- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੈਂਗਸਟਰ ਕਿਤੇ ਵੀ ਲੁਕਣ,

ਗੈਂਗਸਟਰ ਕਿਤੇ ਵੀ ਲੁਕਣ, ਬਖ਼ਸ਼ੇ ਨਹੀਂ ਜਾਣਗੇ
ਅਮਿਤ ਓਹਰੀ, ਪੰਜਾਬੀ ਜਾਗਰਣ
ਫਗਵਾੜਾ : ਜ਼ਿਲ੍ਹਾ ਕਪੂਰਥਲਾ ਦੇ ਐੱਸਐੱਸਪੀ ਗੌਰਵ ਤੂਰਾ (ਆਈਪੀਐੱਸ) ਨੇ ਪਿਛਲੇ ਦਿਨਾਂ ਦੌਰਾਨ ਜ਼ਿਲ੍ਹੇ ਵਿਚ ਵਾਪਰੀਆਂ ਅਪਰਾਧਕ ਘਟਨਾਵਾਂ ਨੂੰ ਬਹੁਤ ਗੰਭੀਰਤਾ ਨਾਲ ਲਿਆ ਹੈ। ਐੱਸਐੱਸਪੀ ਨੇ ਅਪਰਾਧੀਆਂ ਨੂੰ ਸਾਫ਼ ਚੇਤਾਵਨੀ ਦਿੱਤੀ ਹੈ ਕਿ ਜਾਂ ਤਾਂ ਉਹ ਜ਼ਿਲ੍ਹਾ ਛੱਡ ਦੇਣ ਜਾਂ ਫਿਰ ਜੇਲ੍ਹ ਜਾਣ ਲਈ ਤਿਆਰ ਰਹਿਣ। ਇਹ ਤੈਅ ਹੈ ਕਿ ਅਪਰਾਧੀਆਂ ਦਾ ਟਿਕਾਣਾ ਹੁਣ ਜੇਲ੍ਹ ਦੀਆਂ ਸਲਾਖਾਂ ਪਿੱਛੇ ਹੀ ਹੋਵੇਗਾ। ਉਨ੍ਹਾਂ ਨੇ ਅਪਰਾਧੀਆਂ ਨੂੰ ਜ਼ਿਲ੍ਹੇ ਤੋਂ ਬਾਹਰ ਚਲੇ ਜਾਣ ਦੀ ਸਲਾਹ ਵੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਅਪਰਾਧੀਆਂ ਨਾਲ ਸਖ਼ਤੀ ਨਾਲ ਹੀ ਪੇਸ਼ ਆਵੇਗੀ। ਐੱਸਐੱਸਪੀ ਗੌਰਵ ਤੂਰਾ ਨੇ ਸਪਸ਼ਟ ਕੀਤਾ ਕਿ ਜ਼ਿਲ੍ਹਾ ਪੁਲਿਸ ‘ਆਪ੍ਰੇਸ਼ਨ ਪ੍ਰਹਾਰ’ ਮੁਹਿੰਮ ਨੂੰ ਬਹੁਤ ਸਰਗਰਮੀ ਨਾਲ ਚਲਾ ਰਹੀ ਹੈ। ਇਸ ਮੁਹਿੰਮ ਦਾ ਮਕਸਦ ਗੈਂਗਸਟਰਾਂ ਤੇ ਉਨ੍ਹਾਂ ਦੇ ਸਹਿਯੋਗੀਆਂ ਦੇ ਪੂਰੇ ਨੈੱਟਵਰਕ ਨੂੰ ਤੋੜਨਾ ਹੈ। ਅਜਿਹੇ ’ਚ ਗੈਂਗਸਟਰ ਕਿਤੇ ਵੀ ਹੋਣ, ਕਿਸੇ ਵੀ ਕੋਨੇ ’ਚ ਲੁਕੇ ਹੋਣ, ਉਨ੍ਹਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਐੱਸਐੱਸਪੀ ਨੇ ਦੱਸਿਆ ਕਿ ਇਹ ਮੁਹਿੰਮ ਸਿਰਫ਼ ਪ੍ਰਤੀਕਾਤਮਕ ਨਹੀਂ ਹੈ, ਬਲਕਿ ਨੈੱਟਵਰਕ ਆਧਾਰਿਤ ਅਪਰਾਧ ਨੂੰ ਜੜ ਤੋਂ ਖਤਮ ਕਰਨ ਲਈ ਤਿਆਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਰਾਜ ਪੱਧਰ ‘ਤੇ ਚੱਲ ਰਹੀ ਇਸ ਮੁਹਿੰਮ ਦਾ ਮਕਸਦ ਸਾਫ਼ ਹੈ, ਪੰਜਾਬ ਨੂੰ ਗੈਂਗਸਟਰ ਸਭਿਆਚਾਰ ਤੋਂ ਮੁਕਤ ਕਰਨਾ ਤੇ ਡਰ ਦਾ ਮਾਹੌਲ ਖਤਮ ਕਰਨਾ।
ਐੱਸਐੱਸਪੀ ਗੌਰਵ ਤੂਰਾ ਨੇ ਗੈਂਗਸਟਰਾਂ, ਉਨ੍ਹਾਂ ਦੇ ਸਹਿਯੋਗੀਆਂ ਤੇ ਸਮਰਥਕਾਂ ਨੂੰ ਆਤਮਸਮਰਪਣ ਕਰਨ ਦੀ ਅਪੀਲ ਕੀਤੀ। ਉਨ੍ਹਾਂ ਭਰੋਸਾ ਦਿੱਤਾ ਕਿ ਸਰਕਾਰ ਉਨ੍ਹਾਂ ਨੂੰ ਸਮਾਜ ਦੀ ਮੁੱਖ ਧਾਰਾ ਵਿਚ ਵਾਪਸ ਲਿਆਉਣ ਵਿਚ ਸਹਿਯੋਗ ਕਰੇਗੀ। ਨਾਲ ਹੀ ਚੇਤਾਵਨੀ ਦਿੱਤੀ ਕਿ ਗੈਂਗਸਟਰ ਈਕੋਸਿਸਟਮ ਨੂੰ ਪੂਰੀ ਤਰ੍ਹਾਂ ਤੋੜਿਆ ਜਾਵੇਗਾ, ਆਰਥਿਕ ਲੈਣ-ਦੇਣ ਤੇ ਫੰਡਿੰਗ ਦੇ ਸਰੋਤ ਬੇਨਕਾਬ ਕੀਤੇ ਜਾਣਗੇ ਤੇ ਉਨ੍ਹਾਂ ਨੂੰ ਮਦਦ ਜਾਂ ਸੁਰੱਖਿਆ ਦੇਣ ਵਾਲਿਆਂ ਖ਼ਿਲਾਫ਼ ਜ਼ੀਰੋ ਟੋਲਰੈਂਸ ਦੀ ਨੀਤੀ ਅਪਣਾਈ ਜਾਵੇਗੀ।
ਉਨ੍ਹਾਂ ਕਿਹਾ ਕਿ ਗੈਂਗਸਟਰਾਂ ਦੀ ਅਪਰਾਧਕ ਆਮਦਨ ਦੀ ਡੂੰਘੀ ਜਾਂਚ ਕੀਤੀ ਜਾਵੇਗੀ। ਗੈਰਕਾਨੂੰਨੀ ਗਤੀਵਿਧੀਆਂ ਰਾਹੀਂ ਬਣਾਈ ਸੰਪਤੀਆਂ ਨੂੰ ਜ਼ਬਤ ਕੀਤਾ ਜਾਵੇਗਾ। ਉਨ੍ਹਾਂ ‘ਤੇ ਨਸ਼ਾ ਤਸਕਰਾਂ ਖ਼ਿਲਾਫ਼ ਅਪਣਾਏ ਗਏ ਮਾਡਲ ਦੀ ਤਰਜ਼ ‘ਤੇ ਕਾਰਵਾਈ ਹੋਵੇਗੀ। ਜ਼ਬਰਦਸਤੀ ਵਸੂਲੀ ਵਾਲੀਆਂ ਕਾਲਾਂ ‘ਤੇ ਪੂਰਨ ਪਾਬੰਦੀ ਤੇ ਤੁਰੰਤ ਕਾਰਵਾਈ ਦੇ ਹੁਕਮ ਵੀ ਦਿੱਤੇ ਗਏ ਹਨ। ਐੱਸਐੱਸਪੀ ਨੇ ਅੰਦਰੂਨੀ ਜਵਾਬਦੇਹੀ ‘ਤੇ ਸਖ਼ਤ ਰੁਖ ਅਪਣਾਉਂਦਿਆਂ ਕਿਹਾ ਕਿ ਜੇ ਕੋਈ ਪੁਲਿਸ ਕਰਮਚਾਰੀ ਗੈਂਗਸਟਰਾਂ ਦੀ ਮਦਦ ਕਰਦਾ ਪਾਇਆ ਗਿਆ ਤਾਂ ਉਸ ਨਾਲ ਵੀ ਗੈਂਗਸਟਰ ਵਾਂਗ ਹੀ ਸਲੂਕ ਕੀਤਾ ਜਾਵੇਗਾ। ਇਸ ਤੋਂ ਇਲਾਵਾ ਥਾਣਿਆਂ ਵਿਚ ਤਾਇਨਾਤ ਪੁਲਿਸ ਕਰਮਚਾਰੀਆਂ ਨੂੰ ਪੀੜਤਾਂ ਨਾਲ ਚੰਗਾ ਵਿਹਾਰ ਕਰਨ ਦੇ ਸਪਸ਼ਟ ਹੁਕਮ ਦਿੱਤੇ ਗਏ ਹਨ। ਥਾਣੇ ਆਉਣ ਵਾਲੇ ਹਰ ਵਿਅਕਤੀ ਨਾਲ ਸੱਭਿਆਚਾਰਕ ਭਾਸ਼ਾ ਵਰਤਣ ਤੇ ਸ਼ਿਕਾਇਤ ਮਿਲਦੇ ਹੀ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਪਹਿਲੇ ਦਿਨ ਤੋਂ ਹੀ ਦਿੱਤੇ ਗਏ ਹਨ।
ਬਾਕਸ
ਆਮ ਜਨਤਾ ਲਈ ਨਰਮ, ਅਪਰਾਧੀਆਂ ਲਈ ਸਖ਼ਤ ਹਨ ਗੌਰਵ ਤੂਰਾ
