ਮਾਂ ਬਗਲਾਮੁਖੀ ਧਾਮ ’ਚ ਸ਼ਾਂਤੀ ਯੱਗ ਕਰਵਾਇਆ
ਸ਼ਿਵ ਸ਼ਕਤੀ ਮਾਂ ਬਗਲਾਮੁਖੀ ਧਾਮ ਹਦੀਆਬਾਦ, ਫਗਵਾੜਾ ਵਿੱਚ ਸ਼ਾਂਤੀ ਯੱਗ ਦਾ ਆਯੋਜਨ
Publish Date: Sat, 31 Jan 2026 09:11 PM (IST)
Updated Date: Sat, 31 Jan 2026 09:13 PM (IST)
ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਅਸੀਂ ਭੌਤਿਕ ਸੁੱਖਾਂ ਦੇ ਇੰਨੇ ਆਦੀ ਹੋ ਚੁੱਕੇ ਹਾਂ ਕਿ ਪਰਮਾਤਮਾ ਵੱਲੋਂ ਰਚੀ ਗਈ ਪ੍ਰਕ੍ਰਿਤੀ ਦੇ ਵਿਰੁੱਧ ਆਚਰਨ ਕਰਨ ਲੱਗ ਪਏ ਹਾਂ। ਗਰਮੀ ਦੇ ਮੌਸਮ ਵਿਚ ਸਾਨੂੰ ਏਸੀ ਚਾਹੀਦਾ ਹੈ ਤੇ ਸਰਦੀ ਵਿਚ ਹੀਟਰ ਦੀ ਗਰਮੀ ਤੋਂ ਬਿਨਾਂ ਰਹਿ ਨਹੀਂ ਸਕਦੇ। ਪ੍ਰਕ੍ਰਿਤੀ ਨੂੰ ਸਵੀਕਾਰ ਕਰਨ ਦੀ ਸਮਰੱਥਾ ਹੁਣ ਮਨੁੱਖ ਵਿਚ ਨਹੀਂ ਰਹੀ। ਇਸੇ ਕਾਰਨ ਸਾਡਾ ਸਰੀਰ ਰੋਗੀ ਹੋ ਰਿਹਾ ਹੈ। ਇਹ ਸ਼ਬਦ ਸਥਾਨਕ ਨਕੋਦਰ ਰੋਡ ‘ਤੇ ਹਦੀਆਬਾਦ ਵਿਚ ਸਥਿਤ ਸ਼ਿਵ ਸ਼ਕਤੀ ਮਾਂ ਬਗਲਾਮੁਖੀ ਧਾਮ ਵਿਚ ਆਯੋਜਿਤ ਸ਼ਾਂਤੀ ਯੱਗ ਤੋਂ ਬਾਅਦ ਸਵਾਮੀ ਵਿਜੈ ਸ਼ਾਸਤਰੀ ਨੇ ਸ਼ਰਧਾਲੂਆਂ ਨੂੰ ਪ੍ਰਵਚਨ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਈਸ਼ਵਰ ਵੱਲੋਂ ਬਣਾਈਆਂ ਗਈਆਂ ਰੁੱਤਾਂ ਨੂੰ ਸਵੀਕਾਰ ਕਰਨਾ ਜ਼ਰੂਰੀ ਹੈ। ਭੌਤਿਕ ਸੁੱਖਾਂ ਦਾ ਤਿਆਗ ਕਰਕੇ ਆਹਾਰ ਤੇ ਵਿਹਾਰ ‘ਤੇ ਵੀ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਸਮਰੱਥਾ ਅਨੁਸਾਰ ਨਰ ਸੇਵਾ ਕਰਨ ਦੀ ਪ੍ਰੇਰਣਾ ਦਿੰਦਿਆਂ ਕਿਹਾ ਕਿ ਨਰ ਸੇਵਾ ਨਾਲ ਨਾਰਾਇਣ ਦੀ ਸੇਵਾ ਦਾ ਫਲ ਆਪਣੇ-ਆਪ ਹੀ ਮਿਲ ਜਾਂਦਾ ਹੈ। ਇਸ ਮੌਕੇ ‘ਤੇ ਪੰਡਿਤ ਭੋਲਾ ਸ਼ਾਸਤਰੀ, ਪੰਡਿਤ ਮਯੰਕ ਵਿਆਸ, ਗੁਰਦੀਪ ਸੈਨੀ, ਰਮਨ ਸ਼ਰਮਾ, ਰੂਪੇਸ਼ ਧੀਰ, ਪ੍ਰੋ. ਅਸ਼ੋਕ ਜਸਵਾਲ, ਕਸ਼ਮੀਰ ਸਿੰਘ ਐੱਨਆਰਆਈ, ਹਿਤੇਸ਼ ਧੀਰ, ਪਲਕ ਧੀਰ ਸਮੇਤ ਵੱਡੀ ਗਿਣਤੀ ਵਿਚ ਸ਼ਰਧਾਲੂ ਹਾਜ਼ਰ ਸਨ।