ਬੀਡੀਪੀਓ ਦਫ਼ਤਰ ’ਚ ਟਰੇਨਿੰਗ ਕੈਂਪਾਂ ਦੀ ਲੜੀ ਜਾਰੀ
ਬੀ.ਡੀ.ਪੀ.ਓ. ਦਫ਼ਤਰ ਫਗਵਾੜਾ ਵਿਖੇ ਟਰੇਨਿੰਗ ਕੈਂਪਾਂ ਦੀ ਲੜੀ ਜਾਰੀ
Publish Date: Tue, 10 Mar 2026 08:38 PM (IST)
Updated Date: Tue, 10 Mar 2026 08:42 PM (IST)

ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਸੂਬਾ ਦਿਹਾਤੀ ਵਿਕਾਸ ਤੇ ਪੰਚਾਇਤੀ ਰਾਜ ਸੰਸਥਾ ਵੱਲੋਂ ਨਵੀਂ ਬਣੀਆਂ ਪੰਚਾਇਤਾਂ ਨੂੰ ਪੰਚਾਇਤਾਂ ਦੀ ਕਾਰਜ ਪ੍ਰਣਾਲੀ ਤੇ ਪੰਚਾਇਤਾਂ ਦੇ ਅਧਿਕਾਰਾਂ ਬਾਰੇ ਜਾਣੂ ਕਰਵਾਉਣ, ਪਿੰਡਾਂ ਦੇ ਸਰਬ ਪੱਖੀ ਵਿਕਾਸ ਤੇ ਪੰਚਾਇਤੀ ਰਾਜ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਗ੍ਰਾਮ ਪੰਚਾਇਤ ਵਿਕਾਸ ਯੋਜਨਾ ਦੀ ਤਿਆਰੀ ‘ਸਾਡੀ ਯੋਜਨਾ, ਸਾਡਾ ਵਿਕਾਸ’ ਤਹਿਤ ਕੈਂਪ ਬੀਡੀਪੀਓ ਦਫਤਰ ਫਗਵਾੜਾ ਵਿਖੇ 9 ਮਾਰਚ ਤੋਂ ਕੈਂਪਾਂ ਦੀ ਲੜੀ ਜਾਰੀ ਹੈ, ਜੋ ਕਿ 12 ਮਾਰਚ ਨੂੰ ਸਮਾਪਤ ਹੋਵੇਗੀ। ਅੱਜ ਦੇ ਕੈਂਪ ਵਿਚ ਬਲਾਕ ਫਗਵਾੜਾ ਦੇ ਵੱਖ-ਵੱਖ ਪਿੰਡਾਂ ਤੋਂ ਆਏ ਸਰਪੰਚਾਂ, ਪੰਚਾਂ, ਆਸ਼ਾ ਵਰਕਰਾਂ, ਆਂਗਨਬਾੜੀ ਵਰਕਰਾਂ ਤੇ ਅਧਿਆਪਕਾਂ ਨੇ ਵੱਡੀ ਗਿਣਤੀ ਵਿਚ ਭਾਗ ਲਿਆ। ਪਹਿਲੀ ਵਾਰ ਬਣੇ ਸਰਪੰਚਾਂ ਤੇ ਪੰਚਾਇਤ ਮੈਂਬਰਾਂ ਤੋਂ ਇਲਾਵਾ ਬਲਾਕ ਸੰਮਤੀ ਮੈਂਬਰਾਂ ਵਿਚ ਇਸ ਟਰੇਨਿੰਗ ਕੈਂਪ ਨੂੰ ਲੈ ਕੇ ਭਾਰੀ ਉਤਸ਼ਾਹ ਦੇਖਿਆ ਗਿਆ। ਕੈਂਪ ਦੌਰਾਨ ਸੁਭਾਸ਼ ਸਿੰਘ ਰਿਸੋਰਸ ਪਰਸਨ ਨੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪੰਚਾਇਤਾਂ ਪਿੰਡਾਂ ਦੇ ਵਿਕਾਸ ਦੀ ਨੀਂਹ ਹੁੰਦੀਆਂ ਹਨ ਤੇ ਉਨ੍ਹਾਂ ਦੀ ਸਹੀ ਟਰੇਨਿੰਗ ਨਾਲ ਹੀ ਸਰਕਾਰੀ ਯੋਜਨਾਵਾਂ ਨੂੰ ਜ਼ਮੀਨੀ ਪੱਧਰ ‘ਤੇ ਸਫ਼ਲਤਾਪੂਰਵਕ ਲਾਗੂ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਰਪੰਚ, ਪੰਚ, ਬਲਾਕ ਸੰਮਤੀ ਮੈਂਬਰ, ਆਂਗਨਬਾੜੀ ਵਰਕਰ ਜਨਤਾ ਤੇ ਸਰਕਾਰ ਦਰਮਿਆਨ ਇਕ ਮਹੱਤਵਪੂਰਨ ਕੜੀ ਬਣਦੇ ਹਨ, ਇਨ੍ਹਾਂ ਦਾ ਜਾਗਰੂਕ ਤੇ ਜ਼ਿੰਮੇਵਾਰ ਹੋਣਾ ਬਹੁਤ ਲਾਜ਼ਮੀ ਹੈ। ਉਨ੍ਹਾਂ ਨੇ ਪੰਚਾਇਤੀ ਰਾਜ ਐਕਟ, ਗ੍ਰਾਮ ਸਭਾ ਦੀ ਭੂਮਿਕਾ, ਵਿਕਾਸ ਕਾਰਜਾਂ ਦੀ ਯੋਜਨਾ ਬਣਾਉਣ ਦੀ ਪ੍ਰਕਿਰਿਆ, ਵਿੱਤੀ ਪ੍ਰਬੰਧਨ, ਸਰਕਾਰੀ ਫੰਡਾਂ ਦੀ ਸਹੀ ਵਰਤੋਂ ਤੇ ਰਿਕਾਰਡ ਸੰਭਾਲਣ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਸਫ਼ਾਈ, ਪੀਣ ਵਾਲੇ ਪਾਣੀ ਦੀ ਉਪਲਬਧਤਾ, ਗਲੀਆਂ-ਨਾਲੀਆਂ, ਸਟਰੀਟ ਲਾਈਟਾਂ, ਠੋਸ ਕੂੜਾ ਪ੍ਰਬੰਧਨ, ਸਿਹਤ ਤੇ ਸਿੱਖਿਆ ਨਾਲ ਜੁੜੇ ਮਸਲਿਆਂ ਬਾਰੇ ਵੀ ਵਢਮੁੱਲੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਪੰਚਾਇਤੀ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਨੂੰ ਪੂਰੀ ਪਾਰਦਰਸ਼ਤਾ ਨਾਲ ਲਾਗੂ ਕਰਨ ਤੇ ਉਨ੍ਹਾਂ ਦਾ ਲਾਭ ਹਰ ਯੋਗ ਵਿਅਕਤੀ ਤੱਕ ਪਹੁੰਚਾਉਣ ਨੂੰ ਯਕੀਨੀ ਬਣਾਇਆ ਜਾਵੇ। ਕੈਂਪ ਦੌਰਾਨ ਲੋਕ ਯੋਜਨਾ ਮੁਹਿਮ 2026-27 ਬਾਰੇ ਮੁੱਢਲੀ ਜਾਣਕਾਰੀ, ਗ੍ਰਾਮ ਪੰਚਾਇਤ ਯੋਜਨਾ ਫੈਸਿਲੀਟੇਸ਼ਨ ਟੀਮ ਦਾ ਗਠਨ, ਮੈਂਬਰ, ਕੰਮ ਤੇ ਜ਼ਿੰਮੇਵਾਰੀਆਂ, ਰਾਸ਼ਟਰੀ ਪੰਚਾਇਤ ਐਵਾਰਡ ਸਬੰਧੀ ਜਾਣਕਾਰੀ ਤੇ ਨਾਮਜ਼ਦਗੀਆਂ ਲਈ ਪੰਚਾਇਤਾਂ ਨੂੰ ਉਤਸ਼ਾਹਤ ਕਰਨ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਟਰੇਨਿੰਗ ਵਿਚ ਹਿੱਸਾ ਲੈਣ ਵਾਲੇ ਸਮੂਹ ਸਰਪੰਚਾਂ, ਪੰਚਾਂ ਨੇ ਇਸ ਟਰੇਨਿੰਗ ਪ੍ਰੋਗਰਾਮ ਨੂੰ ਬਹੁਤ ਹੀ ਲਾਹੇਵੰਦ ਦੱਸਿਆ ਤੇ ਭਵਿੱਖ ਵਿਚ ਵੀ ਇਸ ਤਰ੍ਹਾਂ ਦੇ ਟਰੇਨਿੰਗ ਪ੍ਰੋਗਰਾਮ ਜਾਰੀ ਰੱਖਣ ਦੀ ਪੁਰਜ਼ੋਰ ਅਪੀਲ ਕੀਤੀ। ਇਸ ਮੌਕੇ ਬਲਾਕ ਸੰਮਤੀ ਮੈਂਬਰ ਸਿਮਰ ਕੁਮਾਰ ਦਰਵੇਸ਼ ਪਿੰਡ, ਸਰਪੰਚ ਸੁਨੀਤਾ ਦੁੱਗ, ਜਸਵੀਰ ਕੌਰ ਗੁਜਰਾਤਾਂ, ਅਮਰਜੀਤ ਸਿੰਘ ਸਰਪੰਚ ਦਰਵੇਸ਼ ਪਿੰਡ, ਆਂਗਨਬਾੜੀ ਵਰਕਰ ਪਰਮਜੀਤ ਕੌਰ, ਅਲਕਾ ਰਾਣੀ, ਪਰਮਜੀਤ ਕੌਰ, ਰਵਿੰਦਰ ਕੌਰ, ਸੰਤੋਸ਼ ਕੁਮਾਰੀ, ਆਸ਼ਾ ਵਰਕਰ ਪਰਮਜੀਤ ਕੌਰ, ਰਣਜੀਤਾ ਢੱਡੇ, ਸੁਖਨੰਦਨ ਕੌਰ ਗੁਲਾਬਗੜ੍ਹ, ਪੰਚ ਹਰਵਿੰਦਰ ਕੌਰ, ਅਮਰਿੰਦਰ ਸਿੰਘ, ਕਸ਼ਮੀਰ ਸਿੰਘ, ਬੀਰਬਲ, ਸਰਬਜੀਤ ਕੌਰ, ਮਨਿੰਦਰ ਕੌਰ, ਗੁਰਮੀਤ ਕੌਰ, ਕੁਲਵੰਤ ਸਿੰਘ ਢੱਡੇ, ਸਕੂਲ ਇੰਚਾਰਜ ਰਵਿੰਦਰ ਸਿੰਘ ਖੇੜਾ ਆਦਿ ਹਾਜ਼ਰ ਸਨ।