰਧਾਨ ਬਾਰ ਐਸੋਸੀਏਸ਼ਨ ਭੁਲੱਥ ਨੇ ਕਿਹਾ ਕਿ ਜੋ ਪੱਤਰਕਾਰ ਸੱਚ ਲਿਖਣ ਤੋਂ ਪਿੱਛੇ ਨਹੀਂ ਹਟਦੇ, ਉਨ੍ਹਾਂ ਦਾ ਡੱਟ ਕੇ ਸਾਥ ਦੇਣਾ ਚਾਹੀਦਾ। ਉਨ੍ਹਾਂ ਕਿਹਾ ਕਿ ਪੱਤਰਕਾਰਾਂ ’ਤੇ ਪਾਏ ਝੂਠੇ ਕੇਸ ਵਾਪਸ ਲੈਣੇ ਚਾਹੀਦੇ ਹਨ ਤੇ ਲੋਕਤੰਤਰ ਦਾ ਸਤਿਕਾਰ ਕਰਨਾ ਚਾਹੀਦਾ ਹੈ।