ਆਰਸੀਐੱਫ ’ਚ ਰਾਜਭਾਸ਼ਾ ਲਾਗੂਕਰਨ ਲਈ ਕੀਤੀਆਂ ਵਿਚਾਰਾਂ
ਰੇਲ ਕੋਚ ਫੈਕਟਰੀ ਕਪੂਰਥਲਾ ਵਿੱਚ ਰਾਜਭਾਸ਼ਾ ਲਾਗੂਕਰਨ ਮੀਟਿੰਗ ਦਾ ਆਯੋਜਨ
Publish Date: Mon, 06 Apr 2026 09:55 PM (IST)
Updated Date: Mon, 06 Apr 2026 09:59 PM (IST)

ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਰੇਲ ਕੋਚ ਫੈਕਟਰੀ (ਆਰਸੀਐੱਫ) ਕਪੂਰਥਲਾ ਵਿਚ ਅੱਜ ਰਾਜਭਾਸ਼ਾ ਨੀਤੀ ਦੇ ਪ੍ਰਭਾਵਸ਼ਾਲੀ ਲਾਗੂਕਰਨ ਨੂੰ ਹੋਰ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ ਰਾਜਭਾਸ਼ਾ ਲਾਗੂਕਰਨ ਕਮੇਟੀ ਦੀ ਮੀਟਿੰਗ ਆਯੋਜਿਤ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਮਹਾਂਪ੍ਰਬੰਧਕ ਆਰਸੀਐੱਫ ਕਪੂਰਥਲਾ ਅਜੇ ਨੰਦਨ ਨੇ ਕੀਤੀ। ਮੀਟਿੰਗ ਦੌਰਾਨ ਆਰਸੀਐੱਫ ਵਿਚ ਰਾਜਭਾਸ਼ਾ ਹਿੰਦੀ ਦੇ ਪ੍ਰਯੋਗ ਦੀ ਪ੍ਰਗਤੀ ਨਾਲ ਸਬੰਧਤ ਵੱਖ-ਵੱਖ ਮੱਦਾਂ ’ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਸੀਨੀਅਰ ਰਾਜਭਾਸ਼ਾ ਅਧਿਕਾਰੀ ਵਿਨੋਦ ਕਟੋਚ ਨੇ ਪਿਛਲੀ ਤਿਮਾਹੀ ਦੌਰਾਨ ਦਫ਼ਤਰੀ ਕੰਮਕਾਜ ਵਿਚ ਹਿੰਦੀ ਦੇ ਉਪਯੋਗ, ਪ੍ਰਗਤੀ ਤੇ ਭਵਿੱਖ ਦੀ ਕਾਰਜਯੋਜਨਾ ਸਬੰਧੀ ਵਿਸਤਰਿਤ ਰਿਪੋਰਟ ਪੇਸ਼ ਕੀਤੀ। ਮਹਾਂਪ੍ਰਬੰਧਕ ਅਜੇ ਨੰਦਨ ਨੇ ਰਾਜਭਾਸ਼ਾ ਵਿਭਾਗ ਵੱਲੋਂ ਹਿੰਦੀ ਦੇ ਪ੍ਰਚਾਰ-ਪ੍ਰਸਾਰ ਤੇ ਸਰਕਾਰੀ ਕੰਮਕਾਜ ਵਿਚ ਇਸਦੇ ਵਧਦੇ ਉਪਯੋਗ ਲਈ ਕੀਤੇ ਜਾ ਰਹੇ ਸਰਾਹੁਣਯੋਗ ਯਤਨਾਂ ਦੀ ਪ੍ਰਸ਼ੰਸਾ ਕੀਤੀ ਤੇ ਸਭ ਵਿਭਾਗਾਂ ਨੂੰ ਰਾਜਭਾਸ਼ਾ ਨੀਤੀ ਦੇ ਪ੍ਰਭਾਵਸ਼ਾਲੀ ਲਾਗੂਕਰਨ ਲਈ ਲਗਾਤਾਰ ਯਤਨ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਹਿੰਦੀ ਪੰਦਰਵਾੜੇ ਦੌਰਾਨ ਆਯੋਜਿਤ ਵੱਖ-ਵੱਖ ਮੁਕਾਬਲਿਆਂ ਜਿਵੇਂ ਨਿਬੰਧ ਮੁਕਾਬਲਾ, ਹਿੰਦੀ ਟਿੱਪਣੀ ਤੇ ਪ੍ਰਾਰੂਪ ਲੇਖਨ ਮੁਕਾਬਲਾ, ਹਿੰਦੀ ਵਾਕ ਮੁਕਾਬਲਾ ਤੇ ਰਾਜਭਾਸ਼ਾ ਉਤਕ੍ਰਿਸ਼ਟ ਸੇਵਾ ਪੁਰਸਕਾਰ ਦੇ ਜੇਤੂਆਂ ਨੂੰ ਸਨਮਾਨਿਤ ਕਰਦੇ ਹੋਏ ਇਨਾਮ ਵੰਡੇ ਗਏ। ਇਸ ਮੌਕੇ ਰਾਜਭਾਸ਼ਾ ਵਿਭਾਗ ਦੀ ਸਾਲਾਨਾ ਮੈਗਜ਼ੀਨ “ਅਰੁਣੋਦਯ” ਵੀ ਜਾਰੀ ਕੀਤੀ ਗਈ। ਮੀਟਿੰਗ ਦੀ ਸਮਾਪਤੀ ਰਾਜਭਾਸ਼ਾ ਹਿੰਦੀ ਦੇ ਵੱਧ ਤੋਂ ਵੱਧ ਪ੍ਰਯੋਗ ਤੇ ਪ੍ਰਸ਼ਾਸਕੀ ਕਾਰਜਾਂ ਵਿਚ ਇਸਦੀ ਪ੍ਰਭਾਵਸ਼ੀਲਤਾ ਵਧਾਉਣ ਦੇ ਸੰਕਲਪ ਨਾਲ ਕੀਤੀ ਗਈ।