ਮਸੀਹ ਨੌਜਵਾਨ ’ਤੇ ਹਮਲਾ ਕਰਨ ਵਾਲਿਆਂ ਤੇ ਹੋਵੇ ਸਖਤ ਕਾਰਵਾਈ : ਥੋਬਾ
ਗੁਰਦਾਸਪੁਰ ’ਚ ਮਸੀਹ ਨੌਜਵਾਨ ਤੇ ਜਾਨਲੇਵਾ ਹਮਲਾ ਕਰਨ ਵਾਲਿਆਂ ਤੇ ਹੋਵੇ ਸਖਤ ਕਾਰਵਾਈ : ਸੁਭਾਸ਼ ਥੋਬਾ
Publish Date: Mon, 02 Feb 2026 09:56 PM (IST)
Updated Date: Mon, 02 Feb 2026 09:58 PM (IST)

ਗਲਤ ਅਨਸਰਾਂ ਖ਼ਿਲਾਫ਼ ਸੰਘਰਸ਼ ਦਾ ਐਲਾਨ ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਪਿੰਡ ਭੰਗਵਾਂ, ਜ਼ਿਲ੍ਹਾ ਗੁਰਦਾਸਪੁਰ ਵਿਚ ਮਸੀਹ ਭਾਈਚਾਰੇ ਦੇ ਇਕ ਨੌਜਵਾਨ ’ਤੇ ਬੇਰਹਿਮੀ ਨਾਲ ਕੀਤਾ ਗਿਆ ਜਾਨਲੇਵਾ ਹਮਲਾ ਸਿਰਫ਼ ਇਕ ਵਿਅਕਤੀ ’ਤੇ ਹਮਲਾ ਨਹੀਂ, ਸਗੋਂ ਸਮਾਜਿਕ ਸਾਂਝ, ਅਮਨ ਤੇ ਭਾਈਚਾਰਕ ਏਕਤਾ ’ਤੇ ਸਿੱਧਾ ਵਾਰ ਹੈ ਤੇ ਇਸ ਘਟਨਾ ਨੇ ਸਾਫ਼ ਕਰ ਦਿੱਤਾ ਹੈ ਕਿ ਕੁੱਝ ਗਲਤ ਤੇ ਹੰਕਾਰੀ ਅਨਸਰ ਪੰਜਾਬ ਦੇ ਭਾਈਚਾਰਕ ਤਾਣੇ-ਬਾਣੇ ਨੂੰ ਤੋੜਨ, ਵਖਰੇਵਾਂ ਪੈਦਾ ਕਰਨ ਤੇ ਸਮਾਜ ਵਿਚ ਡਰ ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਜੋ ਭਵਿੱਖ ਵਿਚ ਪੰਜਾਬ ਲਈ ਘਾਤਕ ਸਾਬਤ ਹੋ ਸਕਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆ ਪੰਜਾਬ ਕ੍ਰਿਸ਼ਚੀਅਨ ਯੂਥ ਫੈਲੋਸ਼ਿਪ ਦੇ ਪੰਜਾਬ ਪ੍ਰਧਾਨ ਤੇ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਮੈਂਬਰ ਸੁਭਾਸ਼ ਥੋਬਾ ਨੇ ਕਿਹਾ ਕਿ ਇਸ ਜਾਨਲੇਵਾ ਹਮਲੇ ਤੋਂ ਬਾਅਦ ਪੰਜਾਬ ਕ੍ਰਿਸਚਨ ਯੂਥ ਫੈਲੋਸ਼ਿਪ ਪੂਰੀ ਤਰ੍ਹਾਂ ਪੀੜਤ ਪਰਿਵਾਰ ਦੇ ਨਾਲ ਖੜ੍ਹੀ ਹੋ ਗਈ ਹੈ। ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਗੁਰਦਾਸਪੁਰ ਤੋਂ ਐੱਸਐੱਮ ਰੰਧਾਵਾ, ਪੰਜਾਬ ਦੇ ਸੀਨੀਅਰ ਉਪ-ਪ੍ਰਧਾਨ ਈਸਾ ਦਾਸਟੋਨੀ, ਪੰਜਾਬ ਸਕੱਤਰ ਡਾ. ਗ੍ਰਿਫ਼ਨ, ਸਟੀਫਨ, ਅੰਮ੍ਰਿਤਸਰ ਪ੍ਰਧਾਨ ਵਿਲੀਅਮ ਜੱਟਾ, ਚੇਅਰਮੈਨ ਪੀਟਰ ਚੀਦਾ ਤੇ ਸਕੱਤਰ ਡੈਨੀਅਲ ਸਿੱਧੂ, ਵਾਰਸ ਮਸੀਹ, ਪ੍ਰਗਟ ਰਿਖੀਆ, ਯੂਥ ਪ੍ਰਧਾਨ ਪੰਜਾਬ ਮਹਿਲਾ ਵਿੰਗ ਪੰਜਾਬ ਦੇ ਪ੍ਰਧਾਨ ਮੈਡਮ ਪ੍ਰਵੀਨ ਭੱਟੀ ਸਮੇਤ ਕਈ ਅਹੁਦੇਦਾਰ ਮੌਜੂਦ ਸਨ। ਇਸ ਮੌਕੇ ਉਕਤ ਆਗੂਆਂ ਨੇ ਸਾਫ਼ ਕਿਹਾ ਕਿ ਇਹ ਜਾਨਲੇਵਾ ਹਮਲਾ ਬਹੁਤ ਹੀ ਨਿੰਦਣਯੋਗ ਹੈ ਤੇ ਅਜਿਹੇ ਅਨਸਰਾਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਣਾ ਚਾਹੀਦਾ। ਪੰਜਾਬ ਕ੍ਰਿਸਚਨ ਯੂਥ ਫੈਲੋਸ਼ਿਪ ਨੇ ਐੱਸਐੱਸਪੀ ਤੇ ਸਬੰਧਤ ਅਧਿਕਾਰੀਆਂ ਦਾ ਦੋਸ਼ੀਆਂ ਖਿਲਾਫ ਐੱਫਆਈਆਰ ਦਰਜ ਕਰਨ ’ਤੇ ਧੰਨਵਾਦ ਕੀਤਾ। ਐੱਸਐੱਸਪੀ ਨੇ ਇਹ ਵਿਸ਼ਵਾਸ ਵੀ ਦਵਾਇਆ ਕਿ ਮੈਡੀਕਲ ਰਿਪੋਰਟ ਦੇ ਧਿਆਨ ਹਿੱਤ ਜੁਰਮ ਵਿਚ ਵਾਧਾ ਕੀਤਾ ਜਾਵੇਗਾ। ਫੈਲੋਸ਼ਿਪ ਦੇ ਆਗੂਆਂ ਨੇ ਕਿਹਾ ਕਿ ਪਿੰਡ ਵਾਸੀਆਂ ਅਨੁਸਾਰ ਹਮਲਾ ਕਰਨ ਵਾਲੇ ਦੋਸ਼ੀ ਪਹਿਲਾਂ ਵੀ ਮਸੀਹ ਭਾਈਚਾਰੇ ਦੇ ਲੋਕਾਂ ਨੂੰ ਲਗਾਤਾਰ ਤੰਗ-ਪਰੇਸ਼ਾਨ ਕਰਦੇ ਰਹੇ ਹਨ। ਇਸ ਮੌਕੇ ਆਗੂਆਂ ਨੇ ਪੰਜਾਬ ਪੁਲਿਸ ਦੇ ਡੀਜੀਪੀ ਤੇ ਜ਼ਿਲ੍ਹਾ ਪ੍ਰਸ਼ਾਸਨ ਕੋਲ ਸਪੱਸ਼ਟ ਮੰਗ ਰੱਖੀ ਗਈ ਕਿ ਅਜਿਹੇ ਗਲਤ ਅਨਸਰ, ਜੋ ਸਮਾਜ ਵਿਚ ਫੁੱਟਾਂ ਪਾ ਰਹੇ ਹਨ ਤੇ ਅਮਨ-ਕਾਨੂੰਨ ਲਈ ਖ਼ਤਰਾ ਬਣ ਰਹੇ ਹਨ, ਉਨ੍ਹਾਂ ਨੂੰ ਜਲਦੀ ਤੋਂ ਜਲਦੀ ਸਲਾਖਾਂ ਪਿੱਛੇ ਧੱਕਿਆ ਜਾਵੇ, ਤਾਂ ਜੋ ਭਵਿੱਖ ਵਿਚ ਕੋਈ ਵੀ ਸਮਾਜਿਕ ਸਾਂਝ ਨਾਲ ਖੇਡਣ ਦੀ ਹਿੰਮਤ ਨਾ ਕਰ ਸਕੇ। ਫੈਲੋਸ਼ਿਪ ਦੇ ਚੇਅਰਮੈਨ ਪੀਟਰ ਚੀਦਾ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਮਸੀਹ ਭਾਈਚਾਰਾ ਅਮਨ ਤੇ ਕਾਨੂੰਨ ਵਿਚ ਵਿਸ਼ਵਾਸ ਰੱਖਦਾ ਹੈ, ਪਰ ਆਪਣੇ ਨੌਜਵਾਨਾਂ ‘ਤੇ ਹੋ ਰਹੇ ਜਾਨਲੇਵਾ ਹਮਲੇ ਹੁਣ ਬਰਦਾਸ਼ਤ ਨਹੀਂ ਕੀਤੇ ਜਾਣਗੇ। ਜੇ ਪ੍ਰਸ਼ਾਸਨ ਵੱਲੋਂ ਢਿੱਲ-ਮੱਠ ਵਰਤੀ ਗਈ, ਤਾਂ ਮਸੀਹ ਭਾਈਚਾਰਾ ਲੋਕਤੰਤਰਕ ਢੰਗ ਨਾਲ ਸੜਕਾਂ ‘ਤੇ ਉਤਰਣ ਲਈ ਮਜਬੂਰ ਹੋਵੇਗਾ। ਆਗੂਆਂ ਨੇ ਸਾਫ਼ ਕੀਤਾ ਕਿ ਦੋਸ਼ੀ ਇਹ ਗਲਤਫ਼ਹਮੀ ਨਾ ਪਾਲਣ ਕਿ ਪੀੜਤ ਗਰੀਬ ਪਰਿਵਾਰ ਨਾਲ ਸਬੰਧਤ ਹੈ ਤੇ ਉਸ ਨੂੰ ਦਬਾ ਲਿਆ ਜਾਵੇਗਾ। ਪੂਰਾ ਮਸੀਹ ਭਾਈਚਾਰਾ ਪੀੜਤ ਪਰਿਵਾਰ ਦੇ ਨਾਲ ਚੱਟਾਨ ਵਾਂਗ ਖੜ੍ਹਾ ਹੈ ਤੇ ਇਨਸਾਫ਼ ਤੋਂ ਘੱਟ ਕੁਝ ਵੀ ਮਨਜ਼ੂਰ ਨਹੀਂ ਕੀਤਾ ਜਾਵੇਗਾ।