ਦਿ ਹਾਕ ਵਰਲਡ ਸਕੂਲ ’ਚ ਸਕਿਨ ਚੈੱਕਅਪ ਕੈਂਪ ਦਾ ਆਯੋਜਨ
ਦੀ ਹਾਕ ਵਰਲਡ ਸਕੂਲ ਵਿੱਚ ਸਕਿਨ ਚੈੱਕ ਅਪ ਕੈਂਪ ਦਾ ਆਯੋਜਨ
Publish Date: Thu, 12 Mar 2026 10:00 PM (IST)
Updated Date: Thu, 12 Mar 2026 10:03 PM (IST)

ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਦਿ ਹਾਕ ਵਰਲਡ ਸਕੂਲ ਤਲਵੰਡੀ ਚੌਧਰੀਆਂ ਵਿਖੇ ਵਿਦਿਆਰਥੀਆਂ ਲਈ ਚਮੜੀ ਰੋਗ ਕੈਂਪ ਦਾ ਆਯੋਜਨ ਕੀਤਾ ਗਿਆ। ਕੈਂਪ ਦੌਰਾਨ ਮਾਹਰ ਡਾਕਟਰਾਂ ਵੱਲੋਂ ਵਿਦਿਆਰਥੀਆਂ ਦੀ ਚਮੜੀ ਦੀ ਜਾਂਚ ਕੀਤੀ ਗਈ ਤੇ ਉਨ੍ਹਾਂ ਨੂੰ ਵੱਖ-ਵੱਖ ਬਿਮਾਰੀਆਂ ਬਾਰੇ ਜਾਣਕਾਰੀ ਦਿੱਤੀ ਗਈ। ਕੈਂਪ ਦੌਰਾਨ ਵਿਦਿਆਰਥੀਆਂ ਵਿਚ ਚਮੜੀ ਦੇ ਰੋਗਾਂ ਜਿਵੇਂ ਦਾਦ, ਖੁਜਲੀ, ਐਕਜ਼ਿਮਾ ਦਾ ਜਲਦ ਪਤਾ ਲਗਾਉਣ, ਜਾਂਚ ਕਰਨ ਤੇ ਉਸਦਾ ਇਲਾਜ ਕਰਨ ਦੇ ਬਾਰੇ ਵੀ ਵਿਸਥਾਰ ਪੂਰਵਕ ਦੱਸਿਆ ਗਿਆ। ਮਾਹਰ ਡਾਕਟਰਾਂ ਨੇ ਕਿਹਾ ਕਿ ਅਜਿਹੇ ਕੈਂਪ ਲਗਾਉਣ ਦੀ ਲਾਭ ਇਹ ਹਨ ਕਿ ਚਮੜੀ ਦੇ ਰੋਗਾਂ ਦੀ ਜਾਂਚ ਕਰਨ ਉਪਰੰਤ ਸਾਨੂੰ ਅਸਲ ਬਿਮਾਰੀ ਦਾ ਪਤਾ ਲੱਗਦਾ ਹੈ। ਉਨ੍ਹਾਂ ਕਿਹਾ ਕਿ ਬਚਪਨ ਵਿਚ ਕੀਤੀ ਗਈ ਅਣਗਹਿਲੀ ਅੱਗੇ ਜਾ ਕੇ ਵੱਡੀ ਬਿਮਾਰੀ ਦਾ ਰੂਪ ਧਾਰਨ ਕਰ ਲੈਂਦੀ ਹੈ, ਜਿਸ ਕਾਰਨ ਬਹੁਤ ਹੀ ਪਰੇਸ਼ਾਨੀ ਤੇ ਮਾਨਸਿਕ ਤਣਾਅ ਦਾ ਸਾਹਮਣਾ ਕਰਨਾ ਪੈਂਦਾ ਹੈ। ਡਾਕਟਰ ਨੇ ਕਿਹਾ ਕਿ ਅਜਿਹੇ ਕੈਂਪ ਨਾਲ ਬੱਚਿਆਂ ਵਿਚ ਜਾਗਰੂਕਤਾ ਆਉਂਦੀ ਹੈ ਤੇ ਉਹ ਚੰਗੇ ਤਰੀਕੇ ਨਾਲ ਚਮੜੀ ਦੀ ਵਧੀਆ ਦੇਖਭਾਲ ਕਰ ਸਕਦੇ ਹਨ। ਅਜਿਹੇ ਕੈਂਪ ਵਿਸ਼ੇਸ਼ ਤੌਰ ’ਤੇ ਉਨ੍ਹਾਂ ਬੱਚਿਆਂ ਦੀ ਮਦਦ ਕਰਦੇ ਹਨ ਜਿਹੜੇ ਆਮ ਤੌਰ ’ਤੇ ਚਮੜੀ ਦੀ ਸਮੱਸਿਆਵਾਂ ਤੋਂ ਪੀੜਤ ਹੁੰਦੇ ਹਨ। ਪ੍ਰਿੰਸੀਪਲ ਸ਼ਵੇਤਾ ਮਹਿਤਾ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਸਿਹਤ ਕੈਂਪ ਦਾ ਮਕਸਦ ਵਿਦਿਆਰਥੀਆਂ ਨੂੰ ਸਿਹਤ ਪ੍ਰਤੀ ਜਾਗਰੂਕ ਬਣਾਉਣਾ ਹੈ। ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਕੈਪਟਨ ਤਜਿੰਦਰ ਸਿੰਘ, ਵਾਈਸ ਪ੍ਰਧਾਨ ਜਸਵਿੰਦਰ ਸਿੰਘ ਨੇ ਡਾਕਟਰਾਂ ਦਾ ਧੰਨਵਾਦ ਕੀਤਾ।