- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼੍ਰੋਮਣੀ ਅਕਾਲੀ ਦਲ (ਬ) ਨੇ ਫਗਵਾੜਾ ਵਿਖੇ ਕੀਤੀ ਪ੍ਰੈਸ ਕਾਨਫਰੰਸ

* ਸ਼੍ਰੋਮਣੀ ਅਕਾਲੀ ਦਲ (ਬ) ਨੇ ਫਗਵਾੜਾ ਵਿਖੇ ਕੀਤੀ ਪ੍ਰੈੱਸ ਕਾਨਫਰੰਸ
* ਕਿਹਾ, ਪੰਜਾਬੀਆਂ ਦੇ ਸਹਿਯੋਗ ਨਾਲ ‘ਆਪ’ ਸਰਕਾਰ ਦਾ ਅਕਾਲੀ ਦਲ ਡਟ ਕੇ ਮੁਕਾਬਲਾ ਕਰੇਗਾ
ਕੈਪਸ਼ਨ -14ਪੀਐਚਜੀ7 ਫਗਵਾੜਾ ਵਿਖੇ ਪ੍ਰੈਸ ਕਾਨਫੰਰਸ ਦੌਰਾਨ ਗੱਲਬਾਤ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ (ਬ) ਦੇ ਸ਼ਹਿਰੀ ਹਲਕਾ ਇੰਚਾਰਜ ਸਰਦਾਰ ਰਣਜੀਤ ਸਿੰਘ ਖੁਰਾਣਾ, ਦਿਹਾਤੀ ਇੰਚਾਰਜ ਸਰਦਾਰ ਰਾਜਿੰਦਰ ਸਿੰਘ ਚੰਦੀ , ਸਾਬਕਾ ਚੇਅਰਮੈਨ ਸ. ਜਰਨੈਲ ਸਿੰਘ ਵਾਹਦ, ਅਤੇ ਹੋਰ ਸੀਨੀਅਰ ਆਗੂ।
ਵਿਜੇ ਸੋਨੀ, ਪੰਜਾਬੀ ਜਾਗਰਣ
ਫਗਵਾੜਾ : ਸ਼੍ਰੋਮਣੀ ਅਕਾਲੀ ਦਲ (ਬ) ਨੇ ਸੂਬੇ ਦੀ ਭਗਵੰਤ ਮਾਨ ਸਰਕਾਰ ਤੇ ਆਮ ਆਦਮੀ ਪਾਰਟੀ ਸਮੇਤ ਵਿਰੋਧੀ ਧਿਰਾਂ ’ਤੇ ਦੋਸ਼ ਲਾਇਆ ਹੈ ਕਿ ਪਿਛਲੇ ਕਾਫ਼ੀ ਸਮੇਂ ਤੋਂ ਸੱਤਾਧਾਰੀ ਸਰਕਾਰਾਂ ਵੱਲੋਂ ਸਿੱਖ ਕੌਮ ਦੀਆਂ ਧਾਰਮਿਕ ਤੇ ਖੁਦਮੁਖ਼ਤਿਆਰ ਸੰਸਥਾਵਾਂ ਨੂੰ ਕਮਜ਼ੋਰ ਕਰਨ ਲਈ ਨਿਰੰਤਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 328 ਪਾਵਨ ਸਰੂਪਾਂ ਦੇ ਮਾਮਲੇ ਨੂੰ ਸਿਰਫ਼ ਰਾਜਨੀਤਕ ਲਾਭ ਲਈ ਵਰਤਿਆ ਜਾ ਰਿਹਾ ਹੈ, ਜੋ ਬਹੁਤ ਨਿੰਦਣਯੋਗ ਹੈ। ਸ਼੍ਰੋਮਣੀ ਅਕਾਲੀ ਦਲ (ਬ) ਦੇ ਵਿਧਾਨ ਸਭਾ ਹਲਕਾ ਫਗਵਾੜਾ ਸ਼ਹਿਰੀ ਇੰਚਾਰਜ ਰਣਜੀਤ ਸਿੰਘ ਖੁਰਾਣਾ ਤੇ ਦਿਹਾਤੀ ਹਲਕਾ ਇੰਚਾਰਜ ਰਾਜਿੰਦਰ ਸਿੰਘ ਚੰਦੀ ਨੇ ਮਾਰਕਫੈੱਡ ਦੇ ਸਾਬਕਾ ਚੇਅਰਮੈਨ ਜਰਨੈਲ ਸਿੰਘ ਵਾਹਦ ਦੀ ਮੌਜੂਦਗੀ ’ਚ ਗੁਰਦੁਆਰਾ ਸ੍ਰੀ ਸੁਖਚੈਨਆਣਾ ਸਾਹਿਬ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਸਪੱਸ਼ਟ ਕੀਤਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਗਈ ਭਾਈ ਈਸ਼ਰ ਸਿੰਘ ਕਮੇਟੀ ਦੀ ਰਿਪੋਰਟ ’ਚ ਕਿਤੇ ਵੀ ਇਹ ਨਹੀਂ ਲਿਖਿਆ ਕਿ ਪਾਵਨ ਸਰੂਪ ਚੋਰੀ ਹੋਏ ਜਾਂ ਬੇਅਦਬੀ ਕੀਤੀ ਗਈ। ਰਿਪੋਰਟ ’ਚ ਸਾਫ਼ ਦਰਜ ਹੈ ਕਿ ਕੁਝ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਇਹ ਪਾਵਨ ਸਰੂਪ ਸੰਗਤ ਨੂੰ ਦਿੱਤੇ ਗਏ ਪਰ ਨਾ ਤਾਂ ਉਨ੍ਹਾਂ ਦੀ ਬਣਦੀ ਭੇਟਾ ਟਰੱਸਟ ਫੰਡ ’ਚ ਜਮਾ ਕਰਵਾਈ ਗਈ ਅਤੇ ਨਾ ਹੀ ਉਨ੍ਹਾਂ ਦੇ ਬਿੱਲ ਕੱਟੇ ਗਏ। ਇਸ ਤੱਥ ਨੂੰ ਤੋੜ ਮਰੋੜ ਕੇ ਪੇਸ਼ ਕਰਨਾ ਸਿੱਖ ਸੰਗਤ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਹੈ। ਉਨ੍ਹਾਂ ਦੋਸ਼ ਲਾਇਆ ਕਿ ਅਸਲ ਬੇਅਦਬੀਆਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੀਆਂ ਜਾ ਰਹੀਆਂ ਹਨ। ਚਾਹੇ ਉਹ ਸ਼ਰਾਬ ਵਾਲੀ ਵੀਡੀਓ ਹੋਵੇ ਜਾਂ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਦੀ ਬੇਅਦਬੀ-ਇਹ ਸਾਰੀਆਂ ਕਰਤੂਤਾਂ ਬਿਲਕੁਲ ਖਿਮਾ ਯੋਗ ਨਹੀਂ ਹਨ। ਪਾਰਟੀ ਨੇ ਸਵਾਲ ਉਠਾਇਆ ਕਿ ਜੋ ਮੁੱਖ ਮੰਤਰੀ ਗੁਰੂ ਦੀ ਗੋਲਕ ਦਾ ਹਿਸਾਬ ਮੰਗਦਾ ਹੈ, ਉਹ ਆਪਣੀ ਸਰਕਾਰ ਦੌਰਾਨ ਹੋਈ ਕਰੋੜਾਂ ਰੁਪਏ ਦੀ ਲੁੱਟ ’ਤੇ ਚੁੱਪ ਕਿਉਂ ਹੈ? ਅਕਾਲੀ ਆਗੂਆਂ ਨੇ ਤਿੱਖੇ ਲਹਿਜੇ ’ਚ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਨੂੰ ਵੰਗਾਰਨਾ, ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਮਾਨ-ਸਨਮਾਨ ਨੂੰ ਠੇਸ ਪਹੁੰਚਾਉਣਾ ਤੇ ਭੱਦੀ ਸ਼ਬਦਾਵਲੀ ਵਰਤਣਾ, ਸਿੱਖ ਮਰਯਾਦਾ ਦੀ ਸਿੱਧੀ ਉਲੰਘਣਾ ਹੈ। ਤਲਬ ਹੋਣ ’ਤੇ ਸ਼ਰਤਾਂ ਰੱਖਣਾ ਅਤੇ ‘ਲਾਈਵ’ ਕਰਨ ਦੀ ਜ਼ਿੱਦ ਕਰਨਾ ਸੱਤਾ ਦੇ ਹੰਕਾਰ ਦਾ ਪ੍ਰਗਟਾਵਾ ਹੈ। ਖੁਰਾਣਾ ਤੇ ਚੰਦੀ ਨੇ ਆਮ ਆਦਮੀ ਪਾਰਟੀ ਨੂੰ ਬੇਅਦਬੀਆਂ ਲਈ ਸਿੱਧੇ ਤੌਰ ’ਤੇ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ 2014 ’ਚ ਜਦੋਂ ‘ਆਪ’ ਪੰਜਾਬ ’ਚ ਦਾਖ਼ਲ ਹੋਈ ਤਾਂ ਉਸ ਤੋਂ ਬਾਅਦ ਬੇਅਦਬੀਆਂ ਦੀ ਲੜੀ ਸ਼ੁਰੂ ਹੋਈ। 2016 ਵਿਚ ਮਲੇਰਕੋਟਲਾ ’ਚ ਕੁਰਾਨ ਸ਼ਰੀਫ ਦੀ ਬੇਅਦਬੀ ਦੇ ਮਾਮਲੇ ’ਚ ‘ਆਪ’ ਦੇ ਦਿੱਲੀ ਵਿਧਾਇਕ ਨਰੇਸ਼ ਯਾਦਵ ਨੂੰ ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤਾ ਜਾ ਚੁੱਕਾ ਹੈ, ਜਿਸ ਦਾ ਕੇਸ ‘ਆਪ’ ਦੇ ਮੰਤਰੀਆਂ ਹਰਪਾਲ ਚੀਮਾ ਤੇ ਹਰਜੋਤ ਸਿੰਘ ਬੈਂਸ ਵੱਲੋਂ ਲੜਿਆ ਗਿਆ। ਇਸ ਦੇ ਬਾਵਜੂਦ ਸਰਕਾਰ ਨੇ ਕੇਸ ਵਾਪਸ ਲੈਣ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਅਦਾਲਤ ਨੇ ਨਾ-ਮਨਜੂਰ ਕਰਦਿਆਂ ਦੋਸ਼ੀ ‘ਆਪ’ ਆਗੂ ਨਰੇਸ਼ ਯਾਦਵ ਨੂੰ ਸਜ਼ਾ ਸੁਣਾਈ। ਅਕਾਲੀ ਆਗੂਆਂ ਨੇ ਦਾਅਵਾ ਕੀਤਾ ਕਿ ਪਿਛਲੇ ਚਾਰ ਸਾਲਾਂ ਵਿੱਚ 100 ਤੋਂ ਵੱਧ ਬੇਅਦਬੀਆਂ ਹੋਈਆਂ ਹਨ। ਸੁਲਤਾਨਪੁਰ ਲੋਧੀ ਵਿਖੇ ਗੁਰੂ ਘਰ ‘ਚ ਪੁਲਿਸ ਵਲੋਂ ਗੋਲੀਆਂ ਚਲਾਉਣ, ਸ੍ਰੀ ਅਖੰਡ ਪਾਠ ਸਾਹਿਬ ਖੰਡਿਤ ਹੋਣ ਵਰਗੀਆਂ ਘਟਨਾਵਾਂ ਦੇ ਬਾਵਜੂਦ ਕੋਈ ਢੁੱਕਵੀਂ ਕਾਰਵਾਈ ਨਾ ਕਰਨਾ, ਭਾਈ ਈਸ਼ਰ ਸਿੰਘ ਰਿਪੋਰਟ ਵਿੱਚ ਦਰਜ ਦੋਸ਼ੀ ਨੂੰ ਆਮ ਆਦਮੀ ਪਾਰਟੀ ਵੱਲੋਂ ਅਹਿਮ ਅਹੁਦਿਆਂ ‘ਤੇ ਬਰਕਰਾਰ ਰੱਖਣਾ, ਸਰਕਾਰ ਦੀ ਨੀਅਤ ‘ਤੇ ਗੰਭੀਰ ਸਵਾਲ ਖੜੇ ਕਰਦਾ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਮੁੜ ਉਭਰ ਰਹੀ ਤਾਕਤ ਤੋਂ ਬੌਖਲਾਈ ਆਪ ਸਰਕਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਦਖ਼ਲ ਦੇਣ ਲਈ ਐਸ.ਆਈ.ਟੀ. ਦਾ ਗਠਨ ਕੀਤਾ ਹੈ। ਇਸ ਐੱਸਆਈਟੀ ਦਾ ਇੱਕੋ ਮਕਸਦ ਆਮ ਆਦਮੀ ਪਾਰਟੀ ਦੇ ਸਿਆਸੀ ਏਜੰਡੇ ਤਹਿਤ ਸੁਖਬੀਰ ਸਿੰਘ ਬਾਦਲ ਨੂੰ ਝੂਠੇ ਮਾਮਲਿਆਂ ’ਚ ਫਸਾਉਣਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਸੁਖਬੀਰ ਸਿੰਘ ਬਾਦਲ ਕਿਸੇ ਵੀ ਤਰ੍ਹਾਂ ਦੀਆਂ ਗਿੱਦੜ ਧਮਕੀਆਂ ਤੋਂ ਡਰਨ ਵਾਲੇ ਨਹੀਂ ਹਨ। ਪੰਜਾਬੀਆਂ ਦੇ ਸਹਿਯੋਗ ਤੇ ਅਸੀਸਾਂ ਨਾਲ ਅਕਾਲੀ ਦਲ ਇਸ ਨਾਕਾਮ ਸਰਕਾਰ ਦਾ ਡਟ ਕੇ ਮੁਕਾਬਲਾ ਕਰੇਗਾ ਅਤੇ ਇਸਦਾ ਅਸਲੀ ਚਿਹਰਾ ਲੋਕਾਂ ਸਾਹਮਣੇ ਲਿਆ ਕੇ ਰਹੇਗਾ।