ਲਾਇਲਪੁਰ ਖ਼ਾਲਸਾ ਕਾਲਜ ’ਚ ਵਿਸ਼ੇਸ਼ ਲੈਕਚਰ ਕਰਵਾਇਆ
ਲਾਇਲਪੁਰ ਖ਼ਾਲਸਾ ਕਾਲਜ ਵਿੱਚ ਸੇਫ਼ਰ ਇੰਟਰਨੈੱਟ ਡੇਅ 2026 ਨੂੰ ਸਮਰਪਿਤ ਵਿਸ਼ੇਸ਼ ਲੈਕਚਰ ਕਰਵਾਇਆ
Publish Date: Tue, 10 Feb 2026 08:53 PM (IST)
Updated Date: Tue, 10 Feb 2026 08:56 PM (IST)

ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ ਕਪੂਰਥਲਾ ਦੇ ਆਈਟੀ ਕਲੱਬ ਨੇ ਸੇਫ਼ਰ ਇੰਟਰਨੈੱਟ ਡੇਅ 2026 ਮੌਕੇ ਵਿਸ਼ੇਸ਼ ਲੈਕਚਰ ਕਰਵਾਇਆ, ਜਿਸ ਦਾ ਮੁੱਖ ਵਿਸ਼ਾ ਸਮਾਰਟ ਟੈਕਨੋਲੋਜੀ, ਸੁਰੱਖਿਅਤ ਚੋਣਾਂ ਏਆਈ ਦੀ ਸੁਰੱਖਿਅਤ ਤੇ ਜ਼ਿੰਮੇਵਾਰ ਵਰਤੋਂ ਦੀ ਖੋਜ ਰਿਹਾ। ਸਮਾਗਮ ਦਾ ਮੂਲ ਉਦੇਸ਼ ਵਿਦਿਆਰਥੀਆਂ ਨੂੰ ਡਿਜੀਟਲ ਦੁਨੀਆ ਵਿਚ ਸੁਰੱਖਿਅਤ ਰਹਿਣ, ਆਧੁਨਿਕ ਤਕਨਾਲੋਜੀ ਦੀ ਸਹੀ ਵਰਤੋਂ ਕਰਨ ਤੇ ਕ੍ਰਿਤ੍ਰਿਮ ਬੁੱਧੀ (ਏਆਈ) ਨਾਲ ਜੁੜੀਆਂ ਚੁਣੌਤੀਆਂ ਬਾਰੇ ਜਾਗਰੂਕ ਕਰਨਾ ਸੀ। ਕਾਲਜ ਦੇ ਕੰਪਿਊਟਰ ਸਾਇੰਸ ਤੇ ਐਪਲੀਕੇਸ਼ਨ ਵਿਭਾਗ ਦੇ ਮੁਖੀ ਪ੍ਰੋ. ਦਮਨਜੀਤ ਕੌਰ ਨੇ ਕਿਹਾ ਕਿ ਡਿਜੀਟਲ ਯੁੱਗ ਤਰੱਕੀ ਦਾ ਯੁੱਗ ਹੈ, ਜਿਸ ਵਿਚ ਏਆਈ ਨੇ ਸਿੱਖਿਆ, ਸਿਹਤ, ਉਦਯੋਗ ਤੇ ਸੰਚਾਰ ਖੇਤਰ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਜੇਕਰ ਤਕਨਾਲੋਜੀ ਦੀ ਵਰਤੋਂ ਸੁਚੇਤ ਤੇ ਨੈਤਿਕ ਢੰਗ ਨਾਲ ਨਾ ਕੀਤੀ ਜਾਵੇ ਤਾਂ ਇਹ ਗੰਭੀਰ ਖ਼ਤਰੇ ਵੀ ਪੈਦਾ ਕਰ ਸਕਦੀ ਹੈ। ਉਨ੍ਹਾਂ ਨੇ ਡਾਟਾ ਗੋਪਨੀਯਤਾ, ਸਾਈਬਰ ਅਪਰਾਧ, ਆਨਲਾਈਨ ਠੱਗੀਆਂ, ਡੀਪਫੇਕ ਵੀਡੀਓਜ਼, ਝੂਠੀ ਜਾਣਕਾਰੀ ਤੇ ਏਆਈ ਦੇ ਗਲਤ ਇਸਤੇਮਾਲ ਵਰਗੇ ਮੁੱਦਿਆਂ ਉੱਤੇ ਵਿਸਥਾਰ ਨਾਲ ਚਾਨਣਾ ਪਾਇਆ। ਕਾਲਜ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਵਿਦਿਆਰਥੀਆਂ ਨੂੰ ਸੋਸ਼ਲ ਮੀਡੀਆ ਦੀ ਸਮਝਦਾਰੀ ਨਾਲ ਵਰਤੋਂ, ਮਜ਼ਬੂਤ ਪਾਸਵਰਡ, ਦੋ-ਪੱਧਰੀ ਪ੍ਰਮਾਣਿਕਤਾ ਤੇ ਸ਼ੱਕੀ ਲਿੰਕਾਂ ਤੋਂ ਬਚਣ ਬਾਰੇ ਜਾਣਕਾਰੀ ਦਿੱਤੀ। ਕਾਲਜ ਦੇ ਅਧਿਆਪਕ ਵਰਗ ਤੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿਚ ਇਸ ਸਮਾਗਮ ਵਿਚ ਭਾਗ ਲਿਆ ਤੇ ਪ੍ਰਸ਼ਨ-ਉੱਤਰ ਸੈਸ਼ਨ ਦੌਰਾਨ ਆਪਣੀ ਸਰਗਰਮ ਭਾਗੀਦਾਰੀ ਦਰਜ ਕਰਵਾਈ।