ਹੋਲੀ ਦੇ ਤਿਉਹਾਰ ’ਤੇ ਰੰਗਾਂ ਨਾਲ ਬਿਖਰੀਆਂ ਖੁਸ਼ੀਆਂ
ਹੋਲੀ ਦੇ ਤਿਉਹਾਰ ਮੌਕੇ ਰੰਗਾਂ ਨਾਲ ਖੂਬ ਖੁਸ਼ੀਆਂ ਬਿਖੇਰੀਆਂ
Publish Date: Thu, 05 Mar 2026 09:16 PM (IST)
Updated Date: Thu, 05 Mar 2026 09:17 PM (IST)

ਨੌਜਵਾਨਾਂ ਤੇ ਬੱਚਿਆਂ ਨੇ ਖੂਬ ਲਿਆ ਤਿਓਹਾਰ ਦਾ ਆਨੰਦ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਖੁਸ਼ੀਆਂ ਦੇ ਰੰਗ ਬਿਖੇਰਨ ਵਾਲਾ ਹੋਲੀ ਦਾ ਤਿਉਹਾਰ ਪਾਵਨ ਨਗਰੀ ਸੁਲਤਾਨਪੁਰ ਲੋਧੀ ਤੇ ਸਮੁਚੇ ਇਲਾਕੇ ਵਿਚ ਧੂਮਧਾਮ ਤੇ ਉਤਸ਼ਾਹ ਨਾਲ ਮਨਾਇਆ ਗਿਆ। ਪੂਰੀ ਪਾਵਨ ਨਗਰੀ ਹੋਲੀ ਦੇ ਰੰਗਾਂ ਵਿਚ ਰੰਗੀ ਹੋਈ ਵਿਖਾਈ ਦਿੱਤੀ। ਸਵੇਰ ਤੋਂ ਹੀ ਲੋਕ ਆਪਣੇ ਦੋਸਤਾਂ ਮਿੱਤਰਾਂ ਤੇ ਰਿਸ਼ਤੇਦਾਰਾਂ ਨੂੰ ਹੋਲੀ ’ਤੇ ਰੰਗਣ ਲਈ ਪਹੁੰਚੇ ਤੇ ਇਕ-ਦੂਜੇ ’ਤੇ ਰੰਗ ਲਗਾ ਕੇ ਹੋਲੀ ਦਾ ਆਨੰਦ ਮਾਣਿਆ। ਮੋਟਰਸਾਈਕਲਾਂ ਤੇ ਸਕੂਟਰੀਆਂ ’ਤੇ ਸਵਾਰ ਨੌਜਵਾਨਾਂ ਨੇ ਢੋਲ-ਢਮੱਕੇ ਨਾਲ ਖੂਬ ਮਸਤੀ ਕੀਤੀ। ਕਿਹਾ ਜਾਂਦਾ ਹੈ ਕਿ ਇਸ ਦਿਨ ਲੋਕ ਆਪੋ-ਆਪਣੀਆਂ ਰੰਜਿਸ਼ਾਂ ਭੁਲਾ ਕੇ ਇਕ-ਦੂਜੇ ਨੂੰ ਗਲੇ ਲਾਉਂਦੇ ਹਨ, ਜੇਕਰ ਕਿਸੇ ਨੂੰ ਗੁੱਸਾ ਆਉਂਦਾ ਹੈ ਤਾਂ ਉਹ ਇਕ-ਦੂਜੇ ਦੇ ਮੂੰਹ ’ਤੇ ਗੁਲਾਲ ਲਗਾ ਕੇ ਸ਼ਾਂਤ ਕੀਤਾ ਜਾ ਸਕਦਾ ਹੈ। ਹੋਲੀ ਦੇ ਤਿਉਹਾਰ ਮੌਕੇ ਸ਼ਹਿਰ ਦੇ ਵੱਖ-ਵੱਖ ਮਹੱਲਿਆਂ, ਪਿੰਡਾਂ ਵਿਚ ਨੌਜਵਾਨ ਲੜਕੇ, ਲੜਕੀਆਂ, ਔਰਤਾਂ ਤੇ ਬੱਚਿਆਂ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਨੌਜਵਾਨਾਂ ਨੇ ਨੱਚ ਕੇ ਤੇ ਇਕ-ਦੂਜੇ ’ਤੇ ਰੰਗ ਪਾ ਕੇ ਹੋਲੀ ਦਾ ਤਿਉਹਾਰ ਮਨਾਇਆ ਤੇ ਖੂਬ ਮਸਤੀ ਕੀਤੀ। ਨੰਨੇ ਮੁੰਨੇ ਬੱਚਿਆਂ ਨੇ ਵੀ ਪਿਚਕਾਰੀਆਂ, ਰੰਗਾਂ ਦੇ ਗੁਬਾਰਿਆਂ ਨਾਲ ਖੂਬ ਹੋਲੀ ਖੇਡੀ। ਹੋਲੀ ਦੇ ਤਿਉਹਾਰ ’ਤੇ ਹਲਕਾ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ, ਸਾਬਕਾ ਵਿਧਾਇਕ ਨਵਤੇਜ ਸਿੰਘ, ਹਲਕਾ ਇੰਚਾਰਜ ਆਪ ਸੱਜਣ ਸਿੰਘ ਚੀਮਾ, ਭਾਜਪਾ ਹਲਕਾ ਇੰਚਾਰਜ ਰਕੇਸ਼ ਕੁਮਾਰ ਨੀਟੂ ਨੇ ਵੀ ਸਮੂਹ ਇਲਾਕਾ ਨਿਵਾਸੀਆਂ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਹੋਲੀ ਦਾ ਤਿਉਹਾਰ ਸਾਡੇ ਧਰਮ ਤੇ ਸੰਸਕ੍ਰਿਤੀ ਦਾ ਪ੍ਰਤੀਕ ਹੈ। ਹੋਲੀ ਦੇ ਤਿਉਹਾਰ ’ਤੇ ਸਾਰਿਆਂ ਨੂੰ ਸਮਾਜ ਵਿਚ ਫੈਲੀਆਂ ਬੁਰਾਈਆਂ ਨੂੰ ਦੂਰ ਕਰਨ ਦਾ ਸੰਕਲਪ ਲੈਣਾ ਚਾਹੀਦਾ ਹੈ। ਰੰਗਾਂ ਤੇ ਖੁਸ਼ੀਆਂ ਦਾ ਪ੍ਰਤੀਕ ਹੋਲੀ ਦਾ ਤਿਉਹਾਰ ਸਾਨੂੰ ਸਾਂਝੀਵਾਲਤਾ ਦਾ ਸੰਦੇਸ਼ ਦਿੰਦਾ ਹੈ। ਹੋਲੀ ਦੇ ਤਿਉਹਾਰ ਮੌਕੇ ਬਾਜ਼ਾਰਾਂ ਤੇ ਗਲੀਆਂ ਵਿਚ ਮੋਟਰਸਾਈਕਲਾਂ ਤੇ ਹੁੜਦੰਗ ਮਚਾਉਣ ਵਾਲੇ ਤੇ ਜ਼ਬਰਦਸਤੀ ਰੰਗ ਪਾਉਣ ਵਾਲਿਆਂ ਨੂੰ ਥਾਣਾ ਸੁਲਤਾਨਪੁਰ ਲੋਧੀ ਦੇ ਐੱਸਐੱਚਓ ਹਰਿੰਦਰ ਸਿੰਘ ਦੀ ਅਗਵਾਈ ਵਾਲੀ ਪੁਲਿਸ ਟੀਮ ਨੇ ਖੂਬ ਸਬਕ ਸਿਖਾਇਆ ਤੇ ਕਈ ਬਿਗੜੈਲ ਨੌਜਵਾਨਾਂ ਦੇ ਚਲਾਨ ਵੀ ਕੱਟੇ ਤੇ ਕਈਆਂ ਨੂੰ ਪ੍ਰੇਮ ਪਿਆਰ ਨਾਲ ਤਿਉਹਾਰ ਮਨਾਉਣ ਲਈ ਪ੍ਰੇਰਿਤ ਵੀ ਕੀਤਾ।