ਕਥਾਵਾਚਕ ਭਾਈ ਨਿਮਾਣਾ ਨੇ ਮਾਘੀ ਦਾ ਇਤਿਹਾਸ ਸੁਣਾਇਆ
ਕਥਾਵਾਚਕ ਭਾਈ ਲਖਵਿੰਦਰ ਸਿੰਘ ਨਿਮਾਣਾ ਨੇ ਸੰਗਤਾਂ ਨੂੰ ਮਾਘੀ ਦਾ ਇਤਿਹਾਸ ਸੁਣਾਕੇ ਕੀਤਾ ਨਿਹਾਲ
Publish Date: Fri, 16 Jan 2026 07:08 PM (IST)
Updated Date: Fri, 16 Jan 2026 07:09 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਸਰਬ ਸਾਂਝੀਵਾਲਤਾ ਦਾ ਉਪਦੇਸ਼ ਦਿੰਦਿਆਂ ਗੁਰਦੁਆਰਾ ਸਾਹਿਬ ਜਗਤਗੁਰੂ ਇਨਕਲਾਬ ਦੇ ਮੋਢੀ, ਮਹਾਨ ਪਰਉਪਕਾਰੀ, ਦਇਆ ਦੇ ਸਾਗਰ ਧੰਨ-ਧੰਨ ਸਾਹਿਬ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਪਿੰਡ ਸਲਾਰਪੁਰ ਵਿਖੇ ਸੰਗਰਾਂਦ ਤੇ ਮਾਘੀ ਦਾ ਪਾਵਨ ਦਿਹਾੜਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਵੇਰ ਤੋਂ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਉਪਰੰਤ ਦੀਵਾਨ ਹਾਲ ਵਿਚ ਦੁਪਹਿਰ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ’ਚ ਧਾਰਮਿਕ ਦੀਵਾਨ ਸਜਾਏ ਗਏ। ਦੀਵਾਨ ਦੌਰਾਨ ਰਾਗੀ ਢਾਡੀ ਜੱਥਿਆਂ ਨੇ ਜਿਥੇ ਕੀਰਤਨ ਤੇ ਢਾਡੀ ਵਾਰਾਂ ਨਾਲ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆਂ, ਉਥੇ ਹੀ ਪੰਥ ਪ੍ਰਸਿੱਧ ਇੰਟਰਨੈਸ਼ਨਲ ਕਥਾਵਾਚਕ ਗਿਆਨੀ ਲਖਵਿੰਦਰ ਸਿੰਘ ਨਿਮਾਣਾ ਨੇ ਕਥਾ ਰਾਹੀਂ ਮਾਘੀ ਦਾ ਪਵਿੱਤਰ ਇਤਿਹਾਸ ਸੁਣਾ ਸੰਗਤਾਂ ਨੂੰ ਨਿਹਾਲ ਕੀਤਾ। ਸਮਾਗਮ ਦੇ ਅਖੀਰ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾਂ ਵਿਚ ਸਰਬੱਤ ਦੇ ਭਲੇ ਲਈ ਅਰਦਾਸ ਬੇਨਤੀ ਕੀਤੀ ਗਈ। ਇਸ ਮੌਕੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵੱਲੋਂ ਰਾਗੀ, ਢਾਡੀ, ਕਥਾਵਾਚਕ ਤੇ ਸਹਿਯੋਗੀਆਂ ਨੂੰ ਗੁਰੂ ਘਰ ਦੀ ਬਖਸਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਅਤੇ ਸਮੂਹ ਸੰਗਤਾਂ ਨੂੰ ਮਾਘੀ ਦੀਆਂ ਵਧਾਈਆਂ ਦਿੱਤੀਆਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਦੀਵਾਨ ਉਪਰੰਤ ਆਈਆਂ ਸੰਗਤਾਂ ’ਚ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਗਿਆ। ਇਸ ਮੌਕੇ ਲਛਮਣ ਦਾਸ ਨੰਬਰਦਾਰ ਪ੍ਰਧਾਨ, ਸੈਕਟਰੀ ਮਾਸਟਰ ਕੁਲਦੀਪ ਕੁਮਾਰ, ਪੰਚ ਗੁਰਪ੍ਰੀਤ ਸਿੰਘ, ਸੁਰਜੀਤ ਸਿੰਘ, ਸਰਪੰਚ ਜਸਵੰਤ ਕੁਮਾਰ, ਪਰਮਜੀਤ, ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।