ਖ਼ਾਮੋਸ਼ ਲਾਇਬ੍ਰੇਰੀਆਂ ਵੈਂਟੀਲੇਂਟਰ ’ਚ ਪਏ ਸਰੀਰ ਵਰਗੀਆਂ ਹੁੰਦੀਆਂ : ਮੈਡਮ ਸੁਨੀਤਾ
ਸਿੱਖਿਆ ਸੰਸਥਾਵਾਂ ਵਿਚ ਚੁੱਪ ਲਾਇਬ੍ਰੇਰੀਆਂ ਵੈਂਟੀਲੇਂਟਰ ਵਿਚ ਪਏ ਬੇਹੋਸ਼ ਸ਼ਰੀਰ ਵਰਗੀਆਂ ਹੁੰਦੀਆਂ ਹਨ : ਆਹੂਜਾ
Publish Date: Sat, 07 Mar 2026 07:38 PM (IST)
Updated Date: Sat, 07 Mar 2026 07:42 PM (IST)
ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ
ਕਪੂਰਥਲਾ : ਜਦੋਂ ਤੋਂ ਅਸੀਂ ਬੱਚਿਆਂ ਦੇ ਹੱਥਾਂ ਵਿਚ ਉਸਾਰੂ ਬਾਲ ਸਾਹਿਤ ਦੀਆਂ ਕਿਤਾਬਾਂ ਦੀ ਬਜਾਏ ਮੋਬਾਈਲ ਫੋਨ ਦੇਖ ਰਹੇ ਹਾਂ, ਪੁਸਤਕ ਸੱਭਿਆਚਾਰ ਅਜਿਹਾ ਖਤਮ ਹੋਇਆ ਹੈ ਕਿ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਦੀਆਂ ਲਾਇਬਰੇਰੀਆਂ ਦੀਆਂ ਕਿਤਾਬਾਂ ਵੀ ਘੁਣ ਦੀ ਭੇਟ ਚੜ੍ਹ ਰਹੀਆਂ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੈੜਾ ਦੋਨਾ ਵਿਖੇ ਨਵ-ਨਿਯੁਕਤ ਲਾਇਬ੍ਰੇਰੀਅਨ ਨਿਸ਼ੀ ਕਾਂਤ ਆਹੂਜਾ ਨੇ ਅਹੁਦਾ ਸੰਭਾਲਣ ਉਪਰੰਤ ਕਹੇ। ਲਾਇਬ੍ਰੇਰੀਅਨ ਅਹੂਜਾ ਨੇ ਕਿਹਾ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਖੈੜਾ ਦੋਨਾ ਵਿਚ ਸਥਾਪਿਤ ਭਾਈ ਮਨੀ ਲਾਇਬ੍ਰੇਰੀਆਂ ਬੇਸ਼ੱਕ ਬਹੁਤ ਵਧੀਆ ਹੈ ਪਰ ਇਸ ਲਾਇਬ੍ਰੇਰੀ ਦੀ ਨਬਜ਼ ਚਲਦੀ ਰੱਖਣ ਲਈ ਵਿਦਿਆਰਥੀਆਂ, ਅਧਿਆਪਕਾਂ ਤੇ ਮਾਪਿਆਂ ਨੂੰ ਸਰਗਰਮ ਮੈਂਬਰ ਬਨਾਉਣਾ ਜ਼ਰੂਰੀ ਹੈ। ਵਾਇਸ ਪ੍ਰਿੰਸੀਪਲ ਸੁਨੀਤਾ ਅਰੋੜਾ ਨੇ ਕਿਹਾ ਕਿ ਕੋਈ ਵੀ ਸਿਖਿਆ ਸੰਸਥਾ ਜਿਥੇ ਸਰਗਰਮ ਲਾਇਬ੍ਰੇਰੀ ਨਹੀਂ ਹੈ, ਉਹ ਉਸ ਸਰੀਰ ਵਰਗੀ ਹੁੰਦੀ ਹੈ, ਜੋ ਦਿਲ ਦੀ ਧੜਕਣ ਰੁਕ ਜਾਣ ਕਰਕੇ ਵੈਂਟੀਲੇਂਟਰ 'ਚ ਪਿਆ ਹੋਵੇ, ਹੁਣ ਲਾਇਬ੍ਰੇਰੀਅਨ ਅਹੁਜਾ ਦੀ ਆਮਦ ਨਿਰਸੰਦੇਹ ਇਸ ਸੰਸਥਾ ਲਈ ਸ਼ੁਭ ਸ਼ਗਨ ਹੋਵੇਗਾ। ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੇ ਸਿੱਖਿਆ ਸ਼ਾਸਤਰੀ ਰੌਸ਼ਨ ਖੈੜਾ ਸਟੇਟ ਐਵਾਰਡੀ ਨੇ ਨਵ-ਨਿਯੁਕਤ ਲਾਇਬ੍ਰੇਰੀਅਨ ਨਿਸ਼ੀ ਕਾਂਤ ਅਹੂਜਾ ਨੂੰ ਪੰਜਾਬੀ ਪੈਂਤੀ ਦੀ ਬੁੱਕਲ ਨਾਲ ਸਨਮਾਨਿਤ ਕਰਦਿਆਂ ਕਿਹਾ ਕਿ ਇਸ ਸਕੂਲ ਦੀ ਪ੍ਰੰਪਰਾ ਹੈ ਕਿ ਸਲਾਨਾ ਇਨਾਮ ਵੰਡ ਸਮਾਗਮ ਵਿਚ ਵਿਦਿਆਰਥੀਆਂ ਤੇ ਮਹਿਮਾਨਾਂ ਨੂੰ ਸਨਮਾਨ ਵਿਚ ਪੁਸਤਕਾਂ ਦੇ ਰੂਪ ਵਿਚ ਸ਼ਬਦ ਪ੍ਰਸ਼ਾਦ ਹੀ ਦਿੱਤਾ ਜਾਂਦਾ ਹੈ। ਇਸ ਮੌਕੇ ਸਮੂਹ ਸਟਾਫ ਨੇ ਨਵ-ਨਿਯੁਕਤ ਲਾਇਬ੍ਰੇਰੀਅਨ ਨਿਸ਼ੀ ਕਾਂਤ ਅਹੂਜਾ ਨੂੰ ਵਧਾਈਆਂ ਦਿੱਤੀਆਂ।