ਗਲੂਕੋਮਾ ਜਾਂਚ ਲਈ ਆਧੁਨਿਕ ਪੋਰਟੇਬਲ ਮਸ਼ੀਨ ਲਗਾਈ
ਸ਼੍ਰੀ ਵਿਸ਼ਵਕਰਮਾ ਚੈਰਿਟੇਬਲ ਟਰੱਸਟ ਹਸਪਤਾਲ ਫਗਵਾੜਾ ਗਲੂਕੋਮਾ ਜਾਂਚ ਲਈ ਅਧੁਨਿਕ ਪੋਰਟੇਬਲ ਮਸ਼ੀਨ ਸਥਾਪਿਤ
Publish Date: Sat, 21 Mar 2026 09:26 PM (IST)
Updated Date: Sat, 21 Mar 2026 09:28 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਵਿਸ਼ਵ ਗਲੂਕੋਮਾ ਹਫ਼ਤੇ ਨੂੰ ਸਮਰਪਿਤ ਇਕ ਮਹੱਤਵਪੂਰਨ ਪ੍ਰੋਜੈਕਟ ਤਹਿਤ ਸ਼੍ਰੀ ਵਿਸ਼ਵਕਰਮਾ ਚੈਰਿਟੇਬਲ ਟਰੱਸਟ ਹਸਪਤਾਲ ਫਗਵਾੜਾ ਵਿਚ ਕਾਲਾ ਮੋਤੀਆ (ਗਲੂਕੋਮਾ) ਦੀ ਜਾਂਚ ਤੇ ਇਲਾਜ ਲਈ ਅਧੁਨਿਕ ਪੋਰਟੇਬਲ ਮਸ਼ੀਨ ਸਥਾਪਿਤ ਕੀਤੀ ਗਈ ਹੈ। ਟਰੱਸਟ ਦੇ ਪ੍ਰਧਾਨ ਪ੍ਰਦੀਪ ਧੀਮਾਨ ਵੱਲੋਂ ਇਸ ਮਸ਼ੀਨ ਨੂੰ ਮਰੀਜ਼ਾਂ ਦੀ ਸੇਵਾ ਲਈ ਸਮਰਪਿਤ ਕੀਤਾ ਗਿਆ। ਜਾਣਕਾਰੀ ਦਿੰਦਿਆਂ ਡਾ. ਸਮਦਿਸ਼ਾ ਨੇ ਦੱਸਿਆ ਕਿ ਗਲੂਕੋਮਾ, ਜਿਸਨੂੰ ਕਾਲਾ ਮੋਤੀਆ ਵੀ ਕਿਹਾ ਜਾਂਦਾ ਹੈ, ਦੁਨੀਆ ਭਰ ਵਿਚ ਅੰਨ੍ਹੇਪਣ ਦਾ ਇਕ ਵੱਡਾ ਕਾਰਨ ਹੈ। ਉਨ੍ਹਾਂ ਦੱਸਿਆ ਕਿ ਅੱਖਾਂ ਦੇ ਅੰਦਰ ਪ੍ਰੈਸ਼ਰ ਵੱਧਣ ਨਾਲ ਅੱਖ ਦੀ ਨਸ ਨੂੰ ਨੁਕਸਾਨ ਹੁੰਦਾ ਹੈ, ਜਿਸ ਨਾਲ ਨਜ਼ਰ ਗੁਆਚਣ ਦਾ ਖਤਰਾ ਹੁੰਦਾ ਹੈ ਪਰ ਸਮੇਂ ਸਿਰ ਜਾਂਚ ਤੇ ਇਲਾਜ ਨਾਲ ਇਸ ਬਿਮਾਰੀ ਨੂੰ ਕਾਬੂ ਕੀਤਾ ਜਾ ਸਕਦਾ ਹੈ। ਹਸਪਤਾਲ ਵਿਚ ਲਗਾਈ ਗਈ ਇਸ ਨਵੀਂ ਐਲਾਈਜ਼ਰ ਗਲੂਕੋਮਾ ਸਕ੍ਰੀਨਿੰਗ ਮਸ਼ੀਨ ਰਾਹੀਂ ਮਰੀਜ਼ਾਂ ਦੀ ਜਾਂਚ ਹੁਣ ਆਸਾਨ ਤੇ ਬਹੁਤ ਹੀ ਸਹੀ ਢੰਗ ਨਾਲ ਹੋ ਸਕੇਗੀ। ਟਰੱਸਟ ਦੇ ਪ੍ਰਧਾਨ ਪ੍ਰਦੀਪ ਧੀਮਾਨ ਨੇ ਦੱਸਿਆ ਕਿ ਇਹ ਸਹੂਲਤ ਪਹਿਲਾਂ ਸਿਰਫ਼ ਪੰਜਾਬ ਦੇ ਵੱਡੇ ਸ਼ਹਿਰਾਂ ਵਿਚ ਹੀ ਉਪਲਬਧ ਸੀ ਪਰ ਹੁਣ ਫਗਵਾੜਾ ਦੇ ਲੋਕਾਂ ਨੂੰ ਆਪਣੇ ਸ਼ਹਿਰ ਵਿਚ ਹੀ ਇਸਦਾ ਲਾਭ ਮਿਲੇਗਾ। ਉਨ੍ਹਾਂ ਇਹ ਵੀ ਭਰੋਸਾ ਦਿਵਾਇਆ ਕਿ ਹਸਪਤਾਲ ਵਿਚ ਗਲੂਕੋਮਾ ਦਾ ਇਲਾਜ ਬਾਜ਼ਾਰ ਨਾਲੋਂ ਕਾਫੀ ਘੱਟ ਖਰਚ ‘ਤੇ ਉਪਲਬਧ ਕਰਵਾਇਆ ਜਾਵੇਗਾ, ਜਿਸ ਨਾਲ ਆਮ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਹੁਣ ਮਰੀਜ਼ਾਂ ਨੂੰ ਇਲਾਜ ਲਈ ਦੂਰ-ਦਰਾਜ਼ ਦੇ ਸ਼ਹਿਰਾਂ ਵਿਚ ਜਾਣ ਦੀ ਲੋੜ ਨਹੀਂ ਪਵੇਗੀ। ਇਸ ਮੌਕੇ ਸੁਰਿੰਦਰ ਪਾਲ ਧੀਮਾਨ, ਡਾ. ਕੋਮਲ, ਜਰਨੈਲ ਸਿੰਘ, ਬਲਵਿੰਦਰ ਸਿੰਘ ਰਤਨ, ਨਰਿੰਦਰ ਸਿੰਘ ਤੇ ਵਿਕਰਮ ਰੂਪਰਾਏ ਸਮੇਤ ਹਸਪਤਾਲ ਦਾ ਸਟਾਫ ਤੇ ਟਰੱਸਟ ਦੇ ਮੈਂਬਰ ਹਾਜ਼ਰ ਸਨ।