ਯੂਨੀਵਰਸਿਟੀ ਕਾਲਜ ’ਚ ਪੋਸ਼ਣ ਤੇ ਮਾਨਸਿਕ ਸਿਹਤ ‘ਤੇ ਸੈਮੀਨਾਰ
ਯੂਨੀਵਰਸਿਟੀ ਕਾਲਜ ਜੰਡਿਆਲਾ ਵਿਖੇ ਪੋਸ਼ਣ ਅਤੇ ਮਾਨਸਿਕ ਸਿਹਤ ‘ਤੇ ਸੈਮੀਨਾਰ
Publish Date: Thu, 26 Mar 2026 07:50 PM (IST)
Updated Date: Thu, 26 Mar 2026 07:53 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਗੁਰੂ ਗੋਬਿੰਦ ਸਿੰਘ ਯੂਨੀਵਰਸਿਟੀ ਕਾਲਜ, ਜੰਡਿਆਲਾ ਵਿਖੇ ਮਾਣਯੋਗ ਵਾਈਸ ਚਾਂਸਲਰ ਪ੍ਰੋਫੈਸਰ (ਡਾ.) ਕਰਮਜੀਤ ਸਿੰਘ ਜੀ ਦੀ ਯੋਗ ਅਗਵਾਈ ਅਧੀਨ ਤੇ ਡੀਨ ਕਾਲਜ ਵਿਕਾਸ ਕੌਂਸਲ ਪ੍ਰੋਫੈਸਰ (ਡਾ.) ਸਰੋਜ ਅਰੋੜਾ ਜੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅੱਜ ਪੋਸ਼ਣ ਤੇ ਮਾਨਸਿਕ ਸਿਹਤ ਵਿਸ਼ੇ ’ਤੇ ਇਕ ਰੋਜ਼ਾ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਦਾ ਆਯੋਜਨ ਕਾਲਜ ਇੰਚਾਰਜ ਜਸ਼ਨਜੋਤ ਸਿੰਘ ਜੌਹਲ ਦੀ ਰਹਿਨੁਮਾਈ ਹੇਠ ਕੀਤਾ ਗਿਆ। ਸੈਮੀਨਾਰ ਵਿਚ ਮੁੱਖ ਰਿਸੋਰਸ ਪਰਸਨ ਵਜੋਂ ਸ਼੍ਰੀਮਤੀ ਨੂਪੁਰ ਚੋਪੜਾ, ਰਿਟਾਇਰਡ ਐਸੋਸੀਏਟ ਪ੍ਰੋਫੈਸਰ ਬੀਡੀਆਰ ਕਾਲਜ ਜਲੰਧਰ ਤੇ ਮਿਸ ਆਤਮਾ ਸਿੰਘ, ਮੁਖੀ ਹੋਮ ਸਾਇੰਸ, ਲਾਇਲਪੁਰ ਖ਼ਾਲਸਾ ਕਾਲਜ ਫਾਰ ਵੁਮੈਨ ਜਲੰਧਰ ਨੇ ਸ਼ਿਰਕਤ ਕੀਤੀ। ਦੋਵਾਂ ਮਾਹਰਾਂ ਵੱਲੋਂ ਵਿਦਿਆਰਥੀਆਂ ਨੂੰ ਸੰਤੁਲਿਤ ਖੁਰਾਕ ਤੇ ਮਾਨਸਿਕ ਤੰਦਰੁਸਤੀ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਸਹੀ ਖਾਣ-ਪੀਣ ਦੀਆਂ ਆਦਤਾਂ ਨਾ ਸਿਰਫ਼ ਸਰੀਰਕ ਸਿਹਤ ਨੂੰ ਤੰਦਰੁਸਤ ਰੱਖਦੀਆਂ ਹਨ, ਸਗੋਂ ਤਣਾਅ, ਚਿੰਤਾ ਤੇ ਹੋਰ ਮਾਨਸਿਕ ਸਮੱਸਿਆਵਾਂ ਨਾਲ ਨਜਿੱਠਣ ਵਿਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਮਿਸ ਆਤਮਾ ਸਿੰਘ ਜੀ ਨੇ ਵਿਦਿਆਰਥੀਆਂ ਨੂੰ ਨਿਊਰੋਟਰਾਂਸਮੀਟਰ, ਸੈਰੋਟੋਨਿਨ, ਕੋਰਟੀਸੋਲ ਤੇ ਗਾਬਾ ਆਦਿ ਦੇ ਸਾਡੀ ਮਾਨਸਿਕ ਸਿਹਤ ’ਤੇ ਪੈਂਦੇ ਪ੍ਰਭਾਵਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਨਾਲ ਹੀ ਉਨ੍ਹਾਂ ਨੇ ਚੰਗੀ ਮਾਨਸਿਕ ਸਿਹਤ ਨੂੰ ਬਣਾਈ ਰੱਖਣ ਲਈ ਪੌਸ਼ਟਿਕ ਆਹਾਰ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਆਧੁਨਿਕ ਸਮੇਂ ਵਿਚ ਸਾਡੇ ਖਾਣ-ਪੀਣ ਦੀਆਂ ਆਦਤਾਂ ਤੇ ਵਾਤਾਵਰਨ ਸਾਡੀ ਮਾਨਸਿਕ ਸਿਹਤ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੇ ਹਨ। ਅੱਜ ਦੇ ਸਮੇਂ ਸਰੀਰਕ ਤੰਦਰੁਸਤੀ ਦੇ ਨਾਲ ਨਾਲ ਮਾਨਸਿਕ ਤੰਦਰੁਸਤੀ ਵੀ ਬੇਹੱਦ ਜ਼ਰੂਰੀ ਹੈ। ਇਸ ਮੌਕੇ ਕਾਲਜ ਇੰਚਾਰਜ ਜਸ਼ਨਜੋਤ ਸਿੰਘ ਜੌਹਲ ਨੇ ਰਿਸੋਰਸ ਪਰਸਨਾਂ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਸੈਮੀਨਾਰ ਵਿਦਿਆਰਥੀਆਂ ਨੂੰ ਜੀਵਨ ਵਿਚ ਸਕਾਰਾਤਮਕ ਬਦਲਾਅ ਲਿਆਉਣ ਲਈ ਪ੍ਰੇਰਿਤ ਕਰਦੇ ਹਨ। ਸੈਮੀਨਾਰ ਦੌਰਾਨ ਕਾਲਜ ਸਟਾਫ ਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਹਾਜ਼ਰ ਸਨ। ਇਸ ਸੈਮੀਨਾਰ ਦਾ ਪ੍ਰਬੰਧ ਕੋ-ਕਨਵੀਨਰ ਸ਼੍ਰੀਮਤੀ ਦੀਪਿਕਾ ਧਵਨ ਦੁਆਰਾ ਕੀਤਾ ਗਿਆ। ਮੰਚ ਸੰਚਾਲਨ ਮਿਸ ਅੰਜਲੀ ਯਾਦਵ ਦੁਆਰਾ ਬਾਖ਼ੂਬੀ ਕੀਤਾ ਗਿਆ।