ਨਡਾਲਾ ਦੇ ਸ਼ਿਵ ਕੁਮਾਰ ਨੇ ਜਿੱਤੇ ਤਿੰਨ ਤਮਗੇ
ਨਡਾਲਾ ਦੇ ਸ਼ਿਵ ਕੁਮਾਰ ਨੇ ਤਿੰਨ ਤਮਗੇ ਜਿੱਤ ਕੇ ਕੀਤਾ ਇਲਾਕੇ ਦਾ ਨਾਮ ਰੌਸ਼ਨ
Publish Date: Tue, 17 Mar 2026 09:34 PM (IST)
Updated Date: Tue, 17 Mar 2026 09:37 PM (IST)
ਚੰਨਪ੍ਰੀਤ ਸਿੰਘ ਕੰਗ ਪੰਜਾਬੀ ਜਾਗਰਣ ਨਡਾਲਾ : ਕਸਬਾ ਨਡਾਲਾ ਦੇ ਹੋਣਹਾਰ ਵੈਟਰਨ ਖਿਡਾਰੀ ਸ਼ਿਵ ਕੁਮਾਰ ਨੇ ਬਠਿੰਡਾ ਵਿਖੇ ਹੋਏ ਰਾਸ਼ਟਰੀ ਪੱਧਰ ਦੇ ਐਥਲੈਟਿਕਸ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਤਿੰਨ ਤਮਗੇ ਜਿੱਤ ਕੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਇਹ ਮੁਕਾਬਲੇ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ (ਬਠਿੰਡਾ) ਵਿਚ ਵੈਟਰਨ ਐਥਲੈਟਿਕਸ ਫੈੱਡਰੇਸ਼ਨ ਆਫ਼ ਇੰਡੀਆ ਵੱਲੋਂ ਮਿਲਖਾ ਸਿੰਘ ਵੈਟਰਨ ਐਥਲੈਟਿਕਸ ਕਲੱਬ ਬਠਿੰਡਾ ਦੇ ਸਮਰਥਨ ਨਾਲ ਆਯੋਜਿਤ ਕੀਤੇ ਗਏ ਸਨ। ਮੁਕਾਬਲਿਆਂ ਦੌਰਾਨ ਸ਼ਿਵ ਕੁਮਾਰ ਨੇ 400 ਮੀਟਰ ਦੌੜ ਵਿਚ ਸੋਨੇ ਦਾ ਤਗਮਾ, 200 ਮੀਟਰ ਹਰਡਲ ਵਿਚ ਚਾਂਦੀ ਦਾ ਅਤੇ ਜੈਵਲਿਨ ਥ੍ਰੋ ਵਿਚ ਵੀ ਚਾਂਦੀ ਦਾ ਤਗਮਾ ਆਪਣੇ ਨਾਮ ਕੀਤਾ। ਸ਼ਿਵ ਕੁਮਾਰ ਦੀ ਇਸ ਕਾਮਯਾਬੀ ਨਾਲ ਨਡਾਲਾ ਤੇ ਨੇੜਲੇ ਇਲਾਕੇ ਵਿਚ ਖੁਸ਼ੀ ਦੀ ਲਹਿਰ ਹੈ। ਇਲਾਕੇ ਦੇ ਖੇਡ ਪ੍ਰੇਮੀਆਂ ਤੇ ਸਮਾਜਿਕ ਸੰਗਠਨਾਂ ਵੱਲੋਂ ਉਸਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ ਤੇ ਭਵਿੱਖ ਵਿਚ ਹੋਰ ਵੱਡੀਆਂ ਕਾਮਯਾਬੀਆਂ ਦੀ ਕਾਮਨਾ ਕੀਤੀ ਗਈ ਹੈ। ਇਸ ਮੌਕੇ ਖਿਡਾਰੀ ਸ਼ਿਵ ਕੁਮਾਰ ਨੇ ਆਪਣੀ ਸਫਲਤਾ ਦਾ ਸਿਹਰਾ ਆਪਣੇ ਕੋਚ ਤੇ ਪਰਿਵਾਰਕ ਮੈਂਬਰਾਂ ਨੂੰ ਦਿੰਦਿਆਂ ਕਿਹਾ ਕਿ ਉਹ ਆਗਾਮੀ ਸਮੇਂ ਵਿਚ ਵੀ ਦੇਸ਼ ਤੇ ਇਲਾਕੇ ਦਾ ਨਾਮ ਰੌਸ਼ਨ ਕਰਨ ਲਈ ਮਿਹਨਤ ਕਰਦਾ ਰਹੇਗਾ।