2027 ’ਚ ਅਕਾਲੀ ਦਲ ਵੱਡੀ ਜਿੱਤ ਹਾਸਲ ਕਰੇਗੀ : ਜੀਤੀ ਖੇੜਾ
2027 ਵਿਚ ਸ੍ਰੌਮਣੀ ਅਕਾਲੀ ਦਲ ਵੱਡੀ ਲੀਡ ਨਾਲ ਜਿਤ ਹਾਸਿਲ ਕਰੇਗੀ,ਜੀਤੀ ਖੇੜਾ
Publish Date: Tue, 03 Mar 2026 07:21 PM (IST)
Updated Date: Tue, 03 Mar 2026 07:23 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਸ਼ਰਾਬ ਘੁਟਾਲਾ ਮਾਮਲੇ ਵਿਚ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਰਿਹਾਈ ਤੋਂ ਬਾਅਦ ਵਿਰੋਧੀ ਧਿਰਾਂ ਵੱਲੋਂ ਤਿੱਖੀਆਂ ਪ੍ਰਤੀਕ੍ਰਿਆਵਾਂ ਆਈਆਂ ਹਨ। ਇਸ ਰਿਹਾਈ ਨੂੰ ਆਮ ਆਦਮੀ ਪਾਰਟੀ ਨੇ “ਸੱਚ ਦੀ ਜਿੱਤ” ਕਰਾਰ ਦਿੱਤਾ। ਅਰਵਿੰਦ ਕੇਜਰੀਵਾਲ ਦੀ ਰਿਹਾਈ ’ਤੇ ਤੰਜ਼ ਕਸਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਰਣਜੀਤ ਸਿੰਘ ਜੀਤੀ ਖੇੜਾ ਤੇ ਯੂਥ ਆਗੂ ਗੁਰਸਿਮਰ ਸਿੰਘ ਨੇ ਕਿਹਾ ਕਿ ਜੇ ਇਹ ਰਿਹਾਈ ਸੱਚ ਦੀ ਜਿੱਤ ਹੈ ਤਾਂ ਫਿਰ ਬਿਕਰਮ ਸਿੰਘ ਮਜੀਠੀਆ ਦੀ ਰਿਹਾਈ ਵੀ ਤਾਂ ਸੱਚ ਦੀ ਹੀ ਜਿੱਤ ਹੈ ਕਿਉਂਕਿ ਪੰਜਾਬ ਦੀ ਆਪ ਸਰਕਾਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੇ ਕੇਸ ਵਿਚ ਵੀ ਪੁਖਤਾ ਸਬੂਤ ਪੇਸ਼ ਨਹੀ ਕਰ ਸਕੀ। ਇਸ ਲਈ ਉਨ੍ਹਾਂ ਖ਼ਿਲਾਫ਼ ਦਰਜ ਮਾਮਲਿਆਂ ਵਿਚ ਵੀ ਇਹੀ ਮਾਪਦੰਡ ਲਾਗੂ ਹੋਣਾ ਚਾਹੀਦਾ ਹੈ। ਉਨ੍ਹਾਂ ਸਵਾਲ ਕੀਤਾ ਕਿ ਜਦੋਂ ਆਪ ਆਗੂ ਉਨ੍ਹਾਂ ਦੀ ਗ੍ਰਿਫ਼ਤਾਰੀ ਵੇਲੇ ਜਸ਼ਨ ਮਨਾਉਂਦੇ ਸਨ, ਤਾਂ ਹੁਣ ਕਿਹੜਾ ਸਿਧਾਂਤ ਬਦਲ ਗਿਆ? ਇਕ ਪਾਸੇ ਆਪ ਆਗੂ ਇਸ ਨੂੰ ਨਿਆਂ ਦੀ ਜਿੱਤ ਵਜੋਂ ਪੇਸ਼ ਕਰ ਰਹੇ ਹਨ, ਜਦਕਿ ਵਿਰੋਧੀ ਧਿਰ ਇਸ ਨੂੰ ਕਾਨੂੰਨੀ ਪ੍ਰਕਿਰਿਆ ਦਾ ਹਿੱਸਾ ਦੱਸਦੇ ਹੋਏ ਸਿਆਸੀ ਨਾਟਕ ਕਰਾਰ ਦੇ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਰਣਜੀਤ ਸਿੰਘ ਜੀਤੀ ਖੇੜਾ, ਯੂਥ ਆਗੂ ਗੁਰਸਿਮਰ ਸਿੰਘ ਨੇ ਦਾਅਵਾ ਕੀਤਾ ਕਿ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਮੁੜ ਸੱਤਾ ਵਿਚ ਆਵੇਗੀ। ਉਨ੍ਹਾਂ ਕਿਹਾ ਕਿ ਲੋਕ ਮੌਜੂਦਾ ਸਰਕਾਰ ਤੋਂ ਨਿਰਾਸ਼ ਹਨ ਤੇ ਵਿਕਾਸ ਤੇ ਕਾਨੂੰਨ-ਵਿਵਸਥਾ ਦੇ ਮਸਲਿਆਂ ’ਤੇ ਬਦਲਾਅ ਚਾਹੁੰਦੇ ਹਨ। ਜੀਤੀ ਖੇੜਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਆਪਣੇ ਰਵਾਇਤੀ ਮਜ਼ਬੂਤ ਅਧਾਰ, ਪਿੰਡਾਂ ਤੇ ਕਿਸਾਨ ਵਰਗ ਨਾਲ ਜੁੜਾਅ ਤੇ ਧਾਰਮਿਕ-ਸਮਾਜਿਕ ਸੰਸਥਾਵਾਂ ਨਾਲ ਸਬੰਧਾਂ ਦੇ ਆਧਾਰ ’ਤੇ 2027 ਵਿਚ ਵਾਪਸੀ ਕਰੇਗੀ।