- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭੋਲੇ ਭਾਲੇ ਲੋਕਾਂ ਨੂੰ ਬਲੈਕਮੇਲ ਕਰ ਪੈਸੇ ਬਟੋਰਨ ਵਾਲੇ ਸੈਕਸ ਰੈਕਟ ਗਿਰੋਹ ਦਾ ਪਰਦਾਫਾਸ਼ ; 3 ਕਾਬੂ

ਭੋਲੇ-ਭਾਲੇ ਲੋਕਾਂ ਦੀ ਅਸ਼ਲੀਲ ਵੀਡੀਓ ਬਣਾ ਕੇ ਕਰਦੇ ਸਨ ਬਲੈਕਮੇਲ
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਗੌਰਵ ਤੂਰਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਾੜੇ ਅਨਸਰਾਂ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿਮ ਤਹਿਤ ਧਰੇਂਦਰ ਵਰਮਾ (ਆਈਪੀਐੱਸ) ਸਹਾਇਕ ਪੁਲਿਸ ਕਪਤਾਨ ਸੁਲਤਾਨਪੁਰ ਲੋਧੀ ਦੀਆਂ ਹਦਾਇਤਾਂ ਅਨੁਸਾਰ ਇੰਸਪੈਕਟਰ ਹਰਿੰਦਰ ਸਿੰਘ ਐੱਸਐੱਚਓ ਸੁਲਤਾਨਪੁਰ ਲੋਧੀ ਦੀ ਅਗਵਾਈ ਵਿਚ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਟੀਮ ਨੇ ਦੋ ਵਿਅਕਤੀਆਂ ਤੇ ਇਕ ਔਰਤ ਨੂੰ ਗ੍ਰਿਫਤਾਰ ਕਰਕੇ ਭੋਲੇ-ਭਾਲੇ ਲੋਕਾਂ ਨੂੰ ਬਲੈਕਮੇਲ ਕਰਕੇ ਪੈਸੇ ਬਟੋਰਨ ਵਾਲੇ ਸੈਕਸ ਰੈਕਟ ਦਾ ਪਰਦਾਫਾਸ਼ ਕੀਤਾ ਹੈ। ਪ੍ਰੈੱਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਏਐੱਸਪੀ ਸੁਲਤਾਨਪੁਰ ਲੋਧੀ ਧਰੇਂਦਰ ਵਰਮਾ ਨੇ ਦੱਸਿਆ ਕਿ ਮਿਤੀ 27-03-2026 ਨੰ ਏਐੱਸਆਈ ਹਰੀਸ਼ ਕੁਮਾਰ ਕੋਲ ਹਰਵਿੰਦਰ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਪਿੰਡ ਨਸੀਰ ਪੁਰ, ਜ਼ਿਲ੍ਹਾ ਕਪੂਰਥਲਾ ਨੇ ਬਿਆਨ ਦਰਜ ਕਰਵਾਇਆ ਕਿ ਮਿਤੀ 27/03/2026 ਨੂੰ ਸਵੇਰੇ ਕਰੀਬ 11:40 ਵਜੇ ਉਸ ਨੂੰ ਇਕ ਲੜਕੀ ਨੇ ਫੋਨ ਕਰਕੇ ਕਿਹਾ ਕਿ ਉਸ ਨੂੰ ਕਿਸੇ ਨੇ ਦੱਸਿਆ ਹੈ ਕਿ ਤੂੰ ਸ਼ਹਿਰ ਦੇ ਨੇੜੇ ਘਰ ਲੈਣਾ ਚਾਹੁੰਦਾ ਹੈ। ਉਸ ਕੋਲ ਬਣਿਆ ਹੋਇਆ ਮਕਾਨ ਹੈ। ਜੇਕਰ ਲੈਣਾ ਹੈ ਤਾਂ ਆ ਕੇ ਦੇਖ ਲੈ। ਉਹ ਉਸ ਨੂੰ ਲੋਹੀਆਂ ਚੁੰਗੀ ਪੁਲੀ ’ਤੇ ਮਿਲੇਗੀ। ਹਰਵਿੰਦਰ ਸਿੰਘ ਲੜਕੀ ਦੇ ਕਹਿਣ ਮੁਤਾਬਕ ਲੋਹੀਆਂ ਚੁੰਗੀ ਸੁਲਤਾਨਪੁਰ ਲੋਧੀ ਕੋਲ ਇਕ ਮਕਾਨ ਵਿਚ ਚਲਾ ਗਿਆ, ਜਿਥੇ ਉਸ ਲੜਕੀ ਨੇ ਉਸਨੂੰ ਘਰ ਦਿਖਾਉਣ ਦੇ ਬਹਾਨੇ ਅੰਦਰ ਲਿਜਾ ਕਿ ਇਕਦਮ ਆਪਣੇ ਸਾਰੇ ਕੱਪੜੇ ਲਾਹ ਲਏ ਤੇ ਉਸਨੂੰ ਜੱਫੀ ਪਾ ਕੇ ਉਸਦੀ ਪੈਂਟ ਲਾਹ ਦਿੱਤੀ। ਇੰਨੇ ਨੂੰ ਇਕ ਮੋਨਾ ਵਿਅਕਤੀ ਅੰਦਰ ਆ ਗਿਆ, ਜਿਸ ਨੇ ਉਨ੍ਹਾਂ ਦੀ ਵੀਡੀਓ ਬਣਾ ਲਈ ਤੇ ਉਸ ਤੋਂ ਬਾਅਦ ਹੋਰ ਨਾ-ਮਾਲੂਮ ਵਿਅਕਤੀ ਅੰਦਰ ਆ ਗਏ। ਬਾਅਦ ਵਿਚ ਹਰਵਿੰਦਰ ਸਿੰਘ ਨੂੰ ਪਤਾ ਲੱਗਾ ਕਿ ਪਹਿਲਾਂ ਆਇਆ ਵਿਅਕਤੀ ਜਿਸ ਨੇ ਉਨ੍ਹਾਂ ਦੀ ਵੀਡੀਓ ਬਣਾਈ ਸੀ, ਉਸ ਦਾ ਨਾਮ ਬੂਟਾ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਪਿੰਡ ਤਲਵਣ, ਥਾਣਾ ਬਿਲਗਾ, ਜ਼ਿਲ੍ਹਾ ਜਲੰਧਰ ਹੈ ਤੇ ਦੂਜੇ ਦਾ ਨਾਮ ਰਜੇਸ਼ ਕੁਮਾਰ ਪੁੱਤਰ ਸੋਹਣ ਲਾਲ ਵਾਸੀ ਸੰਡਾਵਾਲ, ਥਾਣਾ ਸ਼ਾਹਕੋਟ, ਜ਼ਿਲ੍ਹਾ ਜਲੰਧਰ ਹੈ। ਉਨ੍ਹਾਂ ਨੇ ਹਰਵਿੰਦਰ ਸਿੰਘ ਨੂੰ ਵੀਡੀਓ ਵਾਇਰਲ ਕਰਨ ਦਾ ਡਰਾਵਾ ਦੇ ਕੇ ਉਸਨੂੰ ਬਲੈਕਮੇਲ ਕਰਕੇ ਉਸ ਪਾਸੋਂ 75 ਹਜ਼ਾਰ ਰੁਪਏ ਲੈ ਲਏ ਤੇ 2 ਲੱਖ ਰੁਪਏ ਦੀ ਹੋਰ ਮੰਗ ਕਰਨ ਲੱਗੇ। ਉਸ ਦੇ ਬਿਆਨਾਂ ਦੇ ਅਧਾਰ ’ਤੇ ਧਾਰਾ 318(4), 308(5), 304,61(2) ਬੀਐੱਨਐੱਸ ਥਾਣਾ ਸੁਲਤਾਨਪੁਰ ਲੋਧੀ ਮਾਮਲਾ ਦਰਜ ਕੀਤਾ ਗਿਆ। ਤਫਤੀਸ਼ ਦੌਰਾਨ ਦੋ ਵਿਅਕਤੀਆਂ ਤੇ ਇਕ ਔਰਤ ਰੇਖਾ ਪਤਨੀ ਪਰਮਿੰਦਰ ਸਿੰਘ ਵਾਸੀ ਅਦਾਲਤ ਚੱਕ, ਸੁਲਤਾਨਪੁਰ ਲੋਧੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਏਐੱਸਪੀ ਵਰਮਾ ਨੇ ਦੱਸਿਆ ਕਿ ਪੁਲਿਸ ਰਿਮਾਂਡ ਦੌਰਾਨ ਮੁਲਜ਼ਮਾਂ ਪਾਸੋਂ ਬਲੈਕਮੇਲ ਕਰਕੇ ਹਾਸਲ ਕੀਤੇ 20 ਹਜ਼ਾਰ ਰੁਪਏ ਤੇ ਪੀੜਤ ਦਾ ਪਰਸ ਤੇ ਹੋਰ ਦਸਤਾਵੇਜ਼ ਬਰਾਮਦ ਕੀਤੇ ਗਏ ਹਨ। ਜਿਸ ਫੋਨ ਵਿਚ ਵੀਡੀਓ ਬਣਾਈ ਗਈ ਸੀ ਉਹ ਵੀ ਬਰਾਮਦ ਕੀਤਾ ਗਿਆ ਹੈ। ਇਨ੍ਹਾਂ ਤੋਂ ਡੂੰਘਾਈ ਨਾਲ ਪੁੱਛਗਿੱਛ ਕਰਕੇ ਇਨ੍ਹਾਂ ਦੇ ਬਾਕੀ ਸਾਥੀਆਂ ਨੂੰ ਵੀ ਗ੍ਰਿਫਤਾਰ ਕੀਤਾ ਜਾਵੇਗਾ।