ਵਿਸ਼ਵ ਵਾਤਾਵਰਣ ਦਿਵਸ-2026 ਮੌਕੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ’ਚ ਸਮਾਗਮ ਕਰਵਾਇਆ
ਵਿਸ਼ਵ ਵਾਤਾਵਰਣ ਦਿਵਸ 2026 ਮੌਕੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਵਿਖੇ ਰਾਜ ਪੱਧਰੀ ਸਮਾਗਮ ਆਯੋਜਿਤ
Publish Date: Fri, 05 Jun 2026 07:36 PM (IST)
Updated Date: Fri, 05 Jun 2026 07:38 PM (IST)

ਸੁਖਪਾਲ ਸਿੰਘ ਹੁੰਦਲ, ਪੰਜਾਬੀ ਜਾਗਰਣ ਕਪੂਰਥਲਾ : ਵਿਗਿਆਨ, ਤਕਨਾਲੋਜੀ ਅਤੇ ਵਾਤਾਵਰਣ ਵਿਭਾਗ ਵੱਲੋਂ ਪੁਸ਼ਪਾ ਗੁਜਰਾਲ ਸਾਇੰਸ ਸਿਟੀ (ਪੀਜੀਐੱਸਸੀ) ਕਪੂਰਥਲਾ ਵਿਖੇ ਵਿਸ਼ਵ ਵਾਤਾਵਰਣ ਦਿਵਸ-2026 ਮਨਾਉਣ ਲਈ ਸੂਬਾ ਪੱਧਰੀ ਸਮਾਗਮ ਕਰਵਾਇਆ ਗਿਆ। ਵਿਸ਼ਵ ਵਾਤਾਵਰਣ ਦਿਵਸ ਹਰ ਸਾਲ 5 ਜੂਨ ਨੂੰ ਸੰਯੁਕਤ ਰਾਸ਼ਟਰ (ਯੂ.ਐਨ.) ਵੱਲੋਂ 1972 ਵਿੱਚ ਕਰਵਾਈ ਗਈ ਮਨੁੱਖੀ ਵਾਤਾਵਰਣ ਬਾਰੇ ਸਟਾਕਹੋਮ ਕਾਨਫਰੰਸ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਇਹ ਵਾਤਾਵਰਣ ਪ੍ਰਤੀ ਜਾਗਰੂਕਤਾ ਅਤੇ ਜ਼ਮੀਨੀ ਪੱਧਰ ’ਤੇ ਕਾਰਵਾਈਆਂ ਨੂੰ ਉਤਸ਼ਾਹਿਤ ਕਰਨ ਲਈ ਸੰਯੁਕਤ ਰਾਸ਼ਟਰ ਦਾ ਪ੍ਰਮੁੱਖ ਸਮਾਗਮ ਹੈ। ਇਸ ਸਾਲ ਵਿਸ਼ਵ ਵਾਤਾਵਰਣ ਦਿਵਸ ਦਾ ਥੀਮ ਜਲਵਾਯੂ ਪਰਿਵਰਤਨ ਲਈ ਕਾਰਵਾਈਆਂ ਰੱਖਿਆ ਗਿਆ ਹੈ। ਸਮਾਗਮ ਦੇ ਮੁੱਖ ਮਹਿਮਾਨ ਪਦਮਸ਼੍ਰੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਮੈਂਬਰ ਰਾਜ ਸਭਾ ਨੇ ਸਮਾਗਮ ਦਾ ਉਦਘਾਟਨ ਕਰਦਿਆਂ ਸੂਬੇ ਵਿੱਚ ਬੂਟੇ ਲਗਾਉਣ ਸਬੰਧੀ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ। ਉਨ੍ਹਾਂ ਲੋਕਾਂ ਨੂੰ ਬੂਟੇ ਵੰਡਦੇ ਹੋਏ ਬੂਟੇ ਲਗਾਉਣ ਦੇ ਇਸ ਨੇਕ ਕਾਰਜ ਵਿੱਚ ਵੱਧ ਤੋਂ ਵੱਧ ਹਿੱਸਾ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਦੇਸੀ ਪ੍ਰਜਾਤੀਆਂ ਦੇ ਬੂਟੇ ਲਗਾਉਣ ਅਤੇ ਵਾਤਾਵਰਣ ਦੀ ਸੁਰੱਖਿਆ ਲਈ ਪਲਾਸਟਿਕ ਦੀ ਵਰਤੋਂ ਤੋਂ ਗੁਰੇਜ਼ ਕਰਨ ਦਾ ਸੱਦਾ ਦਿੱਤਾ। ਪੰਜਾਬ ਵਿੱਚ ਵਾਤਾਵਰਣ, ਕੁਦਰਤ ਅਤੇ ਕੁਦਰਤੀ ਸਰੋਤਾਂ ਦੀ ਸੰਭਾਲ ਦੇ ਖੇਤਰ ਵਿੱਚ ਸ਼ਾਨਦਾਰ ਅਤੇ ਮਹੱਤਵਪੂਰਨ ਯੋਗਦਾਨ ਪਾਉਣ ਵਾਲੀਆਂ ਸੰਸਥਾਵਾਂ ਨੂੰ ਸਨਮਾਨਿਤ ਕਰਦਿਆਂ ਮਾਣਯੋਗ ਮੈਂਬਰ ਰਾਜ ਸਭਾ ਨੇ ਸ਼ਹੀਦ ਭਗਤ ਸਿੰਘ ਪੰਜਾਬ ਰਾਜ ਸਾਲਾਨਾ ਵਾਤਾਵਰਣ ਪੁਰਸਕਾਰ-2026 ਤਿੰਨ ਸੰਸਥਾਵਾਂ ਨੂੰ ਪ੍ਰਦਾਨ ਕੀਤਾ। ਇਨ੍ਹਾਂ ਵਿੱਚ ਗ੍ਰਾਮ ਪੰਚਾਇਤ ਪਿੰਡ ਸੀਚੇਵਾਲ, ਜ਼ਿਲ੍ਹਾ ਜਲੰਧਰ (ਗ੍ਰਾਮ ਪੰਚਾਇਤ ਸ਼੍ਰੇਣੀ), ਸਕੂਲ ਆਫ਼ ਐਮੀਨੈਂਸ, ਪਿੰਡ ਛੱਜਲੀ, ਜ਼ਿਲ੍ਹਾ ਸੰਗਰੂਰ (ਸੰਸਥਾ ਸ਼੍ਰੇਣੀ) ਅਤੇ ਸਲਿਊਟ ਦ ਟ੍ਰੀਜ਼, ਰਾਜਪੁਰਾ, ਜ਼ਿਲ੍ਹਾ ਪਟਿਆਲਾ (ਐੱਨਜੀਓ/ਸਮਾਜਿਕ ਸੰਸਥਾ ਸ਼੍ਰੇਣੀ) ਸ਼ਾਮਲ ਹਨ। ਹਰ ਸੰਸਥਾ ਨੂੰ ਇੱਕ ਲੱਖ ਰੁਪਏ ਦੀ ਨਕਦ ਰਾਸ਼ੀ, ਪ੍ਰਸ਼ੰਸਾ ਪੱਤਰ ਅਤੇ ਚਾਂਦੀ ਦੀ ਯਾਦਗਾਰੀ ਤਖ਼ਤੀ ਭੇਟ ਕੀਤੀ ਗਈ । ਮਾਣਯੋਗ ਮੈਂਬਰ ਰਾਜ ਸਭਾ ਨੇ ਪੰਜਾਬ ਰਾਜ ਵਿਗਿਆਨ ਅਤੇ ਤਕਨਾਲੋਜੀ ਕੌਂਸਲ (ਪੀਐੱਸਸੀਐੱਸਟੀ) ਵੱਲੋਂ ਪ੍ਰਾਪਤ 553 ਐਂਟਰੀਆਂ ਵਿੱਚੋਂ ਚੁਣੇ ਗਏ 8 ਜ਼ਮੀਨੀ ਪੱਧਰ ਦੇ ਨਵੀਨਤਾਕਾਰਾਂ ਨੂੰ ਵੀ ਸਨਮਾਨਿਤ ਕੀਤਾ, ਜਿਨ੍ਹਾਂ ਨੇ ਆਪਣੀ ਸੂਝ-ਬੂਝ ਅਤੇ ਤਕਨੀਕੀ ਜਾਣਕਾਰੀ ਨਾਲ ਘੱਟ ਲਾਗਤ ਵਾਲੀਆਂ ਦੇਸੀ ਤਕਨਾਲੋਜੀਆਂ ਅਤੇ ਪ੍ਰਕਿਰਿਆਵਾਂ ਵਿਕਸਿਤ ਕੀਤੀਆਂ ਹਨ। ਇਸ ਮੌਕੇ ਸਟੇਟ ਕੌਂਸਲ ਫਾਰ ਐਜੂਕੇਸ਼ਨ, ਰਿਸਰਚ ਐਂਡ ਟ੍ਰੇਨਿੰਗ (ਐੱਸਸੀਈਆਰਟੀ) ਨੂੰ ਪੰਜਾਬ ਦੇ ਸਰਕਾਰੀ ਸਕੂਲਾਂ ਲਈ 208 ਗ੍ਰੀਨ ਸਕੂਲ ਪੁਰਸਕਾਰ ਹਾਸਲ ਕਰਨ ਲਈ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਗ੍ਰੀਨ ਸਕੂਲ ਪ੍ਰੋਗਰਾਮ ਤਹਿਤ ਗ੍ਰੀਨ ਆਡਿਟ ਕਰਵਾਉਣ ਵਿੱਚ ਦੇਸ਼ ਪੱਧਰ ’ਤੇ ਸਰਵੋਤਮ ਜ਼ਿਲ੍ਹਾ ਪੁਰਸਕਾਰ ਹਾਸਲ ਕਰਨ ਲਈ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਵੀ ਸਨਮਾਨਿਤ ਕੀਤਾ ਗਿਆ। ਸਮਾਗਮ ਦੇ ਮੁੱਖ ਮਹਿਮਾਨ ਪਦਮਸ਼੍ਰੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਵਾਤਾਵਰਣ ਸੰਭਾਲ ਅਤੇ ਪੰਜਾਬ ਵਿੱਚ ਪਾਣੀ ਪ੍ਰਦੂਸ਼ਣ ਘਟਾਉਣ ਸਬੰਧੀ ਆਪਣੇ ਵਿਚਾਰ ਅਤੇ ਤਜਰਬੇ ਸਾਂਝੇ ਕੀਤੇ। ਉਨ੍ਹਾਂ ਨੇ ਸੂਬੇ ਵਿੱਚ ਮੌਜੂਦਾ ਵਾਤਾਵਰਣਕ ਚੁਣੌਤੀਆਂ ਪ੍ਰਤੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਪੰਜਾਬ ਸਰਕਾਰ ਵੱਲੋਂ ਸਮੇਂਬੱਧ ਢੰਗ ਨਾਲ ਵਿਆਪਕ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਪੰਜਾਬ ਨੂੰ ਸਾਫ਼-ਸੁਥਰੇ ਅਤੇ ਹਰਿਆਲੇ ਵਾਤਾਵਰਣ ਵਾਲੇ ਸਭ ਤੋਂ ਸਿਹਤਮੰਦ ਰਾਜਾਂ ਵਿੱਚ ਸ਼ਾਮਲ ਕੀਤਾ ਜਾ ਸਕੇ। ਉਨ੍ਹਾਂ ਨੇ ਲੋਕਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਅਨੁਸਾਰ ਆਪਣੇ ਆਲੇ-ਦੁਆਲੇ ਅਤੇ ਵਾਤਾਵਰਣ ਦੀ ਸੰਭਾਲ ਵਿੱਚ ਯੋਗਦਾਨ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ‘ਪਵਣ’ ਨੂੰ ਗੁਰੂ, ‘ਪਾਣੀ’ ਨੂੰ ਪਿਤਾ ਅਤੇ ‘ਧਰਤੀ’ ਨੂੰ ਮਾਤਾ ਦੇ ਬਰਾਬਰ ਮੰਨ ਕੇ ਕੁਦਰਤ ਦਾ ਸਤਿਕਾਰ ਅਤੇ ਸੰਭਾਲ ਕਰਨ ਦਾ ਸੰਦੇਸ਼ ਦਿੱਤਾ ਹੈ। ਉਨ੍ਹਾਂ ਪੰਜਾਬ ਦੇ ਨਾਗਰਿਕਾਂ ਨੂੰ ਵਾਤਾਵਰਣ-ਅਨੁਕੂਲ ਜੀਵਨ ਸ਼ੈਲੀ ਅਪਣਾਉਣ ਅਤੇ ਕੁਦਰਤ ਅਤੇ ਇਸ ਦੇ ਸਾਰੇ ਤੱਤਾਂ ਪ੍ਰਤੀ ਦਇਆ ਅਤੇ ਸੰਵੇਦਨਸ਼ੀਲਤਾ ਰੱਖਣ ਦਾ ਸੱਦਾ ਵੀ ਦਿੱਤਾ। ਵਿਗਿਆਨ, ਤਕਨਾਲੋਜੀ ਅਤੇ ਵਾਤਾਵਰਣ ਵਿਭਾਗ ਦੇ ਸਕੱਤਰ ਕਮਲ ਕਿਸ਼ੋਰ ਯਾਦਵ ਨੇ ਵੀ ਸਮਾਗਮ ਨੂੰ ਸੰਬੋਧਨ ਕਰਦਿਆਂ ਸੂਬੇ ਵਿੱਚ ਵਾਤਾਵਰਣਕ ਚੁਣੌਤੀਆਂ ਨਾਲ ਨਜਿੱਠਣ ਲਈ ਚਲਾਏ ਜਾ ਰਹੇ ਵੱਖ-ਵੱਖ ਮਹੱਤਵਪੂਰਨ ਪ੍ਰੋਗਰਾਮਾਂ ਅਤੇ ਨੀਤੀਗਤ ਪਹਿਲਕਦਮੀਆਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਸ਼ੈਲਿੰਦਰ ਕੌਰ, ਆਈਐੱਫਐੱਸ, ਵਿਸ਼ੇਸ਼ ਸਕੱਤਰ ਵਿਗਿਆਨ, ਤਕਨਾਲੋਜੀ ਅਤੇ ਵਾਤਾਵਰਣ-ਕਮ-ਡਾਇਰੈਕਟਰ ਜਨਰਲ ਪੀਜੀਐੱਸਸੀ, ਆਕਾਸ਼ ਬਾਂਸਲ ਡਿਪਟੀ ਕਮਿਸ਼ਨਰ ਕਪੂਰਥਲਾ, ਡਾ. ਲਵਨੀਤ ਦੁਬੇ ਮੈਂਬਰ ਸਕੱਤਰ ਪੀਪੀਸੀਬੀ, ਇੰਜੀਨੀਅਰ ਪ੍ਰੀਤਪਾਲ ਸਿੰਘ ਕਾਰਜਕਾਰੀ ਨਿਰਦੇਸ਼ਕ ਪੀਐੱਸਸੀਐੱਸਟੀ, ਡਾ. ਅਜੀਤ ਦੁਆ ਸੀਈਓ-ਪੀਬੀਟੀਆਈ, ਡਾ. ਰਾਜੇਸ਼ ਗਰੋਵਰ ਡਾਇਰੈਕਟਰ ਪੀਜੀਐਸਸੀ ਅਤੇ ਡਾ. ਗੁਰਹਰਮਿੰਦਰ ਸਿੰਘ ਸਾਂਝੇ ਡਾਇਰੈਕਟਰ, ਡਾਇਰੈਕਟੋਰੇਟ ਆਫ ਐਨਵਾਇਰਨਮੈਂਟ ਐਂਡ ਕਲਾਈਮੇਟ ਚੇਂਜ ਵੀ ਹਾਜ਼ਰ ਸਨ । ਸਮਾਗਮ ਵਿੱਚ ਲਗਭਗ 400 ਭਾਗੀਦਾਰਾਂ ਨੇ ਸ਼ਮੂਲੀਅਤ ਕੀਤੀ, ਜਿਨ੍ਹਾਂ ਵਿੱਚ ਪ੍ਰਮੁੱਖ ਵਾਤਾਵਰਣ ਪ੍ਰੇਮੀ, ਉਦਯੋਗਿਕ ਪ੍ਰਤੀਨਿਧੀ, ਸਮਾਜਿਕ ਸੰਸਥਾਵਾਂ, ਗੈਰ-ਸਰਕਾਰੀ ਸੰਸਥਾਵਾਂ ਅਤੇ ਸਕੂਲ-ਕਾਲਜਾਂ ਦੇ ਵਿਦਿਆਰਥੀ ਸ਼ਾਮਲ ਸਨ।