ਲਾਇਲਪੁਰ ਖ਼ਾਲਸਾ ਕਾਲਜ ’ਚ ਲਗਾਇਆ ਸੈਮੀਨਾਰ
ਲਾਇਲਪੁਰ ਖ਼ਾਲਸਾ ਕਾਲਜ ਵਿਖੇ ਕੈਰੀਅਰ ਕੌਂਸਲਿੰਗ ਸਬੰਧੀ ਸੈਮੀਨਾਰ ਦਾ ਆਯੋਜਨ
Publish Date: Fri, 13 Mar 2026 07:07 PM (IST)
Updated Date: Fri, 13 Mar 2026 07:09 PM (IST)

ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਲਾਇਲਪੁਰ ਖ਼ਾਲਸਾ ਕਾਲਜ, ਅਰਬਨ ਅਸਟੇਟ ਕਪੂਰਥਲਾ ਵਿਚ ਕਾਮਰਸ ਦੇ ਵਿਦਿਆਰਥੀਆਂ ਲਈ ਕੈਰੀਅਰ ਕੌਂਸਲਿੰਗ ਦਾ ਆਯੋਜਨ ਕੀਤਾ ਗਿਆ। ਇਹ ਸੈਮੀਨਾਰ ਬਿਜ਼ਨੈੱਸ ਸਟੱਡੀਜ਼ ਕਲੱਬ ਵੱਲੋਂ ਆਯੋਜਿਤ ਕੀਤਾ ਗਿਆ ਸੀ। ਇਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਗ੍ਰੈਜੂਏਸ਼ਨ ਤੋਂ ਬਾਅਦ ਉਪਲੱਬਧ ਵੱਖ-ਵੱਖ ਕੈਰੀਅਰ ਮੌਕਿਆਂ ਬਾਰੇ ਜਾਣਕਾਰੀ ਦੇਣਾ ਸੀ। ਪ੍ਰੋ. ਸੁਮੀਤ ਸਰਾਓ ਨੇ ਬੀਬੀਏ ਤੇ ਬੀਕਾਮ ਤੋਂ ਬਾਅਦ ਕੈਰੀਅਰ ਦੇ ਮੌਕੇ” ਵਿਸ਼ੇ ’ਤੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਕਈ ਵਿਦਿਆਰਥੀ ਗ੍ਰੈਜੂਏਸ਼ਨ ਤੋਂ ਬਾਅਦ ਆਪਣੇ ਕੈਰੀਅਰ ਨੂੰ ਲੈ ਕੇ ਉਲਝਨ ਵਿਚ ਰਹਿੰਦੇ ਹਨ ਕਿਉਂਕਿ ਉਨ੍ਹਾਂ ਨੂੰ ਵੱਖ-ਵੱਖ ਕੈਰੀਅਰ ਬਾਰੇ ਪੂਰੀ ਜਾਣਕਾਰੀ ਨਹੀਂ ਹੁੰਦੀ। ਇਸ ਲਈ ਸਹੀ ਕੈਰੀਅਰ ਯੋਜਨਾ ਬਹੁਤ ਜ਼ਰੂਰੀ ਹੈ ਤਾਂ ਜੋ ਵਿਦਿਆਰਥੀ ਆਪਣੇ ਰੁਝਾਨ, ਯੋਗਤਾਵਾਂ ਤੇ ਭਵਿੱਖੀ ਲਕਸ਼ਾਂ ਦੇ ਅਨੁਸਾਰ ਸਹੀ ਚੋਣ ਕਰ ਸਕਣ। ਪ੍ਰੋ. ਸੁਮੀਤ ਸਰਾਓ ਨੇ ਕਾਮਰਸ, ਵਿਦਿਆਰਥੀਆਂ ਲਈ ਉਪਲੱਬਧ ਵੱਖ-ਵੱਖ ਕੈਰੀਅਰ ਵਿਕਲਪਾਂ ਬਾਰੇ ਵੀ ਜਾਣਕਾਰੀ ਦਿੱਤੀ ਜਿਵੇਂ ਕਿ ਉੱਚ ਸਿੱਖਿਆ, ਪ੍ਰੋਫੈਸ਼ਨਲ ਕੋਰਸ, ਸਰਕਾਰੀ ਨੌਕਰੀਆਂ, ਅੰਤਰਰਾਸ਼ਟਰੀ ਸਰਟੀਫ਼ਿਕੇਟ, ਟੈਕਨਾਲੋਜੀ ਤੇ ਫਾਇਨੈਂਸ ਨਾਲ ਸਬੰਧਤ ਨਵੇਂ ਕੈਰੀਅਰ। ਉਨ੍ਹਾਂ ਨੇ ਸੀ.