ਫਗਵਾੜਾ ਦੇ ਪੇਪਰ ਚੌਂਕ ’ਚ ਲਗਾਈ ਜਾਵੇ ਸ਼ਹੀਦ ਭਗਤ ਸਿੰਘ ਦੀ ਮੂਰਤੀ : ਰਾਜੂ ਚਹਿਲ
ਫਗਵਾੜਾ ਦੇ ਪੇਪਰ ਚੌਂਕ ਵਿੱਚ ਲਗਾਈ ਜਾਵੇ ਸ਼ਹੀਦ ਭਗਤ ਸਿੰਘ ਦੀ ਮੂਰਤੀ : ਰਾਜੂ ਚਹਿਲ
Publish Date: Thu, 19 Mar 2026 07:11 PM (IST)
Updated Date: Thu, 19 Mar 2026 07:13 PM (IST)

ਪੰਜਾਬੀ ਜਾਗਰਣ ਫਗਵਾੜਾ : ਸ਼ਹੀਦ ਭਗਤ ਸਿੰਘ ਵੈੱਲਫੇਅਰ ਸੋਸਾਇਟੀ ਦਾ ਇਕ ਵਫਦ ਅੱਜ ਸੋਸਾਇਟੀ ਦੇ ਚੇਅਰਮੈਨ ਰਾਜੂ ਚਹਿਲ ਤੇ ਪ੍ਰਧਾਨ ਸ਼ਿਵ ਸ਼ਰਮਾ ਦੀ ਅਗਵਾਈ ਵਿਚ ਮੇਅਰ ਰਾਮਪਾਲ ਉੱਪਲ ਨੂੰ ਮਿਲਿਆ। ਇਸ ਦੌਰਾਨ ਸੋਸਾਇਟੀ ਦੇ ਮੈਂਬਰਾਂ ਨੇ ਮੇਅਰ ਉੱਪਲ ਨੂੰ ਮੰਗ ਪੱਤਰ ਸੌਂਪਦੇ ਹੋਏ ਜੀਟੀ ਰੋਡ ਫਲਾਈਓਵਰ ਦੇ ਹੇਠਾਂ ਸਥਿਤ ਪੇਪਰ ਚੌਂਕ ਵਿਚ ਸ਼ਹੀਦ ਭਗਤ ਸਿੰਘ ਦੀ ਮੂਰਤੀ ਸਥਾਪਿਤ ਕਰਨ ਦੀ ਮੰਗ ਕੀਤੀ। ਮੰਗ ਪੱਤਰ ਦੇਣ ਤੋਂ ਬਾਅਦ ਰਾਜੂ ਚਹਿਲ ਤੇ ਸ਼ਿਵ ਸ਼ਰਮਾ ਨੇ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਮੌਜੂਦਾ ਸਰਕਾਰ ਦੇ ਕਾਰਜਕਾਲ ਦੌਰਾਨ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਤੇ ਉਨ੍ਹਾਂ ਦੇ ਪੈਤ੍ਰਿਕ ਪਿੰਡ ਖਟਕੜ ਕਲਾਂ ਦਾ ਨਾਮ ਪੂਰੇ ਵਿਸ਼ਵ ਵਿਚ ਗੂੰਜਿਆ ਹੈ ਕਿਉਂਕਿ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਵਿਚ ਮੌਜੂਦਾ ਸਰਕਾਰ ਦੇ ਕਾਰਜਕਾਲ ਦੀ ਸ਼ੁਰੂਆਤ ਹੀ ਸ਼ਹੀਦ ਦੇ ਪੈਤ੍ਰਿਕ ਪਿੰਡ ਖਟਕੜ ਕਲਾਂ ਤੋਂ ਹੋਈ ਸੀ। ਮੁੱਖ ਮੰਤਰੀ ਭਗਵੰਤ ਮਾਨ ਦੇ ਆਦੇਸ਼ ਅਨੁਸਾਰ ਪੰਜਾਬ ਦੇ ਸਾਰੇ ਸਰਕਾਰੀ ਦਫਤਰਾਂ ਵਿਚ ਸ਼ਹੀਦ ਦੀ ਮੂਰਤੀ ਲਗਾ ਕੇ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਦੇਣ ਦਾ ਕੰਮ ਵੀ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਫਗਵਾੜਾ ਦੇ ਪੇਪਰ ਚੌਂਕ (ਗੋਲ ਚੌਂਕ) ਦਾ ਨਾਮ 2006 ਵਿਚ ਤਤਕਾਲੀ ਫਗਵਾੜਾ ਨਗਰ ਕੌਂਸਲ ਵੱਲੋਂ ਸ਼ਹੀਦ ਭਗਤ ਸਿੰਘ ਦੇ ਨਾਮ ਤੇ ਰੱਖਣ ਦਾ ਪ੍ਰਸਤਾਵ ਪਾਸ ਕੀਤਾ ਗਿਆ ਸੀ ਕਿਉਂਕਿ ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇ ਨੂੰ ਫਗਵਾੜਾ ਦੇ ਪੇਪਰ ਚੌਂਕ ਤੋਂ ਬੰਗਾ ਰੋਡ ਵਾਲੀ ਸੜਕ ਹੀ ਸ਼ਹੀਦ ਭਗਤ ਸਿੰਘ ਦੇ ਪੈਤ੍ਰਿਕ ਪਿੰਡ ਖਟਕੜ ਕਲਾਂ ਨਾਲ ਜੋੜਦੀ ਹੈ। ਉਨ੍ਹਾਂ ਕਿਹਾ ਕਿ ਸਮੂਹ ਫਗਵਾੜਾ ਵਾਸੀਆਂ ਦੀ ਦਿਲੀ ਇੱਛਾ ਹੈ ਕਿ ਇਸ ਸਾਲ ਸ਼ਹੀਦ ਭਗਤ ਸਿੰਘ ਦੇ ਬਲਿਦਾਨ ਦਿਵਸ 23 ਮਾਰਚ ਨੂੰ ਸਮਰਪਿਤ ਕਰਕੇ ਸ਼ਹੀਦ ਦੀ ਮੂਰਤੀ ਉਕਤ ਚੌਂਕ ਵਿਚ ਸਥਾਪਿਤ ਕਰਕੇ ਨਗਰ ਨਿਗਮ ਵੱਲੋਂ ਵੀ ਸੱਚੀ ਸ਼ਰਧਾਂਜਲੀ ਦਿੱਤੀ ਜਾਵੇ।