ਅਖੌਤੀ ਸਮਾਜ ਸੇਵਕ ਦੇ ਈਸਾਈ ਹੋਣ ਦੀ ਜਾਂਚ ਹੋਵੇ : ਸਰਬਜੀਤ ਰਾਜ
ਪਾਸਟਰਾਂ ਤੋਂ ਜਨਤਕ ਤੌਰ ਤੇ ਮੁਆਫੀ ਮੰਗੇ : ਸਰਬਜੀਤ ਰਾਜ
Publish Date: Sun, 29 Mar 2026 09:40 PM (IST)
Updated Date: Sun, 29 Mar 2026 09:41 PM (IST)

ਸਤਿਕਾਰਯੋਗ ਪਾਸਟਰਾਂ ਤੋਂ ਜਨਤਕ ਤੌਰ ’ਤੇ ਮੁਆਫੀ ਮੰਗੇ ਧੋਖਾ ਕਰਨ ਵਾਲਾ ਸਮਾਜ ਦੀਆਂ ਧਾਰਮਿਕ ਭਾਵਨਾਂ ਭੜਕਾਉਣ ’ਤੇ ਦਰਜ ਹੋਵੇ ਪਰਚਾ ਪੰਜਾਬੀ ਜਾਗਰਣ ਪ੍ਰਤੀਨਿਧ ਕਪੂਰਥਲਾ : ਮਸੀਹੀ ਸਮਾਜ ਦੇ ਪਾਸਟਰਾਂ ਦਾ ਅਪਮਾਨ ਕਰਨ, ਉਨ੍ਹਾਂ ਨਾਲ ਧੋਖਾਧੜੀ ਕਰਨ ਤੇ ਉਨ੍ਹਾਂ ਨੂੰ ਆਪਣੇ ਘਰ ਸੱਦ ਕੇ ਕੁੱਟਮਾਰ ਕਰਨ ਵਾਲੇ ਅਖੌਤੀ ਸਮਾਜ ਸੇਵਕ ’ਤੇ ਈਸਾਈ ਸਮਾਜ ਦੀਆਂ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਪਰਚਾ ਦਰਜ ਹੋਵੇ। ਉਹ ਈਸਾਈ ਸਮਾਜ ਦੇ ਮੁੱਦੇ ਉਠਾਉਣ ਦਾ ਦਿਖਾਵਾ ਕਰਕੇ ਕੀ ਸਾਬਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਕ੍ਰਿਸ਼ਚੀਅਨ ਯੂਥ ਫੈਲੋਸ਼ਿਪ ਦੇ ਸੰਸਥਾਪਕ ਸਰਬਜੀਤ ਰਾਜ ਨੇ ਐਤਵਾਰ ਨੂੰ ਜਾਰੀ ਇਕ ਪ੍ਰੈੱਸ ਬਿਆਨ ਵਿਚ ਕੀਤਾ। ਉਨ੍ਹਾਂ ਕਿਹਾ ਕਿ ਉਹ ਵਿਅਕਤੀ ਜੋ ਈਸਾਈ ਪਾਸਟਰਾਂ ਦਾ ਅਪਮਾਨ ਕਰਦਾ ਹੈ, ਜੋ ਸਮਾਜ ਸੇਵਾ ਦੀ ਆੜ ਵਿਚ ਪਾਸਟਰਾਂ ਨਾਲ ਧੋਖਾਧੜੀ ਕਰਦਾ ਹੈ ਤੇ ਆਪਣੇ ਘਰ ਬੁਲਾ ਕੇ ਪਾਸਟਰਾਂ ਦੀ ਕਥਿਤ ਕੁੱਟਮਾਰ ਕਰਦਾ ਹੈ, ਉਹ ਆਖਿਰ ਕੀ ਸਾਬਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਸਰਬਜੀਤ ਰਾਜ ਨੇ ਕਿਹਾ ਕਿ ਅਖੌਤੀ ਸਮਾਜ ਸੇਵਕ ਹਮੇਸ਼ਾ ਆਪਣਾ ਕਾਰੋਬਾਰ ਚਲਾਉਣ ਤੇ ਸੋਸ਼ਲ ਮੀਡੀਆ ’ਤੇ ਸਰਗਰਮ ਰਹਿਣ ਲਈ ਬੇਤੁਕੀ ਪੋਸਟਾਂ ਪਾ ਕੇ ਪ੍ਰਸ਼ੰਸਾ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਹਨ, ਜਿਸਨੂੰ ਹੁਣ ਈਸਾਈ ਭਾਈਚਾਰਾ ਚੰਗੀ ਤਰ੍ਹਾਂ ਸਮਝਦਾ ਹੈ। ਉਨ੍ਹਾਂ ਸਮੁੱਚੇ ਈਸਾਈ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਅਖੌਤੀ ਸਮਾਜ ਸੇਵਕਾਂ ਵੱਲੋਂ ਭਾਈਚਾਰੇ ਨੂੰ ਵੰਡਣ ਦੀਆਂ ਕੋਸ਼ਿਸ਼ਾਂ ਤੋਂ ਸਾਵਧਾਨ ਰਹਿਣ ਤੇ ਅਜਿਹੇ ਲੋਕਾਂ ਦਾ ਬਾਈਕਾਟ ਕਰਨ। ਸਰਬਜੀਤ ਰਾਜ ਨੇ ਅਖੌਤੀ ਸਮਾਜ ਸੇਵਕ ਨੂੰ ਅਪੀਲ ਕੀਤੀ ਕਿ ਉਹ ਈਸਾਈ ਮੁੱਦੇ ਉਠਾਉਣ ਤੋਂ ਪਹਿਲਾਂ ਸਤਿਕਾਰਤ ਪਾਸਟਰਾਂ ਤੋਂ ਜਨਤਕ ਤੌਰ ’ਤੇ ਮੁਆਫੀ ਮੰਗੇ ਤੇ ਈਸਾਈ ਭਾਈਚਾਰੇ ਨਾਲ ਆਪਣੇ ਸਬੰਧ ਸਾਬਤ ਕਰੇ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕਰਦਿਆਂ ਕਿਹਾ ਕਿ ਇਹ ਅਖੌਤੀ ਸਮਾਜ ਸੇਵਕ ਈਸਾਈ ਭਾਈਚਾਰੇ ਦੇ ਨਾਲ-ਨਾਲ ਐੱਸਸੀ ਭਾਈਚਾਰੇ ਨੂੰ ਮਿਲਣ ਵਾਲ਼ੀਆਂ ਸਰਕਾਰੀ ਯੋਜਨਾਵਾਂ ਦਾ ਲਾਭ ਉਠਾ ਰਿਹਾ ਹੈ, ਜੋਕਿ ਜਾਂਚ ਦਾ ਵਿਸ਼ਾ ਹੈ।