ਐੱਸਐੱਚਓ ਅਮਨਦੀਪ ਕੌਰ ਨੇ ਥਾਣਾ ਫੱਤੂਢੀਂਗਾ ਦਾ ਚਾਰਜ ਸੰਭਾਲਿਆ
ਐੱਸ.ਐੱਚ.ਓ ਅਮਨਦੀਪ ਕੌਰ ਨੇ ਥਾਣਾ ਫੱਤੂਢੀਂਗਾ ਦਾ ਚਾਰਜ ਸੰਭਾਲਿਆ
Publish Date: Mon, 09 Feb 2026 09:43 PM (IST)
Updated Date: Mon, 09 Feb 2026 09:44 PM (IST)
ਕੁਲਵਿੰਦਰ ਸਿੰਘ ਲਾਡੀ ਪੰਜਾਬੀ ਜਾਗਰਣ ਫੱਤੂਢੀਂਗਾ : ਇਲਾਕੇ ਅੰਦਰ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਹਰ ਤਰ੍ਹਾਂ ਦੀ ਸਖ਼ਤੀ ਵਰਤੀ ਜਾਵੇਗੀ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਐੱਸਐੱਚਓ ਅਮਨਦੀਪ ਕੌਰ ਨੇ ਥਾਣਾ ਫੱਤੂਢੀਂਗਾ ਦਾ ਚਾਰਜ ਸੰਭਾਲਣ ਮੌਕੇ ਕਰਦਿਆਂ ਕਿਹਾ ਕਿ ਐੱਸਐੱਸਪੀ ਕਪੂਰਥਲਾ ਗੌਰਵ ਤੂਰਾ ਦੀਆਂ ਹਦਾਇਤਾਂ ਅਨੁਸਾਰ ਨਸ਼ਿਆਂ ਦੀ ਤਸਕਰੀ ਤੇ ਹੋਰ ਗੈਰ ਕਾਨੂੰਨੀ ਧੰਦੇ ਕਰਨ ਵਾਲਿਆਂ ਨੂੰ ਸਖ਼ਤੀ ਨਾਲ ਨੱਥ ਪਾਈ ਜਾਵੇਗੀ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਨਾਕੇ ਲਾ ਕੇ ਟਰੈਫਿਕ ਨਿਯਮਾਂ ਨੂੰ ਤੋੜਣ ਵਾਲੇ ਵਾਹਨ ਚਾਲਕਾਂ ਦੇ ਵੀ ਚਲਾਨ ਕੱਟੇ ਜਾਣਗੇ ਤੇ ਬਿਨਾਂ ਕਾਗਜ਼ਾਂ ਵਾਲੇ ਵਾਹਨ ਥਾਣੇ ’ਚ ਬੰਦ ਕੀਤੇ ਜਾਣਗੇ। ਉਨ੍ਹਾਂ ਮੋਹਤਬਰਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਮਾੜੇ ਅਨਸਰਾਂ ਦੀ ਸਿਫਾਰਿਸ਼ ਨਾ ਕਰਨ। ਉਨ੍ਹਾਂ ਕਿਹਾ ਕਿ ਨਸ਼ਿਆਂ ਸੰਬੰਧੀ ਕੋਈ ਵੀ ਗੱਲ ਕੋਈ ਵੀ ਵਿਅਕਤੀ ਮੇਰੇ ਧਿਆਨ ਵਿਚ ਲਿਆ ਸਕਦਾ ਹੈ। ਉਨ੍ਹਾਂ ਕਿਹਾ ਕਿ ਪਬਲਿਕ ਦੇ ਸਹਿਯੋਗ ਨਾਲ ਹੀ ਪੁਲਿਸ ਨਸ਼ੇ ਦੇ ਸੌਦਾਗਰਾਂ ’ਤੇ ਕਾਬੂ ਪਾ ਸਕਦੀ ਹੈ। ਇਸ ਲਈ ਲੋਕਾਂ ਨੂੰ ਚਾਹੀਦਾ ਹੈ ਕਿ ਇਸ ਬਾਰੇ ਜਾਣਕਾਰੀ ਪੁਲਿਸ ਨੂੰ ਦੇਣ। ਇਸ ਮੌਕੇ ਐੱਸਐਚਓ ਅਮਨਦੀਪ ਕੌਰ ਤੇ ਸਬ ਇੰਸਪੈਕਟਰ ਪ੍ਰਦੀਪ ਕੌਰ ਨੇ ਕਿਹਾ ਕਿ ਥਾਣੇ ਵਿਚ ਹਰੇਕ ਅਮਨ ਪਸੰਦ ਵਿਅਕਤੀ ਦਾ ਮਾਨ-ਸਤਿਕਾਰ ਕੀਤਾ ਜਾਵੇਗਾ ਅਤੇ ਲੋਕਾਂ ਦੀ ਸਾਰੀਆਂ ਮੁਸ਼ਕਿਲਾਂ ਪਹਿਲ ਦੇ ਅਧਾਰ ’ਤੇ ਹੱਲ ਕੀਤੀਆਂ ਜਾਣਗੀਆਂ।