ਪੰਜਾਬ ਵਿਚ ਛੋਟੀ ਕਰੰਸੀ ਦੀ ਕਿੱਲਤ, ਵਿਐਚਪੀ ਆਗੂਆਂ ਨੇ ਸਰਕਾਰ ਨੂੰ ਘੇਰਿਆ

ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ
ਕਪੂਰਥਲਾ : ਪੰਜਾਬ ਵਿਚ ਪਿਛਲੇ ਕਾਫੀ ਸਮੇਂ ਤੋਂ 10 ਅਤੇ 20 ਰੁਪਏ ਦੇ ਨੋਟਾਂ ਦੀ ਭਾਰੀ ਕਿੱਲਤ ਕਾਰਨ ਪੈਦਾ ਹੋਈ ਸਥਿਤੀ ’ਤੇ ਚਿੰਤਾ ਪ੍ਰਗਟ ਕਰਦਿਆਂ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਜ਼ਿਲ੍ਹਾ ਪ੍ਰਧਾਨ ਜੀਵਨ ਪ੍ਰਕਾਸ਼ ਵਾਲੀਆ, ਜ਼ਿਲ੍ਹਾ ਸਹਿ ਮੰਤਰੀ ਅਸ਼ੋਕ ਕੁਮਾਰ, ਜ਼ਿਲ੍ਹਾ ਸਤਿਸੰਗ ਪ੍ਰਮੁੱਖ ਮਨਮੋਹਨ ਜੋਸ਼ੀ ਨੇ ਕਿਹਾ ਕਿ ਬਾਜ਼ਾਰ ਵਿਚ ਛੋਟੀ ਨਕਦੀ ਦੀ ਘਾਟ ਨੇ ਨਾ ਸਿਰਫ ਵਪਾਰੀਆਂ, ਸਗੋਂ ਆਮ ਜਨਤਾ ਅਤੇ ਨੌਜਵਾਨ ਵਰਗ ਦੇ ਰੋਜ਼ਾਨਾ ਦੇ ਕੰਮਕਾਜ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਵਿਐੱਚਪੀ ਆਗੂਆਂ ਨੇ ਕਿਹਾ ਕਿ ਜਦੋਂ ਬਾਜ਼ਾਰ ਵਿਚ 10 ਅਤੇ 20 ਰੁਪਏ ਵਰਗੇ ਮੁੱਢਲੇ ਨੋਟ ਹੀ ਗਾਇਬ ਹੋ ਜਾਣਗੇ ਤਾਂ ਰਿਟੇਲ ਵਪਾਰ ਕਿਵੇਂ ਚੱਲੇਗਾ। ਇਕ ਛੋਟਾ ਦੁਕਾਨਦਾਰ, ਰੇਹੜੀ-ਫੜੀ ਵਾਲਾ ਅਤੇ ਆਮ ਗਾਹਕ ਅੱਜ ਛੋਟੇ ਪੈਸਿਆਂ ਦੀ ਜੰਗ ਲੜ ਰਿਹਾ ਹੈ। ਇਸ ਨਾਲ ਬਾਜ਼ਾਰ ਦੀ ਤਰਲਤਾ ਖ਼ਤਮ ਹੋ ਰਹੀ ਹੈ। ਉਨ੍ਹਾਂ ਨੇ ਬੈਂਕਿੰਗ ਪ੍ਰਣਾਲੀ ਦੀ ਕਾਰਜਪ੍ਰਣਾਲੀ ਤੇ ਸਵਾਲ ਉਠਾਉਂਦਿਆਂ ਕਿਹਾ ਕਿ ਅਜਿਹੀਆਂ ਖਬਰਾਂ ਚਿੰਤਾਜਨਕ ਹਨ ਕਿ ਕੁਝ ਬੈਂਕ ਕਰਮਚਾਰੀ ਨਵੇਂ ਅਤੇ ਸਾਫ-ਸੁਥਰੇ ਨੋਟਾਂ ਦੀ ਵੰਡ ਵਿਚ ਪੱਖਪਾਤ ਕਰ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਆਮ ਲੋਕਾਂ ਨੂੰ ਬੈਂਕਾਂ ਵਿਚੋਂ ਨੋਟ ਨਹੀਂ ਹਨ ਕਹਿ ਕੇ ਮੋੜ ਦਿੱਤਾ ਜਾਂਦਾ ਹੈ, ਜਦਕਿ ਕਥਿਤ ਤੌਰ ਤੇ ਚੋਣਵੇਂ ਲੋਕਾਂ ਜਾਂ ਚਹੇਤਿਆ ਤੱਕ ਇਹ ਕਰੰਸੀ ਆਸਾਨੀ ਨਾਲ ਪਹੁੰਚ ਰਹੀ ਹੈ । ਉਨ੍ਹਾਂ ਮੰਗ ਕੀਤੀ ਕਿ ਸਰਕਾਰ ਅਤੇ ਰਿਜ਼ਰਵ ਬੈਂਕ ਨੂੰ ਇਸ ਦੀ ਉੱਚ ਪੱਧਰੀ ਜਾਂਚ ਕਰਵਾਉਣੀ ਚਾਹੀਦੀ ਹੈ। ਅੰਤ ਵਿਚ ਵਿਐਚਪੀ ਆਗੂਆਂ ਨੇ ਕਿਹਾ ਕਿ ਇਹ ਸਿਰਫ ਵਪਾਰਕ ਮੁੱਦਾ ਨਹੀਂ, ਸਗੋਂ ਇਕ ਸਮਾਜਿਕ ਸਮੱਸਿਆ ਬਣ ਚੁੱਕੀ ਹੈ। ਜੇਕਰ ਸਮੇਂ ਸਿਰ ਕਦਮ ਨਾ ਚੁੱਕੇ ਗਏ ਤਾਂ ਇਹ ਸਥਿਤੀ ਹੋਰ ਗੰਭੀਰ ਰੂਪ ਧਾਰਨ ਕਰ ਲਵੇਗੀ, ਜਿਸ ਦੀ ਜ਼ਿੰਮੇਵਾਰੀ ਸਿੱਧੇ ਤੌਰ ’ਤੇ ਪ੍ਰਸ਼ਾਸਨ ਦੀ ਹੋਵੇਗੀ।
ਡਿਜੀਟਲ ਇੰਡੀਆ ਤੇ ਜ਼ਮੀਨੀ ਹਕੀਕਤ : ਵਿਐੱਚਪੀ ਆਗੂਆਂ ਨੇ ਕਿਹਾ ਕਿ ਭਾਵੇਂ ਅਸੀਂ ਡਿਜੀਟਲ ਭੁਗਤਾਨ ਵੱਲ ਵਧ ਰਹੇ ਹਾਂ ਪਰ ਪੰਜਾਬ ਦੇ ਪੇਂਡੂ ਖੇਤਰਾਂ ਅਤੇ ਛੋਟੇ ਕਸਬਿਆਂ ਵਿਚ ਵੀ 10-20 ਰੁਪਏ ਦੇ ਨੋਟ ਹੀ ਅਰਥਵਿਵਸਥਾ ਦੀ ਰੀੜ੍ਹ ਦੀ ਹੱਡੀ ਹਨ। ਕੀ ਇਕ ਮਜ਼ਦੂਰ ਜਾਂ ਇਕ ਬਜ਼ੁਰਗ ਹਰ ਛੋਟੀ ਖਰੀਦਦਾਰੀ ਲਈ ਮੋਬਾਈਲ ਐਪ ’ਤੇ ਨਿਰਭਰ ਹੋ ਸਕਦਾ ਹੈ, ਬਿਲਕੁਲ ਨਹੀਂ। ਨਕਦੀ ਦੀ ਉਪਲੱਬਧਤਾ ਯਕੀਨੀ ਬਣਾਉਣਾ ਸਰਕਾਰ ਦੀ ਮੁੱਢਲੀ ਜ਼ਿੰਮੇਵਾਰੀ ਹੈ। ਵਿਐੱਚਪੀ ਆਗੂਆਂ ਨੇ ਪੰਜਾਬ ਸਰਕਾਰ ਅਤੇ ਬੈਕਿੰਗ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਆਉਣ ਵਾਲੇ ਦਿਨਾਂ ਵਿਚ ਇਸ ਸਮੱਸਿਆ ਦਾ ਪੱਕਾ ਹੱਲ ਨਾ ਕੱਢਿਆ ਗਿਆ ਤਾਂ ਸਮੱਸਿਆ ਹੋਰ ਗੰਭੀਰ ਹੋ ਜਾਵੇਗੀ। ਵਿਸ਼ੇਸ਼ ਮੰਗ ਕਰਦਿਆਂ ਵਿਐੱਚਪੀ ਆਗੂਆਂ ਕਿਹਾ ਕਿ ਬੈਂਕਾਂ ਵਿਚ ਛੋਟੀ ਕਰੰਸੀ ਦਾ ਕਾਫੀ ਸਟਾਕ ਮੁਹੱਈਆ ਕਰਵਾਇਆ ਜਾਵੇ। ਨੋਟਾਂ ਦੀ ਵੰਡ ਵਿਚ ਪਾਰਦਰਸ਼ਤਾ ਲਿਆਂਦੀ ਜਾਵੇ। ਖ਼ਰਾਬ ਹੋ ਚੁੱਕੇ ਨੋਟਾਂ ਦੀ ਥਾਂ ਤੁਰੰਤ ਨਵੀਂ ਕਰੰਸੀ ਬਾਜ਼ਾਰ ਵਿਚ ਉਤਾਰੀ ਜਾਵੇ।