ਐੱਸਐੱਸਪੀ ਗੌਰਵ ਤੂਰਾ ਨੂੰ ਇਕ ਇਮਾਨਦਾਰ, ਸ਼ਾਂਤ ਸੁਭਾਅ ਤੇ ਡਿਊਟੀ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਪੁਲਿਸ ਅਧਿਕਾਰੀ ਵਜੋਂ ਜਾਣਿਆ ਜਾਂਦਾ ਹੈ। ਉਹ ਆਮ ਜਨਤਾ ਨਾਲ ਨਰਮ ਤੇ ਅਪਰਾਧੀਆਂ ਨਾਲ ਸਖ਼ਤ ਰਵੱਈਆ ਰੱਖਣ ਵਾਲੇ ਅਧਿਕਾਰੀ ਮੰਨੇ ਜਾਂਦੇ ਹਨ। ਅਪਰਾਧ ‘ਤੇ ਕੰਟਰੋਲ ਕਰਨਾ ਹਮੇਸ਼ਾ ਉਨ੍ਹਾਂ ਦੀ ਪਹਿਲ ਰਹੀ ਹੈ।
ਐੱਸਐੱਸਪੀ ਗੌਰਵ ਤੂਰਾ ਜ਼ਿਆਦਾਤਰ ਖੁਦ ਫੀਲਡ ਵਿਚ ਰਹਿਣ ਵਾਲੇ ਪੁਲਿਸ ਅਧਿਕਾਰੀ ਹਨ। ਉਨ੍ਹਾਂ ਕਿਹਾ ਕਿ ਉਹ ਦਫ਼ਤਰ ਵਿਚ ਬੈਠਣ ਦੀ ਬਜਾਏ ਮੈਦਾਨ ਵਿਚ ਰਹਿਣਾ ਪਸੰਦ ਕਰਦੇ ਹਨ। ਥਾਣਿਆਂ ਦੀ ਅਚਾਨਕ ਜਾਂਚ, ਘਟਨਾ ਸਥਲ ‘ਤੇ ਪਹੁੰਚਣਾ ਤੇ ਆਮ ਲੋਕਾਂ ਨਾਲ ਮਿਲ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਕਰਨਾ ਉਨ੍ਹਾਂ ਦੀ ਕਾਰਜਸ਼ੈਲੀ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਅਪਰਾਧ ਪ੍ਰਤੀ ਉਨ੍ਹਾਂ ਦੀ ਜ਼ੀਰੋ ਟੋਲਰੈਂਸ ਨੀਤੀ ਹਮੇਸ਼ਾ ਰਹੀ ਹੈ ਤੇ ਅੱਗੇ ਵੀ ਰਹੇਗੀ।
ਜੇਲ੍ਹ ਤੋਂ ਛੁੱਟ ਕੇ ਮੁੜ ਅਪਰਾਧ ਕਰਨ ਵਾਲਿਆਂ ’ਤੇ ਸਖ਼ਤ ਕਾਰਵਾਈ
ਐੱਸਐੱਸਪੀ ਗੌਰਵ ਤੂਰਾ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿਚ ਅਜਿਹੇ ਕਈ ਮਾਮਲੇ ਆਏ ਹਨ ਜਿਥੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਲੋਕ ਮੁੜ ਅਪਰਾਧ ਵਿਚ ਸ਼ਾਮਲ ਹੋ ਗਏ। ਹੁਣ ਇਹ ਲੋਕ ਪੁਲਿਸ ਲਈ ਸਿਰਦਰਦ ਬਣ ਚੁੱਕੇ ਹਨ। ਇਸ ਲਈ ਪੁਲਿਸ ਨੇ ਹੁਣ ਸਖ਼ਤ ਰਵੱਈਆ ਅਪਣਾਉਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਅਜਿਹੇ ਅਪਰਾਧੀਆਂ ਦੀ ਥਾਣਾ-ਵਾਰ ਸੂਚੀ ਤਿਆਰ ਕਰ ਕੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪੁਲਿਸ ਵੱਲੋਂ ਉਨ੍ਹਾਂ ਨੂੰ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਜੇ ਮੁੜ ਅਪਰਾਧ ਕੀਤਾ ਤਾਂ ਗੰਭੀਰ ਧਾਰਾਵਾਂ ਹੇਠ ਜੇਲ੍ਹ ਭੇਜਿਆ ਜਾਵੇਗਾ।