ਪੀਟੀਯੂ ਵਿਖੇ ਨੈਕ ਐਕਰੀਡੇਸ਼ਨ ਪ੍ਰੋਸੈਸ ਵਿਸ਼ੇ ’ਤੇ ਲੈਕਚਰ ਕਰਵਾਇਆ
ਆਈ.ਕੇ.ਜੀ ਪੀ.ਟੀ.ਯੂ ਵਿਖੇ "ਨੈਕ ਐਕਰੀਡੇਸ਼ਨ ਪ੍ਰੋਸੈਸ" ਵਿਸ਼ੇ ਉੱਪਰ ਵਿਸ਼ੇਸ ਲੈਕਚਰ ਦਾ ਆਯੋਜਨ
Publish Date: Wed, 11 Mar 2026 10:07 PM (IST)
Updated Date: Wed, 11 Mar 2026 10:09 PM (IST)

- ਯੂਨੀਵਰਸਿਟੀ ਦੇ ਇੰਟਰਨਲ ਕੁਆਲਿਟੀ ਅਸੋਰੈਂਸ ਸੈੱਲ ਵੱਲੋਂ ਕੀਤਾ ਗਿਆ ਉਪਰਾਲਾ, ਉਪ-ਕੁਲਪਤੀ ਰਹੇ ਮੁੱਖ ਮਹਿਮਾਨ ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਆਈਕੇ ਗੁਜਰਾਲ ਪੰਜਾਬ ਟੈਕਲੀਕਲ ਯੂਨੀਵਰਸਿਟੀ (ਆਈਕੇਜੀ ਪੀਟੀਯੂ) ਵਿਖੇ ਇੰਟਰਨਲ ਕੁਆਲਿਟੀ ਅਸੋਰੈਂਸ ਸੈੱਲ (ਆਈਕਿਊਏਸੀ) ਵੱਲੋਂ ਨੈਕ ਮਾਨਤਾ ਪ੍ਰਕਿਰਿਆ “ਸਮਕਾਲੀ ਢਾਂਚੇ ਦੇ ਅਨੁਸਾਰ ਚੁਣੌਤੀਆਂ ਤੇ ਹੱਲ” ਵਿਸ਼ੇ ‘ਤੇ ਇਕ ਵਿਸ਼ੇਸ਼ ਲੈਕਚਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ‘ਤੇ ਉਪ-ਕੁਲਪਤੀ ਪ੍ਰੋ (ਡਾ) ਸੁਸ਼ੀਲ ਮਿੱਤਲ ਮੁੱਖ ਮਹਿਮਾਨ ਰਹੇ। ਮੁੱਖ ਬੁਲਾਰੇ ਵੱਜੋਂ ਡਾ. ਹਰਵਿੰਦਰ ਕੌਰ ਸਿੱਧੂ, ਡੀਨ ਦੇਸ਼ ਭਗਤ ਯੂਨੀਵਰਸਿਟੀ, ਮੰਡੀ ਗੋਬਿੰਦਗੜ੍ਹ ਸ਼ਾਮਲ ਹੋਏ। ਡਾ. ਹਰਵਿੰਦਰ ਕੌਰ ਸਿੱਧੂ ਨੇ ਆਪਣੇ ਭਾਸ਼ਨ ਦੌਰਾਨ ਨੈਕ ਐਕ੍ਰਿਡੇਸ਼ਨ ਪ੍ਰਕਿਰਿਆ, ਇਸ ਨਾਲ ਜੁੜੀਆਂ ਚੁਣੌਤੀਆਂ ਤੇ ਮੌਜੂਦਾ ਫਰੇਮਵਰਕ ਮੁਤਾਬਕ ਸੰਭਵ ਹੱਲਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਉੱਚ ਸਿੱਖਿਆ ਸੰਸਥਾਵਾਂ ਲਈ ਗੁਣਵੱਤਾ ਮਿਆਰਾਂ ਨੂੰ ਕਾਇਮ ਰੱਖਣਾ ਤੇ ਨਿਰੰਤਰ ਸੁਧਾਰ ਕਰਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਯੂਨੀਵਰਸਿਟੀ ਦੇ ਅਧਿਕਾਰੀਆਂ ਤੇ ਫੈਕਲਟੀ ਮੈਂਬਰਾਂ ਨੂੰ ਨੈਕ ਨਿਯਮਾਂ ਅਨੁਸਾਰ ਦਸਤਾਵੇਜ਼ੀਕਰਨ, ਅਕਾਦਮਿਕ ਗਤੀਵਿਧੀਆਂ ਤੇ ਰਿਸਰਚ ਉੱਤੇ ਵਿਸ਼ੇਸ਼ ਧਿਆਨ ਦੇਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਨੈਕ ਦੇ ਸੱਤ ਨਿਯਮਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਵਿਦਿਅਕ ਵਿਕਾਸ, ਅਧਿਆਪਨ-ਅਧਿਐਨ ਪ੍ਰਕਿਰਿਆ, ਰਿਸਰਚ ਤੇ ਨਵੀਨਤਾ, ਇਨਫਰਾਸਟਰਕਚਰ, ਵਿਦਿਆਰਥੀ ਸਹਾਇਤਾ, ਗਵਰਨੈਂਸ ਤੇ ਸੰਸਥਾਗਤ ਮੁੱਲਾਂ ਵਰਗੇ ਖੇਤਰਾਂ ਵਿਚ ਲਗਾਤਾਰ ਸੁਧਾਰ ਕਰਨਾ ਬਹੁਤ ਜ਼ਰੂਰੀ ਹੈ। ਡਾ. ਸਿੱਧੂ ਨੇ ਇਹ ਵੀ ਕਿਹਾ ਕਿ ਨੈਕ ਐਕ੍ਰਿਡੇਸ਼ਨ ਪ੍ਰਕਿਰਿਆ ਵਿਚ ਸਹੀ ਤੇ ਸੁਚੱਜਾ ਦਸਤਾਵੇਜ਼ੀਕਰਨ ਸਭ ਤੋਂ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਉਨ੍ਹਾਂ ਨੇ ਫੈਕਲਟੀ ਮੈਂਬਰਾਂ ਤੇ ਅਧਿਕਾਰੀਆਂ ਨੂੰ ਸਲਾਹ ਦਿੱਤੀ ਕਿ ਹਰ ਅਕਾਦਮਿਕ ਤੇ ਪ੍ਰਸ਼ਾਸਕੀ ਗਤੀਵਿਧੀ ਦਾ ਢੰਗ ਨਾਲ ਰਿਕਾਰਡ ਰੱਖਿਆ ਜਾਵੇ, ਤਾਂ ਜੋ ਐਕ੍ਰਿਡੇਸ਼ਨ ਦੌਰਾਨ ਸੰਸਥਾ ਦੀ ਕਾਰਗੁਜ਼ਾਰੀ ਨੂੰ ਸਪਸ਼ਟ ਤੌਰ ‘ਤੇ ਦਰਸਾਇਆ ਜਾ ਸਕੇ। ਉਨ੍ਹਾਂ ਨੇ ਆਪਣੇ ਅਨੁਭਵ ਸਾਂਝੇ ਕਰਦਿਆਂ ਕਿਹਾ ਕਿ ਮੌਜੂਦਾ ਸਮੇਂ ਵਿਚ ਰਿਸਰਚ, ਇਨੋਵੇਸ਼ਨ, ਉਦਯੋਗ ਨਾਲ ਸਹਿਯੋਗ ਤੇ ਡਿਜੀਟਲ ਲਰਨਿੰਗ ਵਰਗੇ ਖੇਤਰ ਨੈਕ ਮੁਲਾਂਕਣ ਵਿਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ। ਇਸ ਲਈ ਸੰਸਥਾਵਾਂ ਨੂੰ ਚਾਹੀਦਾ ਹੈ ਕਿ ਉਹ ਇਨ੍ਹਾਂ ਖੇਤਰਾਂ ਵਿਚ ਨਵੀਨ ਪਹਿਲ ਕਰਕੇ ਆਪਣੀ ਗੁਣਵੱਤਾ ਨੂੰ ਹੋਰ ਮਜ਼ਬੂਤ ਬਣਾਉਣ। ਇਸ ਮੌਕੇ ‘ਤੇ ਯੂਨੀਵਰਸਿਟੀ ਦੇ ਉਪ-ਕੁਲਪਤੀ (ਵਾਈਸ ਚਾਂਸਲਰ) ਪ੍ਰੋ. (ਡਾ.) ਸੁਸ਼ੀਲ ਮਿੱਤਲ ਨੇ ਕਿਹਾ ਕਿ ਨੈਕ ਐਕ੍ਰਿਡੇਸ਼ਨ ਪ੍ਰਕਿਰਿਆ ਕਿਸੇ ਵੀ ਉੱਚ ਸਿੱਖਿਆ ਸੰਸਥਾ ਦੀ ਗੁਣਵੱਤਾ ਤੇ ਭਰੋਸੇਯੋਗਤਾ ਦਾ ਮਹੱਤਵਪੂਰਨ ਮਾਪਦੰਡ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਵਿਸ਼ੇਸ਼ ਲੈਕਚਰ ਫੈਕਲਟੀ ਅਤੇ ਪ੍ਰਸ਼ਾਸਕੀ ਸਟਾਫ ਲਈ ਬਹੁਤ ਲਾਭਦਾਇਕ ਸਾਬਤ ਹੁੰਦੇ ਹਨ, ਕਿਉਂਕਿ ਇਨ੍ਹਾਂ ਰਾਹੀਂ ਨੈਕ ਦੇ ਨਵੇਂ ਮਾਪਦੰਡਾਂ ਅਤੇ ਪ੍ਰਕਿਰਿਆਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਮਿਲਦੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਯੂਨੀਵਰਸਿਟੀ ਗੁਣਵੱਤਾ ਸੁਧਾਰ, ਨਵੀਨਤਾ ਅਤੇ ਰਿਸਰਚ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ ਅਤੇ ਆਈ.ਕਿਊ.ਏ.ਸੀ ਵੱਲੋਂ ਕੀਤੇ ਜਾ ਰਹੇ ਉਪਰਾਲੇ ਇਸ ਦਿਸ਼ਾ ਵਿੱਚ ਮਹੱਤਵਪੂਰਨ ਕਦਮ ਹਨ। ਇਸ ਦੌਰਾਨ ਰਜਿਸਟਰਾਰ ਡਾ. ਨਵਦੀਪਕ ਸੰਧੂ ਨੇ ਨੈਕ ਐਕ੍ਰਿਡੇਸ਼ਨ ਪ੍ਰਕਿਰਿਆ ਵਿਚ ਸਹੀ ਦਸਤਾਵੇਜ਼ੀਕਰਨ ਤੇ ਸਮੂਹਿਕ ਟੀਮ ਵਰਕ ਦੇ ਮਹਤੱਵ ਉਪਰ ਗੱਲ ਰੱਖੀ। ਸਮਾਗਮ ਨੂੰ ਡੀਨ ਰਿਸਰਚ ਐਂਡ ਡਿਵੈਲਪਮੈਂਟ ਪ੍ਰੋ. ਡਾ. ਪ੍ਰਵੀਨ ਬਾਂਸਲ ਨੇ ਵੀ ਸੰਬੋਧਨ ਕੀਤਾ ਤੇ ਨੈਕ ਮਾਪਦੰਡਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਵਿੱਤ ਅਧਿਕਾਰੀ ਡਾ. ਐੱਸਐੱਸ ਵਾਲੀਆ, ਆਈਕਿਊਏਸੀ ਅਫ਼ਸਰ ਇੰਚਾਰਜ ਡਿਪਟੀ ਕੰਟਰੋਲਰ ਡਾ. ਸੰਦੀਪ ਕਾਜਲ, ਡਿਪਟੀ ਲਾਇਬ੍ਰੇਰੀਅਨ ਡਾ. ਮਧੂ ਮਿੱਡਾ ਸਮੇਤ ਯੂਨੀਵਰਸਿਟੀ ਦੇ ਅਧਿਕਾਰੀ, ਫੈਕਲਟੀ ਤੇ ਕਰਮਚਾਰੀ ਮੌਜੂਦ ਰਹੇ। ਅੰਤ ਵਿਚ ਡੀਨ ਅਕਾਦਮਿਕ ਡਾ. ਯਾਦਵਿੰਦਰ ਸਿੰਘ ਬਰਾੜ ਵੱਲੋਂ ਧੰਨਵਾਦ ਨੋਟ ਪੜ੍ਹਿਆ ਗਿਆ।