ਏ, ਸੀ.ਐੱਸ. ਅਤੇ ਸੀ.ਐਸ.ਏ ਆਦਿ ਵਰਗੇ ਪ੍ਰੋਫੈਸ਼ਨਲ ਕੋਰਸਾਂ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਇਹ ਕੋਰਸ ਕਾਰਪੋਰੇਟ ਫਾਇਨਾਂਸ, ਟੈਕਸੇਸ਼ਨ, ਆਡਿਟਿੰਗ ਤੇ ਮੈਨੇਜਮੈਂਟ ਦੇ ਖੇਤਰਾਂ ਵਿਚ ਸ਼ਾਨਦਾਰ ਕਰੀਅਰ ਮੌਕੇ ਪ੍ਰਦਾਨ ਕਰਦੇ ਹਨ। ਆਧੁਨਿਕ ਕੈਰੀਅਰ ਖੇਤਰਾਂ ਜਿਵੇਂ ਕਿ ਬਿਜ਼ਨੈੱਸ ਐਨਾਲਿਟਿਕਸ, ਡਿਜ਼ਿਟਲ ਮਾਰਕਟਿੰਗ, ਫਿਨਟੈਕ, ਸਪਲਾਈ ਚੇਨ ਮੈਨੇਜਮੈਂਟ, ਰਿਸਕ ਮੈਨੇਜਮੈਂਟ, ਪ੍ਰੋਡਕਟ ਮੈਨੇਜਮੈਂਟ ਅਤੇ ਵੈਲਥ ਮੈਨੇਜਮੈਂਟ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਵਿਦਿਆਰਥੀਆਂ ਨੂੰ ਬਦਲਦੇ ਸਮੇਂ ਦੇ ਨਾਲ ਨਵੀਆਂ ਹੁਨਰਾਂ ਤੇ ਟੈਕਨਾਲੋਜੀਕਲ ਗਿਆਨ ਵਿਕਸਿਤ ਕਰਨ ਲਈ ਪ੍ਰੇਰਿਤ ਕੀਤਾ। ਕਾਲਜ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਬਿਜ਼ਨੈੱਸ ਸਟੱਡੀਜ਼ ਕਲੱਬ ਵੱਲੋਂ ਕਰਵਾਏ ਗਏ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਵਿਸ਼ੇ ਸਵਯਮ ਪੋਰਟਲ ਬਾਰੇ ਵੀ ਜਾਣਕਾਰੀ ਦਿੱਤੀ, ਜਿਥੇ ਵਿਦਿਆਰਥੀ ਵੱਖ-ਵੱਖ ਆਨਲਾਈਨ ਸਰਟੀਫਿਕੇਸ਼ਨ ਕੋਰਸ ਕਰਕੇ ਆਪਣੇ ਹੁਨਰਾਂ ਨੂੰ ਵਿਕਸਿਤ ਕਰ ਸਕਦੇ ਹਨ। ਇਹ ਸੈਮੀਨਾਰ ਵਿਦਿਆਰਥੀਆਂ ਲਈ ਬਹੁਤ ਹੀ ਜਾਣਕਾਰੀਪੂਰਨ ਤੇ ਪ੍ਰੇਰਣਾਦਾਇਕ ਸਾਬਤ ਹੋਇਆ। ਅੰਤ ਵਿਚ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਗਿਆ ਕਿ ਉਹ ਆਪਣੇ ਰੁਝਾਨਾਂ ਨੂੰ ਸਮਝਦੇ ਹੋਏ, ਜ਼ਰੂਰੀ ਹੁਨਰ ਵਿਕਸਿਤ ਕਰਕੇ ਤੇ ਸਹੀ ਯੋਜਨਾ ਬਣਾਕੇ ਆਪਣੇ ਭਵਿੱਖ ਲਈ ਸਫ਼ਲ ਕੈਰੀਅਰ ਦੀ ਚੋਣ ਕਰਨ।