22 ਦੀ ਰੈਲੀ ’ਚ ਹੁੰਮ ਹੁਮਾ ਕੇ ਪਹੁੰਚਣ ਅਧਿਆਪਕ : ਜੀਟੀਯੂ
ਟੀਈਟੀ ਸ਼ਰਤ ਲਾਜ਼ਮੀ ਵਿਰੁੱਧ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੂਬਾ ਪੱਧਰੀ ਰੈਲੀ 22 ਨੂੰ : ਸੁਖਚੈਨ/ ਸੰਦੀਪ /ਨਰੇਸ਼
Publish Date: Sat, 21 Feb 2026 08:32 PM (IST)
Updated Date: Sat, 21 Feb 2026 08:33 PM (IST)

ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਗੌਰਮਿੰਟ ਟੀਚਰ ਯੂਨੀਅਨ (ਜੀਟੀਯੂ) ਦੇ ਜ਼ਿਲ੍ਹਾ ਪ੍ਰਧਾਨ ਸੁਖਚੈਨ ਬੱਧਣ, ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਸੰਦੀਪ ਕੁਮਾਰ, ਜ਼ਿਲ੍ਹਾ ਪ੍ਰਧਾਨ ਨਰੇਸ਼ ਕੋਹਲੀ, ਪੰਜਾਬ ਸੁਬਾਰਡੀਨੇਟ ਸਰਵਿਸ ਫੈੱਡਰੇਸ਼ਨ ਦੇ ਆਗੂ ਤਰਮਿੰਦਰ ਮੱਲ੍ਹੀ ਨੇ ਟੀਈਟੀ ਸ਼ਰਤ ਲਾਜ਼ਮੀ ਕਰਨ ਦੇ ਵਿਰੋਧ ਵਿਚ ਸੰਘਰਸ਼ ਦੀ ਰੂਪਰੇਖਾ ਤਿਆਰ ਕਰਨ ਹਿੱਤ ਤੇ ਰੈਲੀ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਂਦੇ ਹੋਏ ਮੀਟਿੰਗ ਕੀਤੀ। ਯੂਨੀਅਨ ਆਗੂਆਂ ਵੱਲੋਂ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਸਿੱਖਿਆ ਵਿਭਾਗ ਵੱਲੋਂ ਪੱਤਰ ਜਾਰੀ ਕਰਕੇ 2010 ਤੋਂ ਪਹਿਲਾਂ ਭਰਤੀ ਹੋਏ ਅਧਿਆਪਕਾਂ ਦੀਆਂ ਤਰੱਕੀਆਂ ’ਤੇ ਜ਼ਬਰੀ ਟੈੱਟ ਦੀ ਸ਼ਰਤ ਥੋਪੀ ਜਾ ਰਹੀ ਹੈ, ਜਿਸ ਕਾਰਨ ਇਸ ਫੈਸਲੇ ਤੋਂ ਪ੍ਰਭਾਵਿਤ ਹੋਣ ਵਾਲੇ ਅਧਿਆਪਕਾਂ ਨੂੰ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਦੇ ਰੋਸ ਵਜੋਂ ਅਧਿਆਪਕ ਵਰਗ ਦੀਆਂ ਸਮੂਹ ਜਥੇਬੰਦੀਆਂ ਵੱਲੋਂ ਸਾਂਝੇ ਤੌਰ ’ਤੇ ਸੂਬਾ ਪੱਧਰੀ ਮਹਾਂਰੋਸ ਪ੍ਰਦਰਸ਼ਨ 22 ਫ਼ਰਵਰੀ ਨੂੰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਕੀਤਾ ਜਾ ਰਿਹਾ ਹੈ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਸਾਂਝੇ ਅਧਿਆਪਕ ਮੋਰਚੇ ਵਿਚ ਸ਼ਾਮਿਲ ਜਥੇਬੰਦੀਆਂ ਤੇ ਭਰਾਤਰੀ ਅਧਿਆਪਕ ਜਥੇਬੰਦੀਆਂ ਦੀ 22 ਫਰਵਰੀ ਦੀ ਆਨੰਦਪੁਰ ਸਾਹਿਬ ਦੀ ਮਹਾਂਰੈਲੀ ਦੀ ਤਿਆਰੀ ਦੇ ਦਬਾਅ ਸਦਕਾ ਸਿੱਖਿਆ ਮੰਤਰੀ ਪੰਜਾਬ ਨੇ ਜਥੇਬੰਦੀਆਂ ਨਾਲ ਮੀਟਿੰਗ ਕੀਤੀ ਹੈ, ਜਿਸ ਵਿਚ ਟੈੱਟ ਦੇ ਮਸਲੇ ਦਾ ਸਾਰਥਕ ਹੱਲ ਕਰਨ ਲਈ ਰੀਵਿਊ ਪਟੀਸ਼ਨ ਦਾਖਲ ਕਰਨ ਤੇ ਆਰਡੀਨੈਂਸ ਜਾਰੀ ਕਰਨ ਦੀ ਮੰਗ ਕੀਤੀ ਗਈ ਪਰ ਹਾਲੇ ਤੱਕ ਇਸ ਦਾ ਕੋਈ ਹੱਲ ਨਹੀਂ ਨਿਕਲਿਆ। ਇਸ ਕਾਰਨ ਪੰਜਾਬ ਦੇ ਸਮੂਹ ਅਧਿਆਪਕਾਂ ਨੂੰ ਅਪੀਲ ਹੈ ਕਿ ਟੈੱਟ ਦੇ ਮਸਲੇ ਦਾ ਹੱਲ ਕਰਵਾਉਣ ਦੇ ਪਹਿਲੇ ਪੜਾਅ ਦੇ ਸੰਘਰਸ਼ ਲਈ ਕੱਲ੍ਹ 22 ਫਰਵਰੀ ਨੂੰ ਆਨੰਦਪੁਰ ਸਾਹਿਬ ਦੀ ਮਹਾਂਰੈਲੀ ਵਿਚ ਹੁੰਮ ਹੁੰਮਾ ਕੇ ਪਹੁੰਚਣ। ਇਸ ਮੌਕੇ ਰਜਿੰਦਰ ਸ਼ਰਮਾ, ਜਗਤਾਰ ਸਿੰਘ ਨਡਾਲੀ, ਹਰਨੇਕ ਸਿੰਘ ਸੰਧਰ, ਨਰਿੰਦਰਜੀਤ ਸਿੰਘ ਗਿੱਲ, ਜਸਵੀਰ ਚੰਦ, ਸੁਰਿੰਦਰਪਾਲ ਸਿੰਘ ਚੀਦਾ, ਕੁਲਦੀਪ ਸਿੰਘ ਮੈਰੀਪੁਰ, ਮਨੋਜ ਕੁਮਾਰ, ਦਲਬੀਰ ਸਿੰਘ, ਅੰਕੁਸ਼ ਨਾਰੰਗ, ਜਗਜੀਤ ਸਿੰਘ, ਸੁਖਵਿੰਦਰ ਸਿੰਘ, ਜਸਪਾਲ ਸਿੰਘ, ਰਮਨਦੀਪ ਸਿੰਘ,ਅਵਤਾਰ ਸਿੰਘ ਈਸ਼ਰਵਾਲ, ਕੁਲਵਿੰਦਰ ਸਿੰਘ ਸਿੱਧੂ, ਅਵਤਾਰ ਸਿੰਘ ਤੋਪਖਾਨਾ, ਅਮਨ ਓਬਰਾਏ, ਬਲਵਿੰਦਰ ਸਿੰਘ, ਜਸਵੰਤ ਸਿੰਘ, ਤਰਮਿੰਦਰ ਸਿੰਘ ਮੱਲੀ, ਸੁਖਦੇਵ ਸਿੰਘ ਮੰਗੂਪੁਰ, ਸੁਰਜੀਤ ਸਿੰਘ ਮੋਠਾਂਵਾਲ, ਰਾਕੇਸ਼ ਕੁਮਾਰ ਜੱਬੋਵਾਲ, ਇੰਦਰ ਵੀਰ ਅਰੋੜਾ, ਮਲਕੀਤ ਸਿੰਘ ਗੋਤਰਾ, ਵਿਨੋਦ ਕੁਮਾਰ ਫਗਵਾੜਾ ਵੱਲੋਂ ਸਮੂਹ ਅਧਿਆਪਕ ਵਰਗ ਨੂੰ ਮਿਤੀ 22 ਫ਼ਰਵਰੀ ਨੂੰ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਵਿਚ ਸ਼ਾਮਲ ਹੋ ਕੇ ਸੰਘਰਸ਼ ਵਿਚ ਸਹਿਯੋਗ ਕਰਨ ਦੀ ਅਪੀਲ ਕੀਤੀ ਗਈ।