ਦਸਤਾਰ ਸਿਖਲਾਈ ਕੈਂਪਾਂ ਦੀ ਲੜੀ ਜਾਰੀ
ਦਸਤਾਰ ਸਿਖਲਾਈ ਕੈਂਪਾਂ ਦੀ ਲੜੀ ਜਾਰੀ, ਵਿਸਾਖੀ ’ਤੇ ਬੇਰ ਸਾਹਿਬ ਵਿਖੇ ਫ਼ਾਈਨਲ ਮੁਕਾਬਲੇ
Publish Date: Fri, 03 Apr 2026 09:22 PM (IST)
Updated Date: Fri, 03 Apr 2026 09:25 PM (IST)

ਗੁਰਦੁਆਰਾ ਬਾਬਾ ਚਰਨ ਦਾਸ ਖੇੜਾ ਬੇਟ ਵਿਖੇ ਕੈਂਪ 5 ਨੂੰ ਵਿਸਾਖੀ ’ਤੇ ਬੇਰ ਸਾਹਿਬ ਵਿਖੇ ਹੋਣਗੇ ਫ਼ਾਈਨਲ ਮੁਕਾਬਲੇ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਹਿਊਮਨ ਰਾਇਟਸ ਪ੍ਰੈੱਸ ਕਲੱਬ ਰਜਿ. ਤੇ ਰਹਿਮਤ ਐੱਨਜੀਓ ਵੱਲੋਂ ਸੁਲਤਾਨਪੁਰ ਲੋਧੀ ਦੇ ਵੱਖ-ਵੱਖ ਇਲਾਕਿਆਂ ਵਿਚ ਬੱਚਿਆਂ ਨੂੰ ਦਸਤਾਰ ਪ੍ਰਤੀ ਪ੍ਰੇਰਿਤ ਕਰਨ ਲਈ ਦਸਤਾਰ ਸਿਖਲਾਈ ਕੈਂਪ ਤੇ ਦਸਤਾਰ/ਦੁਮਾਲਾ ਮੁਕਾਬਲੇ ਕਰਵਾਏ ਜਾ ਰਹੇ ਹਨ। ਇਸ ਮੁਹਿੰਮ ਦਾ ਮਕਸਦ ਨੌਜਵਾਨ ਪੀੜ੍ਹੀ ਨੂੰ ਸਿੱਖ ਧਰਮ ਦੀ ਵਿਰਾਸਤ ਨਾਲ ਜੋੜਨਾ ਤੇ ਦਸਤਾਰ ਦੀ ਮਹੱਤਤਾ ਬਾਰੇ ਜਾਣੂ ਕਰਵਾਉਣਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਹਾਜੀਪੁਰ ਨੇ ਦੱਸਿਆ ਕਿ ਦਸਤਾਰ ਸਿਖਲਾਈ ਕੈਂਪ ਤੇ ਦਸਤਾਰ ਦੁਮਾਲਾ ਮੁਕਾਬਲੇ ਪਿਛਲੇ ਕਈ ਦਿਨਾਂ ਤੋਂ ਨਿਰੰਤਰ ਚੱਲ ਰਹੇ ਹਨ ਤੇ ਇਸੇ ਤਹਿਤ 5 ਅਪ੍ਰੈਲ ਨੂੰ ਗੁਰਦੁਆਰਾ ਸ੍ਰੀ ਬਾਬਾ ਚਰਨ ਦਾਸ ਜੀ ਖੇੜਾ ਬੇਟ ਵਿਖੇ ਕੈਂਪ ਲਗਾਏ ਜਾਣਗੇ। ਇਸ ਤੋਂ ਇਲਾਵਾ 12 ਤੇ 13 ਅਪ੍ਰੈਲ ਨੂੰ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਵਿਸ਼ੇਸ਼ ਸਿਖਲਾਈ ਕੈਂਪ ਹੋਵੇਗਾ। ਉਨ੍ਹਾਂ ਦੱਸਿਆ ਕਿ ਫ਼ਾਈਨਲ ਮੁਕਾਬਲੇ ਖ਼ਾਲਸਾ ਸਾਜਨਾ ਦਿਵਸ (ਵਿਸਾਖੀ) ਦੇ ਮੌਕੇ ‘ਤੇ 14 ਅਪ੍ਰੈਲ ਨੂੰ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਕਰਵਾਏ ਜਾਣਗੇ। ਸਵੇਰੇ 10 ਤੋਂ 11 ਵਜੇ ਤੱਕ ਨਵੇਂ ਪ੍ਰਤੀਯੋਗੀਆਂ ਲਈ ਮੁਕਾਬਲੇ ਹੋਣਗੇ, ਜਦਕਿ 12 ਤੋਂ 1 ਵਜੇ ਤੱਕ ਫ਼ਾਈਨਲ ਮੁਕਾਬਲੇ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਦਸਤਾਰ ਤੇ ਦੁਮਾਲਾ ਮੁਕਾਬਲਿਆਂ ਲਈ ਇਨਾਮੀ ਰਾਸ਼ੀ ਵਿਚ 0 ਤੋਂ 13 ਸਾਲ ਦੀ ਉਮਰ ਵਰਗ ਲਈ 3100, 2100 ਤੇ 1100 ਰੁਪਏ ਦੇ ਇਨਾਮ ਹਨ, ਜਦਕਿ ਓਪਨ ਵਰਗ ਲਈ 7100, 5100 ਅਤੇ 2100 ਰੁਪਏ ਰੱਖੇ ਗਏ ਹਨ। ਦੁਮਾਲਾ ਸਜਾਉਣ ਦੇ ਓਪਨ ਮੁਕਾਬਲੇ ਵਿਚ ਲੜਕਿਆਂ ਤੇ ਲੜਕੀਆਂ ਦੋਹਾਂ ਲਈ 7100, 5100 ਅਤੇ 3100 ਰੁਪਏ ਦੇ ਇਨਾਮ ਦਿੱਤੇ ਜਾਣਗੇ। ਕੁਲਦੀਪ ਸਿੰਘ ਡਿਪਟੀ ਤੇ ਕਸ਼ਮੀਰ ਸਿੰਘ ਸੋਨਾ ਨੇ ਦੱਸਿਆ ਕਿ ਇਸ ਮੌਕੇ ਵਿਸ਼ੇਸ਼ ਸਹਿਯੋਗ ਤੇ ਇਨਾਮੀ ਰਾਸ਼ੀ ਦੀ ਸੇਵਾ ਸੁਖਵਿੰਦਰ ਸਿੰਘ (ਸਾਬਕਾ ਸਰਪੰਚ, ਹਾਜੀਪੁਰ) ਵੱਲੋਂ ਨਿਭਾਈ ਜਾਵੇਗੀ। ਪ੍ਰਬੰਧਕਾਂ ਅਨੁਸਾਰ ਇਕ ਪ੍ਰਤੀਯੋਗੀ ਇਕ ਹੀ ਮੁਕਾਬਲੇ ਵਿਚ ਭਾਗ ਲੈ ਸਕੇਗਾ, ਜਦਕਿ ਫ਼ਾਈਨਲ ਵਾਲੇ ਦਿਨ ਨਵੇਂ ਪ੍ਰਤੀਯੋਗੀਆਂ ਨੂੰ ਸਵੇਰੇ 10 ਤੋਂ 12 ਵਜੇ ਤੱਕ ਭਾਗ ਲੈਣ ਦਾ ਮੌਕਾ ਦਿੱਤਾ ਜਾਵੇਗਾ ਪਰ ਪ੍ਰਬੰਧਕਾਂ ਵੱਲੋਂ ਇਲਾਕੇ ਭਰ ਦੇ ਬੱਚਿਆਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਦਸਤਾਰ ਮੁਕਾਬਲਿਆਂ ਵਿਚ ਵੱਧ ਤੋਂ ਵੱਧ ਸ਼ਿਰਕਤ ਕੀਤੀ ਜਾਵੇ ਤਾਂ ਜੋ ਆਪਣੇ ਵਿਰਸੇ ਨਾਲ ਜੁੜ ਸਕੀਏ।