ਤਰਕਸ਼ੀਲ ਸੋਸਾਇਟੀ ਨੇ ਵਹਿਮਾਂ-ਭਰਮਾਂ ਸਬੰਧੀ ਸੈਮੀਨਾਰ ਕਰਵਾਇਆ
ਸੰਤ ਹੀਰਾ ਦਾਸ ਕੰਨਿਆ ਮਹਾ ਵਿਦਿਆਲਿਆ ਵਿਖੇ ਵਹਿਮਾਂ ਭਰਮਾਂ ਸਬੰਧੀ ਹੋਇਆ ਸੈਮੀਨਾਰ
Publish Date: Mon, 23 Mar 2026 10:28 PM (IST)
Updated Date: Mon, 23 Mar 2026 10:31 PM (IST)

ਸੁਖਵਿੰਦਰ ਸਿੰਘ ਸਿੱਧੂ ਪੰਜਾਬੀ ਜਾਗਰਣ ਕਾਲਾ ਸੰਘਿਆ : ਸਥਾਨਕ ਕਸਬਾ ਕਾਲਾ ਸੰਘਿਆ ਦੀ ਪ੍ਰਸਿੱਧ ਸੰਸਥਾ ਸੰਤ ਹੀਰਾ ਦਾਸ ਕੰਨਿਆ ਮਹਾਂਵਿਦਿਆਲਿਆ ਦੇ ਐੱਨਐੱਸਐੱਸ ਵਿਭਾਗ ਤੇ ਰੈਡ ਰਿਬਨ ਕਲੱਬ ਦੇ ਸਾਂਝੇ ਉੱਦਮ ਸਦਕਾ ਵਹਿਮਾਂ-ਭਰਮਾਂ ਉੱਪਰ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਮਾਸਟਰ ਸੁਖਦੇਵ ਸਿੰਘ ਫਗਵਾੜਾ ਸੈਮੀਨਾਰ ’ਚ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ। ਇਸ ਸੈਮੀਨਾਰ ਦੀ ਪ੍ਰਧਾਨਗੀ ਸੰਤ ਹੀਰਾ ਦਾਸ ਸਿੱਖਿਆ ਸੰਸਥਾਵਾਂ ਦੇ ਪ੍ਰਧਾਨ ਇੰਜੀ. ਸ਼ੀਤਲ ਸਿੰਘ ਸੰਘਾ ਤੇ ਡਾਇਰੈਕਟਰ ਡਾ. ਰਾਮ ਮੂਰਤੀ ਨੇ ਕੀਤੀ। ਉਨ੍ਹਾਂ ਦੇ ਨਾਲ ਪ੍ਰਧਾਨਗੀ ਮੰਡਲ ਵਿਚ ਸ਼ਾਮਲ ਸਨ ਸੰਤ ਹੀਰਾ ਦਾਸ ਕੰਨਿਆ ਮਹਾਂਵਿਦਿਆਲਿਆ ਦੀ ਕਾਰਜਕਾਰੀ ਪ੍ਰਿੰਸੀਪਲ ਬਲਜਿੰਦਰ ਕੌਰ ਸਚਦੇਵਾ ਤੇ ਸੰਤ ਹੀਰਾ ਦਾਸ ਕਾਲਜੀਏਟ ਸਕੂਲ ਦੀ ਪ੍ਰਿੰਸੀਪਲ ਰਜਿੰਦਰ ਕੌਰ। ਸੰਸਥਾ ਦੇ ਪ੍ਰਧਾਨ ਇੰਜੀਨੀਅਰ ਸ਼ੀਤਲ ਸਿੰਘ ਸੰਘਾ ਨੇ ਇਸ ਸੈਮੀਨਾਰ ਵਿਚ ਪਹੁੰਚੇ ਬੁਲਾਰਿਆਂ ਤੇ ਸਟਾਫ ਮੈਂਬਰਾਂ ਨੂੰ ਰਸਮੀ ਜੀ ਆਇਆ ਆਖਿਆ। ਮਾਸਟਰ ਸੁਖਦੇਵ ਸਿੰਘ ਫਗਵਾੜਾ ਜੋ ਤਰਕਸ਼ੀਲ ਸੋਸਾਇਟੀ ਪੰਜਾਬ ਰਜਿਸਟਰਡ ਜ਼ੋਨ ਜਲੰਧਰ ਦੇ ਪ੍ਰਧਾਨ ਹਨ, ਨੇ ਆਪਣੇ ਭਾਸ਼ਣ ਵਿਚ ਵਿਦਿਆਰਥੀਆਂ ਨੂੰ ਵਹਿਮਾਂ-ਭਰਮਾਂ ਤੋਂ ਉੱਪਰ ਉੱਠ ਕੇ ਆਪਣੇ ਜੀਵਨ ਵਿਚ ਵਿਗਿਆਨਕ ਸੋਚ ਤੇ ਤਰਕਸ਼ੀਲਤਾ ਨੂੰ ਅਪਣਾਉਣ ਉੱਪਰ ਜ਼ੋਰ ਦਿੱਤਾ। ਉਨ੍ਹਾਂ ਆਖਿਆ ਪੰਜਾਬੀ ਸਮਾਜ ਵਿਚ ਪਾਏ ਜਾਂਦੇ ਵਹਿਮਾਂ-ਭਰਮਾਂ ਦਾ ਅੱਜ ਕੋਈ ਵਿਗਿਆਨਕ ਆਧਾਰ ਨਹੀਂ ਹੈ। ਇਸ ਕਰਕੇ ਅਜਿਹੇ ਵਹਿਮਾਂ-ਭਰਮਾਂ ਵਿਚ ਫਸ ਕੇ ਮਨੁੱਖ ਅਗਾਂਹਵਧੂ ਨਹੀਂ ਰਹਿੰਦਾ ਤੇ ਉਸਦਾ ਮਾਨਸਿਕ ਵਿਕਾਸ ਰੁਕ ਜਾਂਦਾ ਹੈ। ਉਨ੍ਹਾਂ ਹਵਾਲਾ ਦੇ ਕੇ ਦੱਸਿਆ ਕਿ ਬਿੱਲੀ ਦੇ ਰਸਤਾ ਕੱਟ ਜਾਣ ਦੇ ਨਾਲ ਜਾਂ ਬੱਚੇ ਦੇ ਤੜਾਗੀ ਪਾਉਣ ਦੇ ਨਾਲ ਉਸ ਨੂੰ ਬਿਮਾਰੀਆਂ ਤੋਂ ਨਹੀਂ ਬਚਾਇਆ ਜਾ ਸਕਦਾ। ਅੱਜ ਦੇ ਵਿਗਿਆਨਿਕ ਯੁੱਗ ਵਿਚ ਅਜਿਹੇ ਵਹਿਮਾਂ-ਭਰਮਾਂ ਨੂੰ ਕੋਈ ਥਾਂ ਨਹੀਂ ਹੈ। ਸੰਸਥਾ ਦੇ ਡਾਇਰੈਕਟਰ ਡਾ. ਰਾਮ ਮੂਰਤੀ ਨੇ ਵੀ ਅਜੋਕੇ ਯੁੱਗ ਵਿਚ ਵਹਿਮ-ਭਰਮਾਂ ਦੀ ਗੈਰ-ਵਿਗਿਆਨਿਕਤਾ ਉਪਰ ਜ਼ੋਰ ਦਿੰਦਿਆਂ ਇਨ੍ਹਾਂ ਨੂੰ ਤਿਆਗਣ ਦਾ ਸੰਦੇਸ਼ ਵਿਦਿਆਰਥੀਆਂ ਨੂੰ ਦਿੱਤਾ। ਅੰਤ ਵਿਚ ਸੰਸਥਾ ਦੀ ਪ੍ਰਿੰਸੀਪਲ ਬਲਜਿੰਦਰ ਕੌਰ ਸਚਦੇਵਾ ਨੇ ਮਾਸਟਰ ਸੁਖਦੇਵ ਸਿੰਘ ਫਗਵਾੜਾ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਸਾਡੀ ਸੰਸਥਾ ਇਸ ਤਰ੍ਹਾਂ ਦੇ ਵਿਗਿਆਨਕ ਸੋਚ ਵਾਲੇ ਸੈਮੀਨਾਰ ਅਗਾਂਹ ਤੋਂ ਵੀ ਕਰਵਾਉਂਦੀ ਰਹੇਗੀ ਤੇ ਵਿਦਿਆਰਥੀਆਂ ਨੂੰ ਇਨ੍ਹਾਂ ਦਾ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ।