ਵਿਸ਼ੇਸ਼ ਸਿਹਤ ਜਾਂਚ ਕੈਂਪ ਲਗਾਇਆ
ਬੇਟੀ ਬਚਾਓ ਬੇਟੀ ਪੜਾਓ ਮੁਹਿਮ ਤਹਿਤ ਲਗਾਇਆ ਗਿਆ ਵਿਸ਼ੇਸ਼ ਸਿਹਤ ਜਾਂਚ ਕੈਂਪ
Publish Date: Thu, 19 Mar 2026 10:40 PM (IST)
Updated Date: Thu, 19 Mar 2026 10:43 PM (IST)

ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸਮਾਜਿਕ ਸੁਰੱਖਿਆ ਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਕਪੂਰਥਲਾ ਗਗਨਦੀਪ ਸਿੰਘ ਦੀ ਯੋਗ ਅਗਵਾਈ ਹੇਠ ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਤਹਿਤ ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ ਵਿਚ ਗਰਭਵਤੀ ਮਹਿਲਾਵਾਂ, ਦੁੱਧ ਪਿਲਾਉਣ ਵਾਲੀਆਂ ਮਾਵਾਂ ਤੇ ਬੱਚੀਆਂ ਲਈ ਵਿਸ਼ੇਸ਼ ਸਿਹਤ ਜਾਂਚ ਕੈਂਪ ਆਯੋਜਿਤ ਕੀਤਾ ਗਿਆ। ਇਸ ਕੈਂਪ ਦੌਰਾਨ ਗਾਇਨਕੋਲੋਜਿਸਟ ਡਾ. ਸੁਖਵਿੰਦਰ ਕੌਰ ਤੇ ਉਨ੍ਹਾਂ ਦੀ ਟੀਮ ਵੱਲੋਂ ਗਰਭਵਤੀ ਮਹਿਲਾਵਾਂ ਦੀ ਵਿਸ਼ੇਸ਼ ਜਾਂਚ ਕੀਤੀ ਗਈ ਤੇ ਉਨ੍ਹਾਂ ਨੂੰ ਗਰਭ ਅਵਸਥਾ ਦੌਰਾਨ ਸਹੀ ਪੋਸ਼ਣ, ਸਿਹਤ ਸੰਭਾਲ ਤੇ ਸੁਰੱਖਿਆ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਜੀਵਨ ਸ਼ੈਲੀ ਨਾਲ ਸਬੰਧਤ ਬਿਮਾਰੀਆਂ ਜਿਵੇਂ ਕਿ ਬਲੱਡ ਪ੍ਰੈਸ਼ਰ ਤੇ ਸ਼ੂਗਰ ਦੀ ਜਾਂਚ ਵੀ ਕੀਤੀ ਗਈ। ਬੱਚੀਆਂ ਅਤੇ ਮਹਿਲਾਵਾਂ ਵਿਚ ਖੂਨ ਦੀ ਕਮੀ (ਐਨੀਮੀਆ) ਦੀ ਪਛਾਣ ਲਈ ਵਿਸ਼ੇਸ਼ ਟੈਸਟ ਕੀਤੇ ਗਏ ਤੇ ਉਨ੍ਹਾਂ ਨੂੰ ਸੰਤੁਲਿਤ ਖੁਰਾਕ ਤੇ ਸਿਹਤਮੰਦ ਜੀਵਨ ਸ਼ੈਲੀ ਬਾਰੇ ਜਾਗਰੂਕ ਕੀਤਾ ਗਿਆ। ਕੈਂਪ ਦੌਰਾਨ 10 ਲੱਖ ਰੁਪਏ ਤੱਕ ਦੇ ਸਿਹਤ ਬੀਮਾ ਕਾਰਡ ਵੀ ਬਣਾਏ ਗਏ। ਇਸ ਕੈਂਪ ਦੌਰਾਨ ਬਾਲ ਵਿਕਾਸ ਪ੍ਰੋਜੈਕਟ ਅਫਸਰ, ਸੁਲਤਾਨਪੁਰ ਲੋਧੀ ਮਿਸ ਖੁਸ਼ਮੀਤ ਕੌਰ, ਸੀਨੀਅਰ ਮੈਡੀਕਲ ਅਫਸਰ ਸਰਵਰਿੰਦਰ ਸਿੰਘ ਸੇਠੀ, ਡਾ. ਸਹਿਬਾਨ, ਸੀਡੀਪੀਓ ਦਫਤਰ ਤੋਂ ਚਰਨਜੀਤ ਕੁਮਾਰ ਸ਼ਰਮਾ, ਸਿਵਲ ਹਸਪਤਾਲ ਦੇ ਸੀਨੀਅਰ ਅਸਿਸਟੈਂਟ ਸੰਨੀ ਸਹੋਤਾ, ਅਮਰਿੰਦਰ ਸਿੰਘ ਸੀਨੀਅਰ ਫਾਰਮਾਸਿਸਟ, ਸਮੂਹ ਸੁਪਰਵਾਈਜ਼ਰ, ਆਂਗਣਵਾੜੀ ਵਰਕਰ ਤੇ ਹੈਲਪਰ ਆਦਿ ਵੀ ਹਾਜ਼ਰ ਸਨ।