ਸ਼੍ਰੋਅਦ (ਅ) ਵੱਲੋਂ 8 ਮੈਂਬਰੀ ਕਮੇਟੀ ਦਾ ਐਲਾਨ
ਸ਼੍ਰੋਮਣੀ ਅਕਾਲੀ ਦਲ (ਅ) ਨੇ 2027 ਦੀਆਂ ਪੰਜਾਬ ਵਿਧਾਨਸਭਾ ਚੋਣਾਂ ਦੀ ਤਿਆਰੀ ਲਈ 8 ਮੈਂਬਰੀ ਕਮੇਟੀ ਦਾ ਕੀਤਾ ਐਲਾਨ
Publish Date: Sun, 19 Apr 2026 06:49 PM (IST)
Updated Date: Sun, 19 Apr 2026 06:51 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ
ਫਗਵਾੜਾ ਸ਼੍ਰੋਮਣੀ ਅਕਾਲੀ ਦਲ (ਅ) ਦੇ ਮੁੱਖ ਬੁਲਾਰੇ ਡਾ. ਹਰਜਿੰਦਰ ਸਿੰਘ ਜੱਖੂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਾਰਟੀ ਵੱਲੋਂ 2027 ਦੀਆਂ ਪੰਜਾਬ ਵਿਧਾਨਸਭਾ ਚੋਣਾਂ ਦੀ ਤਿਆਰੀ ਨੂੰ ਮੁੱਖ ਰੱਖਦੇ ਹੋਏ ਵਿਧਾਨ ਹਲਕਾ ਫਗਵਾੜਾ ਲਈ 8 ਮੈਂਬਰੀ ਕਮੇਟੀ ਦਾ ਐਲਾਨ ਕਰ ਦਿੱਤਾ ਗਿਆ ਹੈ। ਜਿਸ ਵਿੱਚ ਜਥੇਦਾਰ ਰੇਸ਼ਮ ਸਿੰਘ, ਬਾਬਾ ਬਲਦੇਵ ਸਿੰਘ ਰਾਏਪੁਰ, ਨਿਰਮਲ ਸਿੰਘ ਸਮਰਾ, ਜਥੇਦਾਰ ਸੁੱਚਾ ਸਿੰਘ, ਗੁਰਦਿਆਲ ਸਿੰਘ ਮਾਨਾਂਵਾਲੀ, ਬੀਬੀ ਸੁਖਜੀਤ ਕੌਰ ਭਬਿਆਣਾ, ਗੁਰਪ੍ਰੀਤ ਸਿੰਘ ਗੋਪੀ ਅਤੇ ਪੱਤਰਕਾਰ ਕੁਲਦੀਪ ਸਿੰਘ ਨੂਰ ਨੂੰ ਸ਼ਾਮਲ ਕੀਤਾ ਗਿਆ ਹੈ। ਡਾ. ਜੱਖੂ ਅਤੇ ਮੁਖਤਿਆਰ ਸਿੰਘ ਸੁਲਤਾਨਪੁਰ ਜਿਲ੍ਹਾ ਪ੍ਰਧਾਨ ਨੇ ਸਾਂਝੇ ਬਿਆਨ ਵਿੱਚ ਦੱਸਿਆ ਕਿ 13 ਜੂਨ ਸ਼ਨਿਚਰਵਾਰ ਨੂੰ ਦਾਣਾ ਮੰਡੀ ਫਗਵਾੜਾ ਵਿਖੇ ਵਿਸ਼ਾਲ ਬੇਗਮਪੁਰਾ ਪੰਥਕ ਇਕੱਠ ਕੀਤਾ ਜਾ ਰਿਹਾ ਹੈ। ਜਿਸ ਨੂੰ ਸ਼੍ਰੋ.ਅ.ਦ. (ਅ) ਦੇ ਮੁਖੀ ਸਿਮਰਨਜੀਤ ਸਿੰਘ ਮਾਨ, ਇਮਾਨ ਸਿੰਘ ਮਾਨ, ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਫਲਸਫੇ ਨੂੰ ਅੱਗੇ ਲੈ ਕੇ ਜਾ ਰਹੇ ਧਾਰਮਿਕ ਅਤੇ ਬੁੱਧੀਜੀਵੀ ਆਗੂ ਸੰਬੋਧਨ ਕਰਨਗੇ। ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਨੇ ਸਮੁੱਚੇ ਜਗਤ ਲਈ ਬੇਗਮਪੁਰੇ ਦੇ ਸੰਕਲਪ ਦੀ ਗੱਲ ਕੀਤੀ ਹੈ। ਇਸ ਲਈ ਬੇਗਮਪੁਰਾ ਅਤੇ ਖਾਲਸਾ ਰਾਜ ਦੀ ਰੂਹ ਸਾਂਝੀ ਹੈ। ਜਿਸ ’ਤੇ ਪਹਿਰਾ ਦੇਣ ਲਈ ਅਸੀਂ ਦ੍ਰਿੜ ਹਾਂ। ਉਨ੍ਹਾਂ ਕਿਹਾ ਕਿ ਇਸ ਟੀਚੇ ਨੂੰ ਹਾਸਲ ਕਰਨ ਲਈ ਸਮੂਹ ਸਿੱਖ ਜਗਤ, ਡਾ. ਅੰਬੇਡਕਰ ਦੇ ਪੈਰੋਕਾਰਾਂ ਅਤੇ ਸ਼੍ਰੀ ਗੁਰੂ ਰਵਿਦਾਸ ਜੀ ਸਮੇਤ ਸਾਰੇ ਰਹਿਬਰਾਂ ਦੇ ਪੈਰੋਕਾਰਾਂ ਨੂੰ ਜਾਤਾਂ ਦੀ ਵੰਡ ਨੂੰ ਛੱਡਣਾ ਪਵੇਗਾ, ਤਾਂ ਹੀ ਆਪਣੇ ਟੀਚੇ ਨੂੰ ਹਾਸਲ ਕੀਤਾ ਜਾ ਸਕੇਗਾ।