ਨਹੀ ਰਹੇ ਅਕਾਲੀ ਦਲ (ਅ) ਦੇ ਸੀਨੀਅਰ ਆਗੂ ਜਥੇ. ਫੌਜੀ
ਨਹੀ ਰਹੇ ਸ਼੍ਰੋਮਣੀ ਅਕਾਲੀ ਦਲ (ਅ) ਦੇ ਸੀਨੀਅਰ ਆਗੂ ਜੱਥੇਦਾਰ ਰਜਿੰਦਰ ਸਿੰਘ ਫੌਜੀ
Publish Date: Sun, 22 Feb 2026 06:54 PM (IST)
Updated Date: Sun, 22 Feb 2026 06:57 PM (IST)

ਪੰਜਾਬੀ ਜਾਗਰਣ ਪ੍ਰਤੀਨਿਧ, ਫਗਵਾੜਾ : ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਪੀਏਸੀ ਕਮੇਟੀ ਦੇ ਮੈਂਬਰ ਤੇ ਕਿਸਾਨ ਵਿੰਗ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਜਥੇਦਾਰ ਰਜਿੰਦਰ ਸਿੰਘ ਫੌਜੀ ਅਕਾਲ ਪੁਰਖ ਦੀ ਬਖਸਿਸ਼ ਕੀਤੀ ਸੁਆਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਅਕਾਲ ਪੁਰਖ ਦੇ ਚਰਨਾਂ ’ਚ ਜਾ ਬਿਰਾਜੇ ਹਨ। ਪਾਰਟੀ ਦੇ ਜ਼ਿਲ੍ਹਾ ਕਪੂਰਥਲਾ ਦੇ ਪ੍ਰੈੱਸ ਸਕੱਤਰ ਗੁਰਦਿਆਲ ਸਿੰਘ ਮਾਨਾਂਵਾਲੀ ਤੇ ਵਿਧਾਨ ਸਭਾ ਹਲਕਾ ਫਗਵਾੜਾ ਦੇ ਹਲਕਾ ਇੰਚਾਰਜ ਕੁਲਦੀਪ ਸਿੰਘ ਨੂਰ ਨੇ ਇਕ ਪ੍ਰੈੱਸ ਬਿਆਨ ਜਾਰੀ ਕਰਦੇ ਹੋਏ ਦੱਸਿਆ ਕਿ ਜਥੇਦਾਰ ਰਜਿੰਦਰ ਸਿੰਘ ਫੌਜੀ ਜੋ ਪਿਛਲੇ ਕੁਝ ਸਮੇਂ ਤੋਂ ਸਰੀਰਕ ਪੱਖੋਂ ਢਿੱਲੇ ਚੱਲ ਰਹੇ ਸੀ, ਦਾ ਬੀਤੀ ਰਾਤ ਦੇਹਾਂਤ ਹੋ ਗਿਆ। ਜਥੇ. ਫੌਜੀ ਨੇ ਜਿਥੇ ਭਾਰਤੀ ਫੌਜ ਵਿਚ ਭਾਰਤੀ ਸਰਹੱਦਾਂ ਦੀ ਰਾਖੀ ਕਰਨ ਲਈ ਪੂਰੀ ਤਨਦੇਹੀ ਨਾਲ ਡਿਊਟੀ ਨਿਭਾਈ, ਉਥੇ ਲੰਬਾ ਸਮਾਂ ਸਿੱਖ ਕੌਮ ਦੇ ਸਿਧਾਤਾਂ ਦੀ ਰਾਖੀ ਕਰਨ ਦੇ ਨਾਲ-ਨਾਲ ਪਿਛਲੇ ਚਾਰ ਦਹਾਕਿਆਂ ਤੋਂ ਦੋਆਬਾ ਜ਼ੋਨ ਵਿਚ ਪਾਰਟੀ ਦਾ ਝੰਡਾ ਬੁਲੰਦ ਕੀਤਾ। ਜਥੇਦਾਰ ਫੌਜੀ ਦੇ ਅਕਾਲ ਚਲਾਣੇ ਤੋਂ ਬਾਅਦ ਪਾਰਟੀ ਦੇ ਕੌਮੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਕਾਰਜਕਾਰੀ ਪ੍ਰਧਾਨ ਇਮਾਨ ਸਿੰਘ ਮਾਨ, ਇਕਬਾਲ ਸਿੰਘ ਟਿਵਾਣਾ, ਹਰਜਿੰਦਰ ਸਿੰਘ ਜੱਖੂ, ਜਥੇ. ਸੁੱਚਾ ਸਿੰਘ ਬਿਸ਼ਨਪੁਰ, ਸੁਖਜੀਤ ਸਿੰਘ ਡਰੋਲੀ, ਰੇਸ਼ਮ ਸਿੰਘ ਪੱਪੀ, ਸੁਖਜੀਤ ਕੌਰ ਭਬਿਆਣਾ, ਬਲਵੀਰ ਸਿੰਘ ਬਸਰਾ ਨੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਥੇਦਾਰ ਰਜਿੰਦਰ ਸਿੰਘ ਫੌਜੀ ਦਾ ਅੰਤਿਮ ਸੰਸਕਾਰ 24 ਫਰਵਰੀ ਦਿਨ ਮੰਗਲਵਾਰ ਨੂੰ ਦੁਪਿਹਰ 12 ਵਜੇ ਪਿੰਡ ਨੌਰੰਗਸ਼ਾਹਪੁਰ (ਫਗਵਾੜਾ) ਵਿਖੇ ਕੀਤਾ ਜਾਵੇਗਾ।