ਸੁਭਾਸ਼ ਚੰਦਰ ਬੋਸ ਨੂੰ ਸਮਰਪਿਤ ਸੈਮੀਨਾਰ ਕਰਵਾਇਆ
ਐੱਮ.ਐੱਲ.ਯੂ.ਡੀ.ਏ.ਵੀ. ਕਾਲਜ ਫਗਵਾੜਾ ਵਿੱਚ ਨੇਤਾ ਜੀ ਸੁਭਾਸ਼ ਚੰਦਰ ਬੋਸ ਨੂੰ ਸਮਰਪਿਤ ਸੈਮੀਨਾਰ ਕਰਵਾਇਆ
Publish Date: Fri, 23 Jan 2026 07:00 PM (IST)
Updated Date: Fri, 23 Jan 2026 07:00 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਮੋਹਨ ਲਾਲ ਉੱਪਲ ਡੀਏਵੀ ਕਾਲਜ, ਫਗਵਾੜਾ ਵਿਖੇ ਮਹਾਨ ਆਜ਼ਾਦੀ ਸੰਗਰਾਮੀ ਤੇ ਅਮਰ ਸ਼ਹੀਦ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਯਾਦ ਨੂੰ ਸਮਰਪਿਤ ਇਕ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਹ ਸੈਮੀਨਾਰ ਕਾਲਜ ਪ੍ਰਿੰਸੀਪਲ ਡਾ. ਕਿਰਨਜੀਤ ਰੰਧਾਵਾ ਦੀ ਸਰਪ੍ਰਸਤੀ ਹੇਠ ਸਫ਼ਲਤਾਪੂਰਵਕ ਸੰਪੰਨ ਹੋਇਆ। ਇਸ ਵਿਚ ਵਿਦਿਆਰਥੀਆਂ ਨੂੰ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਜੀਵਨ, ਸੰਘਰਸ਼ ਅਤੇ ਦੇਸ਼ ਦੀ ਆਜ਼ਾਦੀ ਲਈ ਕੀਤੇ ਅਮੁੱਲ ਯੋਗਦਾਨ ਬਾਰੇ ਜਾਣੂ ਕਰਵਾਇਆ ਗਿਆ। ਇਸ ਮੌਕੇ ਡਾ. ਰੰਧਾਵਾ ਨੇ ਕਿਹਾ ਕਿ ਨੇਤਾ ਜੀ ਦਾ ਜੀਵਨ ਨਿਡਰਤਾ, ਅਨੁਸ਼ਾਸਨ ਤੇ ਰਾਸ਼ਟਰ ਭਗਤੀ ਦੀ ਜੀਵੰਤ ਮਿਸਾਲ ਹੈ ਅਤੇ ਨੌਜਵਾਨਾਂ ਨੂੰ ਉਨ੍ਹਾਂ ਦੇ ਆਦਰਸ਼ਾਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ। ਸੈਮੀਨਾਰ ਦੌਰਾਨ ਵਿਦਿਆਰਥੀਆਂ ਵੱਲੋਂ ਨੇਤਾ ਜੀ ਦੇ ਜੀਵਨ ਅਤੇ ਵਿਚਾਰਾਂ ’ਤੇ ਆਧਾਰਿਤ ਭਾਸ਼ਣ ਤੇ ਕਵਿਤਾਵਾਂ ਪੇਸ਼ ਕੀਤੀਆਂ ਗਈਆਂ, ਜਿਨ੍ਹਾਂ ਰਾਹੀਂ ਉਨ੍ਹਾਂ ਨੇ ਦੇਸ਼ ਪ੍ਰਤੀ ਆਪਣੀ ਸੱਚੀ ਸ਼ਰਧਾ ਪ੍ਰਗਟ ਕੀਤੀ। ਇਸ ਮੌਕੇ ਵਿਦਿਆਰਥੀਆਂ ਵਿਚ ਕਾਫ਼ੀ ਉਤਸ਼ਾਹ ਤੇ ਜਜ਼ਬਾ ਵੇਖਣ ਨੂੰ ਮਿਲਿਆ। ਸੈਮੀਨਾਰ ਨੇ ਨੌਜਵਾਨਾਂ ਨੂੰ ਦੇਸ਼ ਸੇਵਾ ਦੇ ਰਸਤੇ ’ਤੇ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ। ਪ੍ਰੋਗਰਾਮ ਦੌਰਾਨ ਨੇਤਾ ਜੀ ਦੇ ਵਿਚਾਰਾਂ ਨੂੰ ਅੱਜ ਦੇ ਸਮੇਂ ਨਾਲ ਜੋੜ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ।