ਪਿੰਡ ਸ਼ਾਹਵਾਲਾ ਅੰਦਰੀਸਾ ਪੁਲਿਸ ਛਾਉਣੀ ’ਚ ਤਬਦੀਲ
ਪੁਲਿਸ ਛਾਉਣੀ ’ਚ ਤਬਦੀਲ ਹੋਇਆ ਸੁਲਤਾਨਪੁਰ ਲੋਧੀ ਦਾ ਪਿੰਡ ਸ਼ਾਹਵਾਲਾ ਅੰਦਰੀਸਾ
Publish Date: Wed, 11 Feb 2026 08:27 PM (IST)
Updated Date: Thu, 12 Feb 2026 04:08 AM (IST)

* ਕਾਲੀ ਵੇਈਂ ਨਦੀ ’ਚ ਸੀਵਰੇਜ ਦਾ ਟ੍ਰੀਟ ਪਾਣੀ ਪਾਏ ਜਾਣ ਨੂੰ ਲੈ ਕੇ ਤਣਾਅ * ਪਿੰਡ ਵਾਸੀਆਂ ਨੇ ਅਣਮਿੱਥੇ ਸਮੇਂ ਲਈ ਦਿੱਤਾ ਧਰਨਾ ਕੈਪਸ਼ਨ: 11ਕੇਪੀਟੀ34 ਟਰੀਟਮੈਂਟ ਪਲਾਂਟ ਦੀ ਪਾਈਪ ਲਾਈਨ ਵਿਛਾਏ ਜਾਣ ਦੇ ਵਿਰੋਧ ਵਿੱਚ ਪਿੰਡ ਸ਼ਾਹਵਾਲਾ ਅੰਦਰੀਸਾ ਵਿਖੇ ਸਰਕਾਰ ਅਤੇ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਪਿੰਡ ਅਤੇ ਇਲਾਕਾ ਨਿਵਾਸੀ । ਕੈਪਸ਼ਨ: 11ਕੇਪੀਟੀ35 ਪੁਲਿਸ ਛਾਉਣੀ ਵਿੱਚ ਤਬਦੀਲ ਹੋਏ ਪਿੰਡ ਦਾ ਦ੍ਰਿਸ਼ । ਕੈਪਸ਼ਨ: 11ਕੇਪੀਟੀ36 ਐਸਡੀਐਮ ਅਲਕਾ ਕਾਲੀਆ ,ਐਸਪੀਡੀ ਪੀ ਐੱਸ ਵਿਰਕ, ਏਐਸਪੀ ਧੀਰੇਂਦਰ ਵਰਮਾ, ਡੀਐਸਪੀ ਹਰਗੁਰਦੇਵ ਸਿੰਘ, ਕਾਰਜਕਾਰੀ ਇੰਜੀਨੀਅਰ ਸੀਵਰੇਜ ਅਤੇ ਵਾਟਰ ਸਪਲਾਈ ਵਿਭਾਗ ਅਰਵਿੰਦ ਮਹਿਤਾ ਆਦਿ ਨਾਲ ਗੱਲਬਾਤ ਕਰਦੇ ਹੋਏ ਕਿਸਾਨ ਆਗੂ ਸ਼ੇਰ ਸਿੰਘ ਮਹੀਵਾਲ , ਸੁਖਵਿੰਦਰ ਸਿੰਘ ਤੇ ਪਿੰਡ ਵਾਸੀ । ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸੁਲਤਾਨਪੁਰ ਲੋਧੀ ਦੇ ਨੇੜਲੇ ਪਿੰਡ ਸ਼ਾਹਵਾਲਾ ਅੰਦਰੀਸਾ ’ਚ ਬੁੱਧਵਾਰ ਸਵੇਰੇ ਤੋਂ ਹੀ ਹਾਲਾਤ ਤਣਾਅਪੂਰਨ ਬਣ ਗਏ, ਜਦੋਂ ਪਿੰਡ ਵਾਸੀਆਂ ਨੇ ਬੀਤੇ ਸਾਲ ਪਿੰਡ ਤਰਫ ਬਹਿਬਲ ਬਹਾਦਰ ਨੇੜੇ ਉਸਾਰੇ ਗਏ ਚਾਰ ਐੱਮਐੱਲਡੀ ਦੇ ਨਵੇਂ ਸੀਵਰੇਜ ਟ੍ਰੀਟਮੈਂਟ ਪਲਾਂਟ ਤੋਂ ਟਰੀਟ ਕੀਤੇ ਪਾਣੀ ਦੀ ਆਊਟਪੁੱਟ ਪਾਈਪ ਲਾਈਨ ਵਿਛਾਉਣ ਦੇ ਕੰਮ ਨੂੰ ਰੁਕਵਾ ਦਿੱਤਾ ਗਿਆ। ਪਿੰਡ ਵਿੱਚ ਭਾਰੀ ਪੁਲਿਸ ਬਲ ਤੈਨਾਤ ਕਰ ਦਿੱਤਾ ਗਿਆ ਅਤੇ ਪੂਰਾ ਇਲਾਕਾ ਛਾਉਣੀ ਵਿੱਚ ਤਬਦੀਲ ਹੋ ਗਿਆ। ਕਾਲੀ ਵੇਈਂ ਨਦੀ ਦੀ ਪਵਿੱਤਰਤਾ ਨੂੰ ਖਤਰਾ, ਮਾਲਕੀ ਜ਼ਮੀਨਾਂ ’ਚ ਵਿਛਾਈ ਜਾ ਰਹੀ ਲਾਈਨ ਧਰਨੇ ’ਤੇ ਬੈਠੇ ਸੁਖਵਿੰਦਰ ਸਿੰਘ ਆਦਿ ਸਮੇਤ ਹੋਰ ਪਿੰਡ ਵਾਸੀਆਂ ਨੇ ਦੋਸ਼ ਲਗਾਇਆ ਕਿ ਪ੍ਰਸ਼ਾਸਨ ਵੱਲੋਂ ਸੁਲਤਾਨਪੁਰ ਲੋਧੀ ਸ਼ਹਿਰ ਦੇ ਸੀਵਰੇਜ ਟਰੀਟਮੈਂਟ ਪਲਾਂਟ ਦਾ ਗੰਦਾ ਪਾਣੀ ਪਵਿੱਤਰ ਕਾਲੀ ਵੇਈਂ ਨਦੀ ਵਿੱਚ ਛੱਡਣ ਦੀ ਤਿਆਰੀ ਕੀਤੀ ਜਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਇਹ ਸਿਰਫ ਵਾਤਾਵਰਣ ਹੀ ਨਹੀਂ, ਸਗੋਂ ਧਾਰਮਿਕ ਭਾਵਨਾਵਾਂ ਨੂੰ ਵੀ ਠੇਸ ਪਹੁੰਚਾਉਣ ਵਾਲਾ ਫੈਸਲਾ ਹੈ। ਪ੍ਰਦਰਸ਼ਨਕਾਰੀਆਂ ਮੁਤਾਬਕ ਪਾਈਪ ਲਾਈਨ ਉਹਨਾਂ ਦੀ ਮਾਲਕੀ ਜਮੀਨਾਂ ਵਿੱਚੋਂ ਜਬਰਦਸਤੀ ਪੁਟਾਈ ਕਰਕੇ ਪਾਈ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਪਹਿਲਾਂ ਪ੍ਰਸ਼ਾਸਨ ਨੇ ਹੋਰ ਰੂਟ ਦੱਸਿਆ ਸੀ ਪਰ ਬਾਅਦ ਵਿੱਚ ਯੋਜਨਾ ਤਬਦੀਲ ਕਰਕੇ ਹੁਣ ਪਿੰਡ ਦੀ ਜ਼ਮੀਨ ਚੁਣੀ ਗਈ ਹੈ। ਪਹਿਲਾਂ ਵਾਅਦੇ ਕੀਤੇ, ਹੁਣ ਮੁੱਕਰ ਗਿਆ ਪ੍ਰਸ਼ਾਸਨ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਉੱਤੇ ਵਾਅਦਾ ਖਿਲਾਫੀ ਦੇ ਦੋਸ਼ ਲਗਾਉਂਦੇ ਕਿਹਾ ਕਿ ਅਧਿਕਾਰੀਆਂ ਨੇ ਪਹਿਲਾਂ ਭਰੋਸਾ ਦਿੱਤਾ ਸੀ ਕਿ ਨਾ ਤਾਂ ਨਦੀ ਨੂੰ ਨੁਕਸਾਨ ਹੋਵੇਗਾ ਅਤੇ ਨਾ ਹੀ ਨਿੱਜੀ ਜ਼ਮੀਨਾਂ ਨੂੰ ਛੇੜਿਆ ਜਾਵੇਗਾ, ਪਰ ਹੁਣ ਬਿਨਾਂ ਸਹਿਮਤੀ ਕੰਮ ਸ਼ੁਰੂ ਕਰ ਦਿੱਤਾ ਗਿਆ। ਇਸ ਦੇ ਵਿਰੋਧ ਵਿੱਚ ਗੁੱਸੇ ਭਰੇ ਲੋਕਾਂ ਨੇ ਮੌਕੇ ’ਤੇ ਹੀ ਅਣਮਿੱਥੇ ਸਮੇਂ ਲਈ ਧਰਨਾ ਲਗਾ ਦਿੱਤਾ ਅਤੇ ਮਸ਼ੀਨਾਂ ਰੁਕਵਾ ਕੇ ਪਾਈਪ ਲਾਈਨ ਵਿਛਾਉਣ ਦਾ ਕੰਮ ਪੂਰੀ ਤਰ੍ਹਾਂ ਬੰਦ ਕਰਵਾ ਦਿੱਤਾ। ਤਣਾਅ ਵਧਣ ਦੀ ਸੰਭਾਵਨਾ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਤੈਨਾਤ ਕਰ ਦਿੱਤੀ। ਸਵੇਰੇ ਤੋਂ ਹੀ ਪੁਲਿਸ ਅਧਿਕਾਰੀ ਅਤੇ ਪ੍ਰਸ਼ਾਸਨਿਕ ਅਫਸਰ ਮੌਕੇ ’ਤੇ ਡੇਰਾ ਜਮਾਏ ਹੋਏ ਹਨ। ਹਾਲਾਤਾਂ ਨੂੰ ਦੇਖਦਿਆਂ ਕਿਸੇ ਵੀ ਅਣ ਸੁਖਾਵੀਂ ਘਟਨਾ ਨੂੰ ਰੋਕਣ ਲਈ ਨਾਕਾਬੰਦੀ ਵੀ ਕੀਤੀ ਗਈ। ਸੰਬੰਧਤ ਵਿਭਾਗ ਨੇ ਦੋਸ਼ ਨਕਾਰੇ ਦੂਜੇ ਪਾਸੇ ਸੀਵਰੇਜ ਅਤੇ ਵਾਟਰ ਸਪਲਾਈ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਅਰਵਿੰਦ ਮਹਿਤਾ ਨੇ ਪਿੰਡ ਵਾਸੀਆਂ ਦੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ। ਉਹਨਾਂ ਦਾ ਕਹਿਣਾ ਹੈ ਕਿ ਪਾਈਪ ਲਾਈਨ ਸਰਕਾਰੀ ਜਗ੍ਹਾ ਵਿੱਚ ਵਿਛਾਈ ਜਾ ਰਹੀ ਹੈ ਅਤੇ ਕਿਸੇ ਵੀ ਨਿੱਜੀ ਜਮੀਨ ਨੂੰ ਨੁਕਸਾਨ ਨਹੀਂ ਪਹੁੰਚੇਗਾ। ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਟਰੀਟਮੈਂਟ ਹੋਇਆ ਪਾਣੀ ਵਾਤਾਵਰਣ ਮਾਪਦੰਡਾਂ ਅਨੁਸਾਰ ਹੀ ਛੱਡਿਆ ਜਾਵੇਗਾ। ਹਾਲਾਤ ਅਜੇ ਵੀ ਤਣਾਅਪੂਰਨ, ਪਰ ਸਥਿਤੀ ਕਾਬੂ ਚ- ਦੇਰ ਸ਼ਾਮ ਤੱਕ ਵੀ ਪਿੰਡ ਵਾਸੀ ਧਰਨੇ ’ਤੇ ਡਟੇ ਰਹੇ ਅਤੇ ਸਪੱਸ਼ਟ ਕੀਤਾ ਕਿ ਜਦ ਤੱਕ ਪ੍ਰਸ਼ਾਸਨ ਲਿਖਤੀ ਰੂਪ ਵਿੱਚ ਭਰੋਸਾ ਨਹੀਂ ਦਿੰਦਾ, ਧਰਨਾ ਖਤਮ ਨਹੀਂ ਕੀਤਾ ਜਾਵੇਗਾ। ਮਾਮਲਾ ਧਾਰਮਿਕ ਭਾਵਨਾਵਾਂ ਨਾਲ ਜੁੜ ਜਾਣ ਕਾਰਨ ਸੰਵੇਦਨਸ਼ੀਲ ਬਣ ਗਿਆ ਹੈ ਅਤੇ ਪ੍ਰਸ਼ਾਸਨ ਵੱਲੋਂ ਗੱਲਬਾਤ ਦੀ ਕੋਸ਼ਿਸ਼ਾਂ ਜਾਰੀ ਹਨ। ਪ੍ਰਸ਼ਾਸਨ ਵੱਲੋਂ ਮੋਹਤਬਰ ਵਿਅਕਤੀਆਂ ਦੇ ਨਾਲ ਗੱਲਬਾਤ ਰਾਹੀਂ ਮਾਮਲਾ ਸੁਲਝਾਉਣ ਦੇ ਯਤਨ ਕੀਤੇ ਜਾ ਰਹੇ ਹਨ। ਫਿਲਹਾਲ ਲੋਕ ਆਪਣੀਆਂ ਮੰਗਾਂ ਨੂੰ ਲੈ ਕੇ ਅੜੇ ਹੋਏ ਹਨ। ਫਿਲਹਾਲ ਪਾਈਪ ਲਾਈਨ ਦਾ ਕੰਮ ਪੂਰੀ ਤਰ੍ਹਾਂ ਬੰਦ ਉਧਰ ਸੁਲਤਾਨਪੁਰ ਲੋਧੀ ਦੇ ਪਿੰਡ ਸ਼ਾਹਵਾਲਾ ਅੰਦਰੀਸਾ ਵਿੱਚ ਕਾਲੀ ਵੇਈਂ ਨਦੀ ਵਿੱਚ ਸੀਵਰੇਜ ਟਰੀਟਮੈਂਟ ਪਲਾਂਟ ਦਾ ਪਾਣੀ ਛੱਡਣ ਦੀ ਤਿਆਰੀ ਅਤੇ ਪਿੰਡ ਵਾਸੀਆਂ ਦੀ ਜ਼ਮੀਨਾਂ ਵਿੱਚੋਂ ਜਬਰਦਸਤੀ ਪਾਈਪ ਲਾਈਨ ਵਿਛਾਉਣ ਦੇ ਮਾਮਲੇ ’ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੰਗਠਨ ਸਕੱਤਰ ਸ਼ੇਰ ਸਿੰਘ ਮਹੀਂਵਾਲ ਨੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਅਤੇ ਹੱਕਾਂ ਨਾਲ ਖਿਲਵਾੜ ਕਰ ਰਹੇ ਹਨ।ਉਹਨਾਂ ਕਿਹਾ ਕਿ ਕਾਲੀ ਵੇਈਂ ਨਦੀ ਸਿਰਫ਼ ਪਾਣੀ ਦਾ ਸਰੋਤ ਨਹੀਂ, ਸਿੱਖ ਇਤਿਹਾਸ ਅਤੇ ਆਸਥਾ ਨਾਲ ਜੁੜਿਆ ਪਵਿੱਤਰ ਧਾਰਮਿਕ ਅਸਥਾਨ ਹੈ। ਇਸ ਵਿੱਚ ਸੀਵਰੇਜ ਪਾਣੀ ਛੱਡਣ ਦੀ ਕੋਸ਼ਿਸ਼ ਕਰਨਾ ਨਾ ਸਿਰਫ਼ ਵਾਤਾਵਰਣ ਲਈ ਘਾਤਕ ਹੈ, ਸਗੋਂ ਕਰੋੜਾਂ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਕਦਮ ਹੈ। “ਜੇਕਰ ਸਰਕਾਰ ਨੇ ਇਹ ਫੈਸਲਾ ਤੁਰੰਤ ਵਾਪਸ ਨਾ ਲਿਆ ਤਾਂ ਪੰਜਾਬ ਭਰ ਵਿੱਚ ਵੱਡਾ ਸੰਘਰਸ਼ ਖੜ੍ਹਾ ਹੋਵੇਗਾ,” ਮਹੀਂਵਾਲ ਨੇ ਚੇਤਾਵਨੀ ਦਿੱਤੀ।ਉਹਨਾਂ ਦੋਸ਼ ਲਗਾਇਆ ਕਿ ਪ੍ਰਸ਼ਾਸਨ ਪਹਿਲਾਂ ਪਿੰਡ ਵਾਸੀਆਂ ਨੂੰ ਭਰੋਸੇ ਦਿੰਦਾ ਰਿਹਾ ਕਿ ਨਦੀ ਅਤੇ ਨਿੱਜੀ ਜ਼ਮੀਨਾਂ ਨੂੰ ਨੁਕਸਾਨ ਨਹੀਂ ਹੋਵੇਗਾ, ਪਰ ਹੁਣ ਪੁਲਿਸ ਦੇ ਜ਼ੋਰ ’ਤੇ ਕੰਮ ਕਰਵਾ ਕੇ ਲੋਕਾਂ ਦੀ ਆਵਾਜ਼ ਦਬਾਈ ਜਾ ਰਹੀ ਹੈ। “ਪਿੰਡ ਨੂੰ ਪੁਲਿਸ ਛਾਉਣੀ ਬਣਾਉਣਾ ਲੋਕਤੰਤਰ ਨਹੀਂ, ਦਬਾਅ ਦੀ ਰਾਜਨੀਤੀ ਹੈ। ਕਿਸਾਨਾਂ ਅਤੇ ਮਜ਼ਦੂਰਾਂ ਦੀ ਜ਼ਮੀਨ ਬਿਨਾਂ ਸਹਿਮਤੀ ਲੈਣਾ ਸਿੱਧੀ ਤੌਰ ’ਤੇ ਹੱਕਾਂ ਦੀ ਲੁੱਟ ਹੈ,” ਉਹਨਾਂ ਕਿਹਾ।ਮਹੀਂਵਾਲ ਨੇ ਸਪੱਸ਼ਟ ਕੀਤਾ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪਿੰਡ ਵਾਸੀਆਂ ਦੇ ਅਣਮਿੱਥੇ ਧਰਨੇ ਦਾ ਪੂਰਾ ਸਮਰਥਨ ਕਰਦੀ ਹੈ ਅਤੇ ਜੇਕਰ ਜਬਰ ਜਾਰੀ ਰਿਹਾ ਤਾਂ ਸੰਘਰਸ਼ ਨੂੰ ਜ਼ਿਲ੍ਹਾ ਪੱਧਰ ਤੋਂ ਸੂਬਾ ਪੱਧਰ ਤੱਕ ਫੈਲਾਇਆ ਜਾਵੇਗਾ। ਉਹਨਾਂ ਮੰਗ ਕੀਤੀ ਕਿ ਪਾਈਪ ਲਾਈਨ ਦਾ ਕੰਮ ਤੁਰੰਤ ਰੱਦ ਕਰਕੇ ਵਾਤਾਵਰਣ ਵਿਸ਼ੇਸ਼ਗਿਆਨਾਂ ਅਤੇ ਧਾਰਮਿਕ ਨੁਮਾਇੰਦਿਆਂ ਦੀ ਹਾਜ਼ਰੀ ਵਿੱਚ ਖੁੱਲ੍ਹੀ ਜਨ ਸੁਣਵਾਈ ਕਰਵਾਈ ਜਾਵੇ ਅਤੇ ਪਿੰਡ ਵਾਸੀਆਂ ਨੂੰ ਲਿਖਤੀ ਭਰੋਸਾ ਦਿੱਤਾ ਜਾਵੇ ਕਿ ਕਾਲੀ ਵੇਈਂ ਦੀ ਪਵਿੱਤਰਤਾ ਨਾਲ ਕੋਈ ਖਿਲਵਾੜ ਨਹੀਂ ਹੋਵੇਗਾ।ਅੰਤ ਵਿੱਚ ਉਹਨਾਂ ਕਿਹਾ ਕਿ ਜੇ ਪ੍ਰਸ਼ਾਸਨ ਨੇ ਲੋਕਾਂ ਨਾਲ ਗੱਲਬਾਤ ਦੀ ਥਾਂ ਪੁਲਿਸੀ ਰਵੱਈਆ ਨਾ ਛੱਡਿਆ ਤਾਂ ਸੰਘਰਸ਼ ਦੀ ਪੂਰੀ ਜ਼ਿੰਮੇਵਾਰੀ ਸਰਕਾਰ ’ਤੇ ਹੋਵੇਗੀ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਹਰ ਕੀਮਤ ’ਤੇ ਲੋਕਾਂ ਦੇ ਹੱਕਾਂ ਦੀ ਰੱਖਿਆ ਲਈ ਮੈਦਾਨ ਵਿੱਚ ਡਟੀ ਰਹੇਗੀ। ਕਾਲੀ ਵੇਈਂ ਦੀ ਪਵਿੱਤਰਤਾ ਲਈ ਡਟੇ ਪਿੰਡ ਵਾਸੀ, ਪਾਈਪ ਲਾਈਨ ਰੋਕਣ ’ਤੇ ਅੜੇ ਐਸਡੀਐਮ ਅਲਕਾ ਕਾਲੀਆ, ਐਸਪੀਡੀ ਪੀ.ਐੱਸ. ਵਿਰਕ, ਏਐਸਪੀ ਧੀਰੇਂਦਰ ਵਰਮਾ, ਡੀਐਸਪੀ ਹਰਗੁਰਦੇਵ ਸਿੰਘ, ਤਹਿਸੀਲਦਾਰ ਪਰਮਿੰਦਰ ਸਿੰਘ ਅਤੇ ਸੀਵਰੇਜ-ਵਾਟਰ ਸਪਲਾਈ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਅਰਵਿੰਦ ਮਹਿਤਾ, ਐਸ ਡੀ ਓ ਰਾਜਵਿੰਦਰ ਸਿੰਘ ਸਮੇਤ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਪਿੰਡ ਵਾਸੀਆਂ ਅਤੇ ਇਲਾਕਾ ਨਿਵਾਸੀਆਂ ਨਾਲ ਲੰਬੀ ਗੱਲਬਾਤ ਕੀਤੀ ਗਈ, ਪਰ ਇਹ ਚਰਚਾਵਾਂ ਬੇਸਿੱਟਾ ਰਹੀਆਂ। ਲੋਕ ਆਪਣੀਆਂ ਮੰਗਾਂ ’ਤੇ ਡਟੇ ਰਹੇ ਅਤੇ ਸਾਫ਼ ਕਿਹਾ ਕਿ ਜਦ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਹ ਕਿਸੇ ਵੀ ਕੀਮਤ ’ਤੇ ਪਾਈਪ ਲਾਈਨ ਨਹੀਂ ਵਿਛਣ ਦੇਣਗੇ। ਸੰਘਰਸ਼ ਜਾਰੀ ਰੱਖਣ ਦੀ ਪਿੰਡ ਵਾਸੀਆਂ ਨੇ ਦਿੱਤੀ ਚਿਤਾਵਨੀ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਭ ਤੋਂ ਵੱਡੀ ਮੰਗ ਇਹੀ ਹੈ ਕਿ ਪਾਈਪ ਲਾਈਨ ਇਥੋਂ ਨਾ ਲੰਘਾਈ ਜਾਵੇ ਕਿਉਂਕਿ ਇਹ ਮਾਮਲਾ ਪਵਿੱਤਰ ਕਾਲੀ ਵੇਈਂ ਦੀ ਪਵਿੱਤਰਤਾ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਨੇ ਪ੍ਰਸ਼ਾਸਨ ਨੂੰ ਸੁਝਾਅ ਦਿੱਤਾ ਕਿ ਨਵੇਂ ਸਿਰੇ ਤੋਂ ਕੋਈ ਹੋਰ ਰਸਤਾ ਤੈਅ ਕਰਕੇ ਜਲਾਏ ਡੋਬ ਤੱਕ ਪਾਈਪ ਲਾਈਨ ਵਿਛਾ ਲਈ ਜਾਵੇ, ਪਰ ਕਾਲੀ ਵੇਈਂ ਦੇ ਨੇੜਿਓ ਪਾਈਪ ਲਾਈਨ ਲੰਘਾਉਣ ਨੂੰ ਉਹ ਮਨਜ਼ੂਰ ਨਹੀਂ ਕਰਨਗੇ ਅਤੇ ਸੰਘਰਸ਼ ਜਾਰੀ ਰੱਖਣ ਦੀ ਚੇਤਾਵਨੀ ਦਿੱਤੀ ਹੈ।ਇਸ ਮੌਕੇ ਤੇ ਪ੍ਰਦਰਸ਼ਨ ਦੌਰਾਨ ਸ਼ੇਰ ਸਿੰਘ ਮਹੀਵਾਲ, ਪਿਆਰਾ ਸਿੰਘ ਵਾਟਾਂਵਾਲੀ, ਸੁਖਵਿੰਦਰ ਸਿੰਘ ਸ਼ਾਹ ਵਾਲਾ, ਹਰਵਿੰਦਰ ਸਿੰਘ, ਕੁਲਦੀਪ ਸਿੰਘ, ਅੰਗਦ ਸਿੰਘ, ਗੁਰਪ੍ਰੀਤ ਸਿੰਘ, ਰਜਿੰਦਰ ਸਿੰਘ, ਸੁਖਦੇਵ ਸਿੰਘ, ਲਖਬੀਰ ਸਿੰਘ, ਸਵਰਨ ਸਿੰਘ, ਸ਼ਿੰਗਾਰਾ ਸਿੰਘ, ਰਣਜੀਤ ਸਿੰਘ, ਤਰਸੇਮ ਸਿੰਘ, ਪੂਰਨ ਸਿੰਘ, ਅਵਤਾਰ ਸਿੰਘ, ਦਵਿੰਦਰ ਸਿੰਘ, ਸੁਖਜੀਤ ਕੌਰ, ਸੰਦੀਪ ਕੌਰ, ਬਲਵਿੰਦਰ ਕੌਰ ਦੀ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਅਤੇ ਇਲਾਕਾ ਨਿਵਾਸੀ ਮੌਜੂਦ ਸਨ।