ਪਿੰਡਾਂ ਤੇ ਸ਼ਹਿਰਾਂ ’ਚ ਆਵਾਰਾ ਕੁੱਤਿਆਂ ਦੀ ਦਹਿਸ਼ਤ
ਪਿੰਡਾਂ ਅਤੇ ਸ਼ਹਿਰਾਂ ਵਿੱਚ ਆਵਾਰਾ ਕੁੱਤਿਆਂ ਦੀ ਦਹਿਸ਼ਤ, ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ
Publish Date: Sat, 28 Feb 2026 10:40 PM (IST)
Updated Date: Sat, 28 Feb 2026 10:43 PM (IST)

ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਰਮਜੀਤ ਸਿੰਘ, ਪੰਜਾਬੀ ਜਾਗਰਣ ਡਡਵਿੰਡੀ : ਪਿੰਡਾਂ ਤੇ ਸ਼ਹਿਰਾਂ ਵਿਚ ਆਵਾਰਾ ਕੁੱਤਿਆਂ ਦੀ ਦਹਿਸ਼ਤ ਦਿਨੋਂ-ਦਿਨ ਵਧਦੀ ਜਾ ਰਹੀ ਹੈ। ਬੱਚਿਆਂ, ਔਰਤਾਂ ਤੇ ਬਜ਼ੁਰਗਾਂ ‘ਤੇ ਹਮਲਿਆਂ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ, ਜਿਸ ਕਾਰਨ ਲੋਕਾਂ ਵਿਚ ਡਰ ਤੇ ਗੁੱਸਾ ਦੋਵੇਂ ਵਧ ਰਹੇ ਹਨ। ਤਾਜ਼ਾ ਮਾਮਲਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨਛੋਹ ਪ੍ਰਾਪਤ ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਦੇ ਨੇੜਲੇ ਪਿੰਡ ਗਿੱਲਾਂ ਵਿਚ ਸਾਹਮਣੇ ਆਇਆ, ਜਿਥੇ ਖੂੰਖਾਰ ਆਵਾਰਾ ਕੁੱਤਿਆਂ ਦੇ ਝੁੰਡ ਨੇ ਇਕ ਪ੍ਰਵਾਸੀ ਮਜ਼ਦੂਰ ਦੇ 8 ਸਾਲਾ ਬੱਚੇ ਸੂਰਜ ‘ਤੇ ਹਮਲਾ ਕਰ ਦਿੱਤਾ। ਜਾਣਕਾਰੀ ਮੁਤਾਬਕ ਬੱਚਾ ਆਪਣੇ ਘਰ ਦੇ ਨੇੜੇ ਖੇਡ ਰਿਹਾ ਸੀ ਕਿ ਅਚਾਨਕ 5-6 ਕੁੱਤਿਆਂ ਨੇ ਉਸ ਨੂੰ ਘੇਰ ਲਿਆ ਅਤੇ ਬੁਰੀ ਤਰ੍ਹਾਂ ਨੋਚਣਾ ਸ਼ੁਰੂ ਕਰ ਦਿੱਤਾ। ਇਲਾਜ ਦੌਰਾਨ ਬੱਚੇ ਦੀ ਮੌਤ ਹੋ ਗਈ। --ਅਵਾਰਾ ਕੁੱਤਿਆਂ ਨੂੰ ਫੜ੍ਹਨ ਦੀ ਕਾਰਵਾਈ ਕੀਤੀ ਜਾਵੇਗੀ : ਰਾਜੂ ਇਸ ਸਬੰਧੀ ਸੰਪਰਕ ਕਰਨ ‘ਤੇ ਨਗਰ ਕੌਂਸਲ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਦੀਪਕ ਧੀਰ ਰਾਜੂ ਨੇ ਕਿਹਾ ਕਿ ਅਸੀਂ ਇਕ ਮਤਾ ਪਾਇਆ ਹੈ ਤੇ ਸੋਮਵਾਰ ਨੂੰ ਇਕ ਮੀਟਿੰਗ ਸੱਦੀ ਹੈ ਜਿਸ ਵਿਚ “ਸ਼ਹਿਰ ਤੇ ਆਸ-ਪਾਸ ਦੇ ਇਲਾਕਿਆਂ ਵਿਚ ਆਵਾਰਾ ਕੁੱਤਿਆਂ ਨੂੰ ਕਾਬੂ ਕਰਕੇ ਤੇ ਉਨ੍ਹਾਂ ਦੀ ਨਸਬੰਦੀ ਕਰਕੇ ਉਨ੍ਹਾਂ ਨੂੰ ਇਕ ਜਗ੍ਹਾ ਰੱਖਿਆ ਜਾਵੇਗਾ ਤੇ ਕੈਪਚਰ ਟੀਮਾਂ ਬਣਾ ਕੇ ਜਿਥੇ ਵੀ ਸ਼ਿਕਾਇਤ ਮਿਲੇਗੀ ਉਥੇ ਤੁਰੰਤ ਪਹੁੰਚ ਕੇ ਅਵਾਰਾ ਕੁੱਤਿਆਂ ਨੂੰ ਫੜ੍ਹਨ ਦੀ ਕਾਰਵਾਈ ਕੀਤੀ ਜਾਵੇਗੀ।” -- ਕੁੱਤੇ ਦੇ ਕੱਟਣ ’ਤੇ ਤੁਰੰਤ ਐਂਟੀ ਰੇਬੀਜ਼ ਦਾ ਟੀਕਾ ਲਗਵਾਇਆ ਜਾਵੇ : ਡਾ. ਸੇਠੀ ਸਿਵਲ ਹਸਪਤਾਲ ਟਿੱਬਾ (ਸੁਲਤਾਨਪੁਰ ਲੋਧੀ) ਦੇ ਐੱਸਐੱਮਓ. ਡਾ. ਸਰਬਇੰਦਰ ਸਿੰਘ ਸੇਠੀ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ “ਜੇ ਕਿਸੇ ਵਿਅਕਤੀ ਨੂੰ ਕੁੱਤਾ ਕੱਟ ਲਵੇ ਤਾਂ ਸਭ ਤੋਂ ਪਹਿਲਾਂ ਜ਼ਖਮ ਵਾਲੀ ਥਾਂ ਨੂੰ ਘੱਟੋ-ਘੱਟ 10 ਤੋਂ 15 ਮਿੰਟ ਤੱਕ ਸਾਬਣ ਤੇ ਸਾਫ਼ ਪਾਣੀ ਨਾਲ ਚੰਗੀ ਤਰ੍ਹਾਂ ਧੋਇਆ ਜਾਵੇ। ਇਸ ਤੋਂ ਬਾਅਦ ਤੁਰੰਤ ਨੇੜਲੇ ਸਰਕਾਰੀ ਹਸਪਤਾਲ ਵਿਚ ਜਾ ਕੇ ਐਂਟੀ ਰੇਬੀਜ਼ ਟੀਕਾ ਲਗਵਾਇਆ ਜਾਵੇ। ਡਾਕਟਰ ਦੀ ਸਲਾਹ ਅਨੁਸਾਰ ਪੂਰਾ ਟੀਕਾਕਰਨ ਕੋਰਸ ਸਮੇਂ ਸਿਰ ਪੂਰਾ ਕਰਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਰੇਬੀਜ਼ ਇਕ ਘਾਤਕ ਬਿਮਾਰੀ ਹੈ ਪਰ ਸਮੇਂ ਸਿਰ ਇਲਾਜ ਤੇ ਟੀਕਾਕਰਨ ਨਾਲ ਇਸ ਤੋਂ ਪੂਰੀ ਤਰ੍ਹਾਂ ਬਚਾਅ ਸੰਭਵ ਹੈ। ਲੋਕ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਨਾ ਕਰਨ। --ਆਵਾਰਾ ਕੁੱਤਿਆਂ ਨੂੰ ਤੁਰੰਤ ਕਾਬੂ ਕੀਤਾ ਜਾਵੇ : ਪਿੰਡ ਵਾਸੀ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਆਵਾਰਾ ਕੁੱਤਿਆਂ ਨੂੰ ਤੁਰੰਤ ਕਾਬੂ ਕੀਤਾ ਜਾਵੇ ਤੇ ਅਜਿਹੀਆਂ ਦੁਖਦਾਈ ਘਟਨਾਵਾਂ ਤੋਂ ਬਚਾਅ ਲਈ ਠੋਸ ਕਦਮ ਚੁੱਕੇ ਜਾਣ। ਲੋਕਾਂ ਦਾ ਕਹਿਣਾ ਹੈ ਕਿ ਕਈ ਵਾਰ ਸ਼ਿਕਾਇਤਾਂ ਦੇ ਬਾਵਜੂਦ ਸਮੇਂ ਸਿਰ ਕਾਰਵਾਈ ਨਹੀਂ ਹੁੰਦੀ। ਜ਼ਿਕਰਯੋਗ ਹੈ ਕਿ ਇੰਨੀਆਂ ਖੌਫਨਾਕ ਘਟਨਾਵਾਂ ਤੋਂ ਬਾਅਦ ਵੀ ਪ੍ਰਸ਼ਾਸਨ ਵੱਲੋਂ ਲੰਬੇ ਸਮੇਂ ਦੀ ਯੋਜਨਾ ਨਾ ਬਣਾਉਣਾ ਚਿੰਤਾ ਦਾ ਵਿਸ਼ਾ ਹੈ। ਲੋਕਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਪਿੰਡਾਂ ਤੇ ਸ਼ਹਿਰਾਂ ਵਿਚ ਅਵਾਰਾ ਕੁੱਤਿਆਂ ਦੇ ਝੁੰਡਾਂ ਵੱਲੋਂ ਵੱਢਣ ’ਤੇ ਪ੍ਰਸ਼ਾਸ਼ਨ ਵੱਲੋਂ ਕੋਈ ਜਲਦੀ ਹੱਲ ਨਾ ਕੱਢਿਆ ਗਿਆ ਤਾਂ ਉਹ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ।