ਮਿਹਨਤ ਕਰਨ ਵਾਲੇ ਨੌਜਵਾਨਾਂ ਨੂੰ ਮਿਲੇਗੀ ਵੱਡੀ ਜ਼ਿੰਮੇਵਾਰੀ : ਝਿੰਜਰ
ਯੂਥ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਤਨਵੀਰ ਸਿੰਘ ਰੰਧਾਵਾ ਦੇ ਘਰ ਪਹੁੰਚੇ ਸੂਬਾ ਪ੍ਰਧਾਨ ਝਿੰਜਰ ਦਾ ਕੀਤਾ ਸਵਾਗਤ
Publish Date: Mon, 16 Mar 2026 07:07 PM (IST)
Updated Date: Mon, 16 Mar 2026 07:10 PM (IST)

-ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤਨਵੀਰ ਸਿੰਘ ਰੰਧਾਵਾ ਦੇ ਘਰ ਪਹੁੰਚੇ ਸੂਬਾ ਪ੍ਰਧਾਨ ਝਿੰਜਰ -2027 ’ਚ ਅਕਾਲੀ ਦਲ ਨੇ ਗੱਠਜੋੜ ਤੋਂ ਬਿਨਾਂ ਇਕੱਲੇ ਚੋਣ ਲੜਨ ਦਾ ਕੀਤਾ ਦਾਅਵਾ ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਪਾਰਟੀ ਵੱਲੋਂ ਯੂਥ ਵਿੰਗ ਨੂੰ ਮਜ਼ਬੂਤ ਕਰਨ ਲਈ ਪੰਜਾਬ ਯੂਥ ਮਿਲਣੀ ਤਹਿਤ ਯੂਥ ਵਿੰਗ ਦੇ ਸੂਬਾ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਕਪੂਰਥਲਾ ਵਿਖੇ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤਨਵੀਰ ਸਿੰਘ ਰੰਧਾਵਾ ਦੇ ਘਰ ਪਹੁੰਚੇ। ਇਸ ਦੌਰਾਨ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤਨਵੀਰ ਸਿੰਘ ਰੰਧਾਵਾ ਤੇ ਹੋਰ ਅਹੁਦੇਦਾਰਾਂ ਵੱਲੋਂ ਸੂਬਾ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਸੂਬਾ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਕਿਹਾ ਕਿ ਪਾਰਟੀ ਲਈ ਦਿਨ-ਰਾਤ ਇਕ ਕਰਨ ਵਾਲੇ ਵਰਕਰਾਂ ਨੂੰ ਅੱਗੇ ਲਿਆ ਕੇ ਅਹੁਦੇ ਦਿੱਤੇ ਜਾਣਗੇ। ਉੱਥੇ ਹੀ ਸੂਬਾ ਪ੍ਰਧਾਨ ਝਿੰਜਰ ਨੇ ਔਰਤਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਟਿੱਪਣੀ ਉੱਪਰ ਵੀ ਤੰਜ਼ ਕੱਸਿਆ ਤੇ 2027 ਦੀ ਵਿਧਾਨ ਸਭਾ ਚੋਣਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਕੱਲੇ ਤੌਰ ’ਤੇ ਲੜਨ ਦੀ ਗੱਲ ਆਖੀ। 2027 ਦੀਆਂ ਚੋਣਾਂ ਤੋਂ ਪਹਿਲਾਂ ਯੂਥ ਵਿੰਗ ਦੇ ਸੂਬਾ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਵੱਲੋਂ ਨੌਜਵਾਨਾਂ ਨੂੰ ਪਾਰਟੀ ਨਾਲ ਜੋੜਨ ਦੇ ਯਤਨਾਂ ਤਹਿਤ ਉਨ੍ਹਾਂ ਨੂੰ ਪਾਰਟੀ ਵਿਚ ਸ਼ਾਮਲ ਕੀਤਾ ਜਾ ਰਿਹਾ ਹੈ। ਝਿੰਜਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਕ ਅਜਿਹੀ ਪਾਰਟੀ ਹੈ ਜੋ ਪੰਜਾਬ ਦੀ ਆਪਣੀ ਮਾਂ ਪਾਰਟੀ ਹੈ। ਪਿਛਲੇ ਸਮੇਂ ਦੌਰਾਨ ਪੰਜਾਬ ਦੇ ਨੌਜਵਾਨ ਦੂਜੀਆਂ ਪਾਰਟੀਆਂ ’ਚ ਭੁੱਲੇ-ਭਟਕੇ ਸ਼ਾਮਲ ਹੋ ਗਏ ਸਨ, ਜੋ ਸਮੇਂ ਅਨੁਸਾਰ ਅਸਲੀ ਚਿਹਰੇ ਤੋਂ ਜਾਣੂ ਹੋ ਗਏ ਹਨ। ਇਸ ਲਈ ਨੌਜਵਾਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਪਾਰਟੀ ਯੂਥ ਵਿੰਗ ਵਿਚ ਸ਼ਾਮਲ ਕਰਕੇ ਬਣਦਾ ਮਾਨ-ਸਨਮਾਨ ਦੇ ਰਹੀ ਹੈ। ਆਉਣ ਵਾਲੀਆਂ ਚੋਣਾਂ ਨੂੰ ਦੇਖਦੇ ਹੋਏ ਪੰਜਾਬ ਦੇ ਨੌਜਵਾਨਾਂ, ਕਿਸਾਨਾਂ, ਬਜ਼ੁਰਗਾਂ, ਔਰਤਾਂ, ਵਪਾਰੀਆਂ, ਮੁਲਾਜ਼ਮਾਂ ਸਮੇਤ ਹਰ ਵਰਗ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਯੂਥ ਵਿੰਗ ਵੱਲੋਂ ਪਿੰਡਾਂ ਤੇ ਸ਼ਹਿਰਾਂ ਅੰਦਰ ਚੰਗੀ ਮਿਹਨਤ ਕਰਨ ਵਾਲੇ ਨੌਜਵਾਨਾਂ ਨੂੰ ਪਾਰਟੀ ਵੱਲੋਂ ਵੱਡਾ ਮਾਨ-ਸਨਮਾਨ ਦੇ ਕੇ ਵੱਡੀਆਂ ਜ਼ਿੰਮੇਵਾਰੀਆਂ ਸੌਂਪੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਜਿੱਤੇ ਨੌਜਵਾਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਯੂਥ ਵਿੰਗ ਵਿਚ ਵੀ ਵੱਡੀ ਜ਼ਿੰਮੇਵਾਰੀ ਦਿੱਤੀ ਜਾਵੇਗੀ। ਝਿੰਜਰ ਨੇ ਸੂਬਾ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਵਿਧਾਨ ਸਭਾ ਵਿਚ ਕੀਤੀ ਗਈ ਟਿੱਪਣੀ ਨੂੰ ਨਿੰਦਣਯੋਗ ਦੱਸਿਆ। ਇਸ ਦੇ ਨਾਲ ਹੀ ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਮਹਿਲਾ ਦਿਵਸ ਨੂੰ ਸੰਬੋਧਨ ਕਰਦਿਆਂ ਔਰਤਾਂ ਪ੍ਰਤੀ ਪੇਸ਼ ਕੀਤੇ ਗਏ ਵਿਚਾਰਾਂ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਮਾਈ ਭਾਗੋ ਦੇ ਅਸਲ ਵਾਰਸ ਲੋਕਾਂ ਦੀਆਂ ਧੀਆਂ ਪ੍ਰਤੀ ਅਜਿਹੇ ਬੋਲ ਨਹੀਂ ਬੋਲਦੇ, ਜੋ ਮੁੱਖ ਮੰਤਰੀ ਮਾਨ ਨੇ ਬੋਲੇ ਹਨ। ਇਹ ਔਰਤ ਜਾਤ ਦਾ ਅਪਮਾਨ ਹੈ। ਇਸ ਮੌਕੇ ਉਨ੍ਹਾਂ ਇਹ ਵੀ ਕਿਹਾ ਕਿ ਪਾਰਟੀ ਦਾ ਯੂਥ ਵਿੰਗ ਪਾਰਟੀ ਦੀ ਰੀੜ ਦੀ ਹੱਡੀ ਹੈ, ਜੋ ਆਉਣ ਵਾਲੀਆਂ 2027 ਵਿਧਾਨ ਸਭਾ ਚੋਣਾਂ ਵਿਚ ਪਾਰਟੀ ਨੂੰ ਜਿੱਤ ਪ੍ਰਾਪਤ ਕਰਨ ਲਈ ਵੱਡਾ ਰੋਲ ਅਦਾ ਕਰੇਗਾ। 2027 ਦੀਆਂ ਚੋਣਾਂ ਨੂੰ ਲੈ ਕੇ ਸੂਬਾ ਯੂਥ ਪ੍ਰਧਾਨ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਆਪਣੇ ਦਮ ’ਤੇ ਇਕੱਲੇ ਹੀ ਇਹ ਚੋਣ ਲੜੇਗਾ ਤੇ ਕਿਸੇ ਨਾਲ ਕੋਈ ਗੱਠਜੋੜ ਨਹੀਂ ਹੋਵੇਗਾ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਐੱਚਐੱਸ ਵਾਲੀਆ, ਜ਼ਿਲ੍ਹਾ ਪ੍ਰਧਾਨ ਦਲਵਿੰਦਰ ਸਿੰਘ ਸਿੱਧੂ, ਐੱਸਸੀ ਵਿੰਗ ਪੰਜਾਬ ਦੇ ਮੀਤ ਪ੍ਰਧਾਨ ਜੀਆ ਲਾਲ ਨਾਹਰ, ਜ਼ਿਲ੍ਹਾ ਮੀਤ ਪ੍ਰਧਾਨ ਮੇਜਰ ਸਿੰਘ, ਜ਼ਿਲ੍ਹਾ ਮੀਤ ਪ੍ਰਧਾਨ ਜੋਗਿੰਦਰ ਸਿੰਘ, ਜ਼ਿਲ੍ਹਾ ਮੀਤ ਪ੍ਰਧਾਨ ਭੋਲਾ ਵਡਾਲਾ, ਪ੍ਰੀਤਮ ਸਿੰਘ, ਯੂਥ ਆਗੂ ਸਰਬਜੀਤ ਸਿੰਘ, ਅਮਰਜੀਤ ਸਿੰਘ, ਹਰਜੀਤ ਸਿੰਘ ਪ੍ਰਭਜੀਤ ਸਿੰਘ, ਜਸਪਾਲ ਸਿੰਘ, ਚਰਨਜੀਤ ਸਿੰਘ, ਜਿੰਦਰ ਵਡਾਲਾ, ਕਰਮ ਸਿੰਘ ਆਦਿ ਹਾਜ਼ਰ ਸਨ।