ਨਸ਼ਾ ਤਸਕਰ ਦਾ ਵਿਰੋਧ ਕਰਨ ’ਤੇ ਜੋੜੇ ’ਤੇ ਹਮਲਾ, ਜ਼ਖ਼ਮੀ
ਪੀੜਤ ਔਰਤ ਨਾਲ ਜਬਰ
Publish Date: Mon, 23 Feb 2026 10:08 PM (IST)
Updated Date: Mon, 23 Feb 2026 10:13 PM (IST)
ਪੀੜਤ ਔਰਤ ਨਾਲ ਜਬਰ ਜਨਾਹ ਦੀ ਵੀ ਕੀਤੀ ਕੋਸ਼ਿਸ਼
ਪਤੀ ਨੂੰ ਕੁੱਟਿਆ, ਸੀਐੱਚਸੀ ਟਿੱਬਾ ’ਚ ਦਾਖਲ
ਸੰਵਾਦ ਸਹਿਯੋਗੀ, ਜਾਗਰਣ
ਸੁਲਤਾਨਪੁਰ ਲੋਧੀ : ਥਾਣਾ ਤਲਵੰਡੀ ਚੌਧਰੀਆਂ ਦੇ ਤਹਿਤ ਇਕ ਪਿੰਡ ਦੇ ਇਕ ਮਿਹਨਤਕਸ਼ ਜੋੜੇ ਨੂੰ ਨਸ਼ਾ ਤਸਕਰੀ ਦਾ ਵਿਰੋਧ ਕਰਨਾ ਉਸ ਸਮੇਂ ਭਾਰੀ ਪਿਆ ਜਦ ਤਸਕਰਾਂ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਔਰਤ ਨੇ ਜਬਰ ਜਨਾਹ ਦੀ ਕੋਸ਼ਿਸ਼ ਤੇ ਜਾਨਲੇਵਾ ਹਮਲੇ ਦਾ ਵੀ ਦੋਸ਼ ਲਗਾਇਆ। ਇਸ ਹਮਲੇ ’ਚ ਪਤੀ-ਪਤਨੀ ਦੋਵੇਂ ਜ਼ਖ਼ਮੀ ਹੋ ਗਏ, ਜੋ ਸੀਐੱਚਸੀ ਟਿੱਬਾ ’ਚ ਇਲਾਜ ਅਧੀਨ ਹਨ। ਪੀੜਤ ਔਰਤ ਦਾ ਦੋਸ਼ ਹੈ ਕਿ ਪਿੰਡ ਦਾ ਇਕ ਨੌਜਵਾਨ ਲੰਬੇ ਸਮੇਂ ਤੋਂ ਤਸਕਰੀ ਕਰ ਰਿਹਾ ਹੈ ਤੇ ਨਾਬਾਲਗ ਬੱਚਿਆਂ ਤੱਕ ਨੂੰ ਮੁਫਤ ਨਸ਼ਾ ਦੇ ਕੇ ਨਸ਼ੇੜੀ ਬਣਾ ਰਿਹਾ ਹੈ। ਉਸ ਦੇ ਦੋਵੇਂ ਬੇਟਿਆਂ ਨੂੰ ਵੀ ਉਸ ਨੇ ਨਸ਼ੇ ’ਚ ਫਸਾ ਦਿੱਤਾ, ਜਿਸ ਕਾਰਨ ਇਕ ਬੇਟੇ ਨੂੰ ਡੀ-ਐਡਿਕਸ਼ਨ ਸੈਂਟਰ ਭੇਜਣਾ ਪਿਆ ਤੇ ਹਰ ਮਹੀਨੇ ਭਾਰੀ ਖਰਚ ਕਰਨਾ ਪੈ ਰਿਹਾ ਹੈ। ਔਰਤ ਨੇ ਦੱਸਿਆ ਕਿ ਜਦ ਉਸ ਨੇ ਇਸ ਗਲਤ ਕੰਮ ਦਾ ਵਿਰੋਧ ਕੀਤਾ ਤਾਂ ਮੁਲਜ਼ਮ ਨੇ ਕਈ ਵਾਰ ਘਰ ਆ ਕੇ ਉਸ ਦੀ ਤੇ ਉਸ ਦੇ ਪਤੀ ਦੀ ਕੁੱਟਮਾਰ ਕੀਤੀ। ਔਰਤ ਅਨੁਸਾਰ ਬੀਤੀ ਰਾਤ ਮੁਲਜ਼ਮ ਉਸ ਦੇ ਬੇਟੇ ਨੂੰ ਘਰ ਤੋਂ ਨਾਲ ਲੈ ਗਿਆ। ਕਾਫੀ ਤਲਾਸ਼ ਕਰਨ ਦੇ ਬਾਵਜੂਦ ਬੇਟਾ ਨਹੀਂ ਮਿਲਿਆ। ਇਸ ਦੌਰਾਨ ਮੁਲਜ਼ਮ ਨੇ ਉਸ ਨੂੰ ਰਸਤੇ ’ਚ ਘੇਰ ਕੇ ਬੁਰੀ ਤਰ੍ਹਾਂ ਕੁੱਟਿਆ, ਗਲਾ ਦਬਾਇਆ ਤੇ ਕੱਪੜੇ ਪਾੜ ਕੇ ਜਬਰ ਜਨਾਹ ਦੀ ਕੋਸ਼ਿਸ਼ ਕੀਤੀ। ਔਰਤ ਦਾ ਦੋਸ਼ ਹੈ ਕਿ ਉਸ ਨੂੰ ਸੜਕ ’ਤੇ ਘਸੀਟਿਆ ਗਿਆ ਤੇ ਸ਼ਮਸ਼ਾਨ ਘਾਟ ਵੱਲ ਲਿਜਾਣ ਦੀ ਵੀ ਕੋਸ਼ਿਸ਼ ਕੀਤੀ ਗਈ। ਉਹ ਚੀਕਦੀ ਰਹੀ ਪਰ ਲੋਕ ਡਰ ਦੇ ਕਾਰਨ ਅੱਗੇ ਨਹੀਂ ਆਏ ਕਿਉਂਕਿ ਹਮਲਾਵਰ ਨਸ਼ੇ ’ਚ ਟੱਲੀ ਸੀ। ਘਟਨਾ ਦਾ ਪਤਾ ਲੱਗਣ ’ਤੇ ਜਦ ਉਸ ਦੇ ਪਤੀ ਨੇ ਮੁਲਜ਼ਮ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੀ ਵੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ। ਪਤੀ ਦੇ ਸਿਰ ਤੇ ਪਸਲੀਆਂ ’ਤੇ ਗੰਭੀਰ ਸੱਟਾਂ ਲੱਗੀਆਂ ਹਨ। ਔਰਤ ਨੇ ਦੋਸ਼ ਲਗਾਇਆਕਿ ਉਕਤ ਨੌਜਵਾਨ ਪਿੰਡ ’ਚ ਖੁੱਲ੍ਹੇਆਮ ਚਿੱਟਾ ਵੇਚਦਾ ਹੈ ਤੇ ਜੋ ਲੜਕੇ ਨਸ਼ਾ ਨਹੀਂ ਕਰਦੇ, ਉਨ੍ਹਾਂ ਨੂੰ ਘਰ ਸੱਦ ਕੇ ਮੁਫਤ ਨਸ਼ਾ ਦਿੰਦਾ ਹੈ। ਉਸ ਦਾ ਇਹ ਵੀ ਕਹਿਣਾ ਹੈ ਕਿ ਮੁਲਜ਼ਮ ਦੇ ਪਰਿਵਾਰ ਦੇ ਹੋਰ ਮੈਂਬਰ ਵੀ ਇਸ ਧੰਦੇ ’ਚ ਸ਼ਾਮਲ ਹਨ।
ਉੱਧਰ ਥਾਣਾ ਤਲਵੰਡੀ ਚੌਧਰੀਆਂ ’ਚ ਤਾਇਨਾਤ ਏਐੱਸਆਈ ਹਰਜਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਮਾਮਲੇ ਦੀ ਸੂਚਨਾ ਮਿਲ ਚੁੱਕੀ ਹੈ। ਪਤੀ-ਪਤਨੀ ਦੀ ਐੱਮਐੱਲਆਰ ਹੋ ਚੁੱਕੀ ਹੈ। ਦੋਵਾਂ ਦੇ ਬਿਆਨ ਦਰਜ ਕਰਕੇ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਮੁਲਜ਼ਮਾਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ।