7 ਮੋਟਰਾਂ ਦੀਆਂ ਤਾਰਾਂ ’ਤੇ ਸਟਾਰਟਰ ਚੋਰੀ
7 ਮੋਟਰਾਂ ਦੀਆਂ ਤਾਰਾਂ ’ਤੇ ਸਟਾਰਟਰ ਚੋਰੀ
Publish Date: Wed, 11 Mar 2026 06:59 PM (IST)
Updated Date: Wed, 11 Mar 2026 07:03 PM (IST)

ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸੁਲਤਾਨਪੁਰ ਲੋਧੀ ਹਲਕੇ ਦੇ ਨਾਮਵਰ ਪਿੰਡ ਡਡਵਿੰਡੀ ਵਿਖੇ ਬੀਤੀ ਰਾਤ 7 ਮੋਟਰਾਂ ਦੀਆਂ ਤਾਰਾਂ ਤੇ ਸਟਾਰਟਰ ਚੋਰੀ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਾਬਕਾ ਸਰਪੰਚ ਜਥੇਦਾਰ ਜਸਬੀਰ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਉਨ੍ਹਾਂ ਨੂੰ ਪਿੰਡ ਦੇ ਇਕ ਵਿਅਕਤੀ ਨੇ ਦੱਸਿਆ ਕਿ ਉਨ੍ਹਾਂ ਦੀ ਮੋਟਰ ਤੇ ਰਾਤ ਚੋਰੀ ਹੋ ਗਈ ਹੈ। ਉਨ੍ਹਾਂ ਆਪਣੀ ਮੋਟਰ ਤੇ ਜਾ ਕੇ ਦੇਖਿਆ ਤਾਂ ਮੋਟਰ ਦੇ ਕਮਰੇ ਦਾ ਜਿੰਦਰਾ ਟੁੱਟਾ ਹੋਇਆ ਸੀ ਤੇ ਮੋਟਰ ਦੀ ਤਾਰ ਗਾਇਬ ਸੀ। ਅੰਦਰ ਜਾ ਕੇ ਦੇਖਿਆ ਕਿ ਮੋਟਰ ਦਾ ਸਟਾਰਟਰ ਤੇ ਗਰਿਪ ਵੀ ਭੰਨ ਕੇ ਚੋਰਾਂ ਨੇ ਉਸ ਵਿਚੋਂ ਕੀਮਤੀ ਸਮਾਨ ਚੋਰੀ ਕਰ ਲਿਆ ਸੀ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਹੀ ਉਨ੍ਹਾਂ ਦੇ ਨਾਲ ਲਗਦੇ ਕਿਸਾਨ ਜਸਵਿੰਦਰ ਸਿੰਘ, ਗਿਆਨ ਸਿੰਘ ਸੰਧਾ, ਸੁਖਦੇਵ ਸਿੰਘ ਸੰਧਾ, ਹਰਜਿੰਦਰ ਸਿੰਘ ਸੰਧਾ, ਨਰਵਿੰਦਰ ਸਿੰਘ, ਚਰਨ ਸਿੰਘ ਜੱਜ ਤੇ ਬਲਦੇਵ ਸਿੰਘ ਸੰਧਾ ਦੀਆਂ ਮੋਟਰਾਂ ਦੀਆਂ ਤਾਰਾਂ ਤੇ ਸਟਾਰਟਰ ਵੀ ਚੋਰੀ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਬਹੁਤ ਵਾਰ ਪਿੰਡ ਦੇ ਆਲੇ-ਦੁਆਲੇ ਕਿਸਾਨਾਂ ਦੀਆਂ ਮੋਟਰਾਂ ਤੋਂ ਤਾਰ ਤੇ ਸਟਾਰਟਰ ਵੱਡੀ ਗਿਣਤੀ ਵਿਚ ਚੋਰੀ ਕੀਤੇ ਗਏ ਹਨ, ਜਿਸ ਨਾਲ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਇਲਾਕੇ ਵਿਚ ਸਰਗਰਮ ਇਸ ਚੋਰ ਗਿਰੋਹ ਨੂੰ ਤੁਰੰਤ ਕਾਬੂ ਕੀਤਾ ਜਾਵੇ ਤਾਂ ਜੋ ਕਿਸਾਨਾਂ ਦੇ ਹੋ ਰਹੇ ਲਗਾਤਾਰ ਨੁਕਸਾਨ ਰੋਕਿਆ ਜਾ ਸਕੇ।